ਅਹਿਮਦਾਬਾਦ : ਸੂਰਤ ਦੀ ਸੈਸ਼ਨ ਕੋਰਟ ਨੇ ਰਾਹੁਲ ਗਾਂਧੀ ਦੀ ‘ਮੋਦੀ ਗੋਤ’ ’ਤੇ ਟਿੱਪਣੀ ਲਈ ਦੋਸ਼ੀ ਠਹਿਰਾਏ ਜਾਣ ’ਤੇ ਰੋਕ ਲਗਾਉਣ ਦੀ ਮੰਗ ਵਾਲੀ ਪਟੀਸ਼ਨ ਨੂੰ ਵੀਰਵਾਰ ਖਾਰਜ ਕਰ ਦਿੱਤਾ। ਐਡੀਸ਼ਨਲ ਸੈਸ਼ਨ ਜੱਜ ਆਰ ਪੀ ਮੋਗੇਰਾ ਨੇ ਅੱਜ ਰਾਹੁਲ ਨੂੰ ਅਪਰਾਧਿਕ ਮਾਣਹਾਨੀ ਦੇ ਕੇਸ ’ਚ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਏ ਜਾਣ ਦੇ ਹੇਠਲੀ ਅਦਾਲਤ ਦੇ ੈਸਲੇ ਨੂੰ ਕਾਇਮ ਰੱਖਿਆ। ਹਾਲਾਂਕਿ ਸੈਸ਼ਨ ਕੋਰਟ ਹੇਠਲੀ ਅਦਾਲਤ ਦੇ ਹੁਕਮਾਂ ਵਿਰੁੱਧ ਗਾਂਧੀ ਦੀ ਮੁੱਖ ਪਟੀਸ਼ਨ ’ਤੇ ਸੁਣਵਾਈ ਜਾਰੀ ਰੱਖੇਗੀ। ਭਾਜਪਾ ਨੇ ਕਿਹਾ ਹੈ ਕਿ ਫੌਜਦਾਰੀ ਮਾਣਹਾਨੀ ਦੇ ਮਾਮਲੇ ’ਚ ਰਾਹੁਲ ਗਾਂਧੀ ਦੀ ਪਟੀਸ਼ਨ ’ਤੇ ਸੂਰਤ ਕੋਰਟ ਦਾ ਫੈਸਲਾ ਸਾਬਤ ਕਰਦਾ ਹੈ ਕਿ ਕਾਨੂੰਨ ਸਾਰਿਆਂ ਲਈ ਬਰਾਬਰ ਹੈ। ਭਾਜਪਾ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਪਟੀਸ਼ਨ ’ਤੇ ਸੂਰਤ ਦੀ ਕੋਰਟ ਦਾ ਫੈਸਲਾ ਗਾਂਧੀ ਪਰਵਾਰ ਦੇ ਹੰਕਾਰ ਉੱਤੇ ਥੱਪੜ ਹੈ। ਇਹ ਫੈਸਲਾ ਆਮ ਜਨਤਾ ਤੇ ਨਿਆਂ ਪਾਲਿਕਾ ਦੀ ਜਿੱਤ ਹੈ।


