31.7 C
Jalandhar
Thursday, April 18, 2024
spot_img

ਲੋਕਤੰਤਰ ਦੀ ਕਾਤਲ, ਕਾਰਪੋਰੇਟ ਤੇ ਸਾਮਰਾਜੀ ਦਲਾਲ ਫਾਸ਼ੀਵਾਦੀ ਸੰਘ ਤੇ ਮੋਦੀ ਸਰਕਾਰ ਵਿਰੁੱਧ ਲੜਾਈ ਤੇਜ਼ ਕਰੋ : ਸੀ ਪੀ ਆਈ

ਚੰਡੀਗੜ੍ਹ : ਦੇਸ਼ ਅੰਦਰ ਆਰ ਐੱਸ ਐੱਸ ਦੀ ਕਾਰਪੋਰੇਟ ਤੇ ਸਾਮਰਾਜੀ ਦਲਾਲ ਫਿਰਕੂ ਮੋਦੀ ਸਰਕਾਰ ਜਮਹੂਰੀਅਤ ਦਾ ਬੁਰੀ ਤਰ੍ਹਾਂ  ਵਢਾਂਗਾ ਕਰ ਰਹੀ ਹੈ | ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਤੇ ਸੰਸਦੀ ਪ੍ਰਣਾਲੀ ਨੂੰ ਨਸ਼ਟ ਕੀਤਾ ਜਾ ਰਿਹਾ ਹੈ | ਮਜ਼ਦੂਰਾਂ, ਕਿਸਾਨਾਂ, ਬੁੱਧੀਜੀਵੀਆਂ ਤੇ ਵਿਦਿਆਰਥੀਆਂ ਨੂੰ ‘ਦੇਸ਼ਧ੍ਰੋਹ’ ਦੇ ਨਾਂਅ ਹੇਠਾਂ ਜੇਲ੍ਹੀਂ ਡੱਕਿਆ ਜਾ ਰਿਹਾ ਹੈ ਤੇ ਫਾਸ਼ੀ ਗੁੰਡਿਆਂ ਵੱਲੋਂ ਕਤਲ ਕੀਤੇ ਜਾ ਰਹੇ ਹਨ | ਦੇਸ਼ ਦੇ ਇਤਿਹਾਸ ਨੂੰ ਬੁਰੀ ਤਰ੍ਹਾਂ ਤੋੜਿਆ-ਮਰੋੜਿਆ ਜਾ ਰਿਹਾ ਹੈ ਤੇ ਫਿਰਕੂ ਰੰਗ ਦਿੱਤਾ ਜਾ ਰਿਹਾ ਹੈ | ਸੰਘੀ ਵਿਚਾਰਧਾਰਾ ਅਨੁਸਾਰ ਦੇਸ਼ ਦੇ ਸਵਰਕਰ ਵਰਗੇ ਅੰਗਰੇਜ਼ ਏਜੰਟ ਗਦਾਰਾਂ ਨੂੰ ਦੇਸ਼ ਭਗਤ ਐਲਾਨਿਆ ਜਾ ਰਿਹਾ ਹੈ ਅਤੇ ਦੇਸ਼ ਭਗਤਾਂ ਨੂੰ ਮੁਸਲਿਮ-ਪੱਖੀ ਕਹਿ ਕੇ ਭੰਡਿਆ ਜਾ ਰਿਹਾ ਹੈ | ਵਿਦਿਆ ਨੂੰ ਵੀ ਫਿਰਕੂ ਰੰਗ ਦੇ ਕੇ ਦਕਿਆਨੂਸ ਮਜ਼ਮੂਨਾਂ ਨੂੰ ਸਿਲੇਬਸ ਵਿਚ ਲਿਆਂਦਾ ਜਾ ਰਿਹਾ ਹੈ |
ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ ਕਿ 26 ਜੂਨ 1975 ਦੇ ਦਿਨ ਇੰਦਰਾ ਗਾਂਧੀ ਨੇ ਐਮਰਜੈਂਸੀ ਲਗਾਈ ਸੀ | ਇਸ ਪ੍ਰਸੰਗ ਵਿਚ ਸੀ ਪੀ ਆਈ ਦਾ ਪੱਖ ਪੇਸ਼ ਕਰਨਾ ਜ਼ਰੂਰੀ ਹੈ ਕਿ ਉਸ ਸਮੇਂ ਦੇਸ਼ ਭਰ ਵਿਚ ਅਰਾਜਕਤਾ ਵਾਲਾ ਮਹੌਲ ਬਣਿਆ ਹੋਇਆ ਸੀ, ਪਰ ਲਾਈ ਗਈ ਐਮਰਜੈਂਸੀ ਨਾਲ ਜਮਹੂਰੀ ਹੱਕਾਂ ‘ਤੇ ਸਮੁੱਚੇ ਤੌਰ ‘ਤੇ ਹਮਲਾ ਕੀਤਾ ਗਿਆ |
ਮਿਹਨਤਕਸ਼ ਲੋਕਾਂ ਅਤੇ ਜਮਹੂਰੀ ਸ਼ਕਤੀਆਂ ਵਿਰੁੱਧ ਵੀ ਇਸ ਨੂੰ ਪੂਰੀ ਤਰ੍ਹਾਂ ਵਰਤਿਆ ਗਿਆ, ਪਰ ਜਮਹੂਰੀ ਅਤੇ ਲੋਕ-ਪੱਖੀ ਸ਼ਕਤੀਆਂ ਦੇ ਦਬਾਅ ਹੇਠਾਂ ਇੰਦਰਾ ਕਾਂਗਰਸੀ ਰਾਜ ਨੇ ਇਸ ਨੂੰ ਹਟਾ ਦਿੱਤਾ ਸੀ, ਪਰ ਮੋਦੀ ਸਰਕਾਰ ਨੇ ਸੱਤਾ ਵਿਚ ਆਉਂਦਿਆਂ ਹੀ 2014 ਤੋਂ ਅਣਐਲਾਨੀ ਐਮਰਜੈਂਸੀ ਹੀ ਨਹੀਂ ਸਗੋਂ ਆਏ ਦਿਨ ਫਾਸ਼ੀ ਹਿਟਲਰਸ਼ਾਹੀ ਕਦਮ ਚੁੱਕਣੇ ਆਰੰਭ ਕਰ ਦਿੱਤੇ ਸਨ | ਦੇਸ਼ ਦੀ ਪ੍ਰਾਪਰਟੀ ਭਾਵ ਪਬਲਿਕ ਸੈਕਟਰ ਹੇਠਲੇ ਅਦਾਰੇ ਰੇਲ, ਰੋਡ ਟਰਾਂਸਪੋਰਟ, ਹਵਾਈ ਸੈਕਟਰ, ਤੇਲ, ਗੈਸ, ਕੋਲਾ, ਬਿਜਲੀ, ਬੈਂਕ, ਬੀਮਾ, ਟੈਲੀਫੋਨ, ਡਾਕ, ਡਿਫੈਂਸ ਆਦਿ ਸਭ ਕੁਝ ਹੀ ਤੇਜ਼ ਰਫਤਾਰ ਨਾਲ ਦੇਸੀ ਅਤੇ ਵਿਦੇਸ਼ੀ ਧਨਾਢਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ | ਸਰਕਾਰੀ, ਸਨਅਤੀ ਅਤੇ ਖੇਤੀ ਸੈਕਟਰ ਦੇ ਮੁਲਾਜ਼ਮਾਂ, ਮਜ਼ਦੂਰਾਂ ਅਤੇ ਕਿਸਾਨਾਂ ਨੂੰ ਕਾਲੇ ਕਾਨੂੰਨਾਂ ਰਾਹੀਂ ਬੁਰੀ ਤਰ੍ਹਾਂ ਲੱੁਟਿਆ ਜਾ ਰਿਹਾ ਹੈ |ਮਹਿੰਗਾਈ ਦਰ ਅਤੇ ਬੇਰੁਜ਼ਗਾਰੀ ਰਿਕਾਰਡ-ਤੋੜ ਸਿਖਰਾਂ ‘ਤੇ ਪੁੱਜ ਚੁੱਕੀ ਹੈ | ਪੇਂਡੂ  ਅਤੇ ਸ਼ਹਿਰੀ ਖੇਤਰ ਵਿਚ ਬੇਰੁਜ਼ਗਾਰੀ 10.5 ਫੀਸਦੀ ਅਤੇ 14.7 ਫੀਸਦੀ ਤੱਕ ਪੁਜ ਚੁੱਕੀ ਹੈ | ਕਾਲਾ ਧਨ ਲਗਾਤਾਰ ਵਾਧੇ ਵੱਲ ਜਾ ਰਿਹਾ ਹੈ ਤੇ ਵਿਦੇਸ਼ਾਂ ਵਿਚ ਹੀ ਇਹ ਕਈ ਗੁਣਾ ਵਧ ਗਿਆ ਹੈ |
ਕੁਲ-ਮਿਲਾ ਕੇ ਇਸ ਫਾਸ਼ੀਵਾਦੀ ਸੰਘੀ ਸਰਕਾਰ ਨੇ ਦੇਸ਼ ਨੂੰ ਪੂਰੀ ਤਰ੍ਹਾਂ ਬਰਬਾਦੀ ਦੇ ਕੰਢੇ ‘ਤੇ ਖੜ੍ਹਾ ਕਰ ਦਿਤਾ ਹੈ | ਲਵਜਿਹਾਦ, ਹਿਜ਼ਾਬ ‘ਤੇ ਰੋਕ, ਘਰ ਵਾਪਸੀ, ਗਊ ਰਕਸ਼ਾ, ‘ਦੇਸ਼ ਕੇ ਗਦਾਰੋਂ ਕੋ, ਗੋਲੀ ਮਾਰੋ ਸਾਲੋਂ ਕੋ’ ਆਦਿ ਤੇ ਹੁਣ ਸੰਘੀ ਨੀਤੀ ਅਨੁਸਾਰ ‘ਬੁਲਡੋਜ਼ਰ ਮੁਹਿੰਮ’ ਰਾਹੀਂ ਘੱਟ-ਗਿਣਤੀਆਂ ਦੇ ਘਰਾਂ ਨੂੰ ਬੁਲਡੋਜ਼ਰਾਂ ਨਾਲ ਢਹਿ-ਢੇਰੀ ਕਰਨਾ ਤੇ ਮੁਸਲਿਮ ਧਰਮ ਗੁਰੂਆਂ ਵਿਰੁੱਧ ਭੱਦੀ ਸ਼ਬਦਾਵਲੀ ਅਤੇ ਗਾਲ੍ਹਾਂ ਕੱਢਣ ਨਾਲ ਦੇਸ਼ ਨੂੰ ਅੱਗ ਲਾਈ ਜਾ ਰਹੀ ਹੈ | ਇਹਨਾਂ ਕਾਰਨਾਂ ਕਰਕੇ ਸਾਰੀ ਦੁਨੀਆ ਵਿਚ ਇਸ ਸਰਕਾਰ ਦੀ ਥੂਹ-ਥੂਹ ਹੋ ਰਹੀ ਹੈ | ਇਸ ਕਰਕੇ ਇਸ ਪਖੰਡੀ, ਗੌਡਸੇ, ਸਾਵਰਕਰ ਤੇ ਹਿਟਲਰ ਦੇ ਚੇਲਿਆਂ ਨੂੰ ਰਾਜਸੱਤਾ ਵਿਚੋਂ ਬਾਹਰ ਕੱਢਣ ਲਈ ਇਕ ਵਿਸ਼ਾਲ ਮੋਰਚੇ ਅਤੇ ਸਾਂਝੇ ਸੰਘਰਸ਼ਾਂ ਦੀ ਜ਼ਰੂਰਤ ਹੈ | ਸੀ ਪੀ ਆਈ ਦੇਸ਼ ਅਤੇ ਪੰਜਾਬ ਵਿਚ ਹੋਰ ਖੱਬੀਆਂ ਅਤੇ ਜਮਹੂਰੀ ਸ਼ਕਤੀਆਂ ਨਾਲ ਮਿਲ ਕੇ ਆਉਣ ਵਾਲੇ ਦਿਨਾਂ ਵਿਚ ਇਸ ਲੜਾਈ ਨੂੰ ਹੋਰ ਵੀ ਤਿੱਖਾ ਰੂਪ ਦੇਣ ਦੀ ਕੋਸ਼ਿਸ਼ ਕਰੇਗੀ |

Related Articles

LEAVE A REPLY

Please enter your comment!
Please enter your name here

Latest Articles