300 ਮੀਟਰ ਬਰਫ਼ ਦੀ ਦਰਾਰ ’ਚ ਡਿੱਗਿਆ ਮਾਲੂ ਤਿੰਨ ਦਿਨ ਬਾਅਦ ਜਿਊਂਦਾ ਕੱਢਿਆ

0
257

ਜਲੰਧਰ : ਨੇਪਾਲ ’ਚ ਸਥਿਤ ਦੁਨੀਆ ਦੀ 10ਵੀਂ ਸਭ ਤੋਂ ਉਚੀ ਚੋਟੀ ਅੰਨਾਪੂਰਨਾ ’ਤੇ ਚੜ੍ਹਾਈ ਦੌਰਾਨ ਲਾਪਤਾ ਹੋਏ 34 ਸਾਲਾ ਭਾਰਤੀ ਪਰਬਤਰੋਹੀ ਅਨੁਰਾਗ ਮਾਲੂ ਨੂੰ ਰੈਸਕਿਊ ਅਪ੍ਰੇਸ਼ਨ ਮਿਲ ਗਿਆ। ਮਾਲੂ ਦੇ ਭਰਾ ਨੇ ਦੱਸਿਆ ਕਿ ਬਚਾਅ ਦਲ ਨੇ ਉਸ ਨੂੰ ਲੱਭ ਲਿਆ ਹੈ। ਮਾਲੂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਅਨੁਰਾਗ ਦੇ ਪਿਤਾ ਓਮ ਪ੍ਰਕਾਸ਼ ਨੇ ਦੱਸਿਆ ਕਿ ਮਾਲੂ ਨੂੰ ਨੇਪਾਲ ’ਚ ਪੋਖਰਾ ਦੇ ਮਨੀਪਾਲ ਹਸਪਤਾਲ ’ਚ ਭਰਤੀ ਕੀਤਾ ਗਿਆ ਹੈ। ਅਨੁਰਾਗ ਹਾਲੇ ਗੱਲ ਕਰਨ ਦੀ ਸਥਿਤੀ ’ਚ ਨਹੀਂ। ਲੋਕੇਸ਼ਨ ਟਰੇਸ ਹੋਣ ਤੋਂ ਬਾਅਦ ਇੰਡੀਅਨ ਆਰਮੀ ਅਤੇ ਨੇਪਾਲ ਦੀ ਫੌਜ ਨੇ ਮਿਲ ਕੇ ਤਲਾਸ਼ੀ ਅਭਿਆਨ ਚਲਾਇਆ ਸੀ। ਵੀਰਵਾਰ ਸਵੇਰੇ ਕਰੀਬ 10 ਵਜੇ ਸਫ਼ਲਤਾ ਮਿਲੀ। ਰੈਸਕਿਊ ਦੀ ਖ਼ਬਰ ਤੋਂ ਬਾਅਦ ਕਿਸ਼ਨਗੜ੍ਹ ’ਚ ਮਾਲੂ ਦੇ ਘਰ ਪਰਵਾਰ ਨੇ ਰਾਹਤ ਦਾ ਸਾਹ ਲਿਆ।
ਅਨੁਰਾਗ ਕੋਲ ਖਾਣ-ਪੀਣ ਦਾ ਸਾਮਾਨ ਬਹੁਤ ਘੱਟ ਸੀ। ਬਰਫ਼ੀਲੇ ਪਹਾੜ ਦੇ ਵਿਚਾਲੇ ਆਕਸੀਜਨ ਦੀ ਕਮੀ ਸੀ, ਉਪਰੋਂ ਹੱਡੀਆਂ ਗਲਾਉਣ ਵਾਲੀਆਂ ਬਰਫ਼ੀਲੀਆਂ ਹਵਾਵਾਂ। ਏਨਾ ਸਭ ਦੇ ਬਾਵਜੂਦ ਉਸ ਨੇ ਹੌਸਲਾ ਨਹੀਂ ਛੱਡਿਆ ਅਤੇ ਮੌਤ ਨੂੰ ਮਾਤ ਦੇ ਦਿੱਤੀ।
ਮਾਲੂ ਨੇਪਾਲ ’ਚ ਅੰਨਾਪੂਰਨਾ ਦੀ ਡੂੰਘੀ ਦਰਾਰ ’ਚ ਡਿੱਗਣ ਕਾਰਨ 17 ਅਪ੍ਰੈਲ ਤੋਂ ਲਾਪਤਾ ਹੋ ਗਿਆ ਸੀ, ਜੋ ਕਿ ਦੁਨੀਆ ਦੀ 10ਵੀਂ ਸਭ ਤੋਂ ਉਚੀ ਚੋਟੀ ਹੈ। ਮਾਊਂਟ ਅੰਨਾਪੂਰਨਾ ਦੀ ਉਚਾਈ 8,091 ਮੀਟਰ ਹੈ। ਇਸ ਅਭਿਆਨ ’ਚ ਮਹਾਨ ਪੋਲਿਸ਼ ਪਰਬਤਰੋਹੀ ਐਡਮ ਬੇਲੇਕੀ ਅਤੇ ਉਸ ਦੇ ਸਾਥੀ ਮਾਰਿਅਸ ਹਟਾਲਾ ਵੀ ਅਨੁਰਾਗ ਦਾ ਪਤਾ ਲਗਾਉਣ ਲਈ ਜ਼ਮੀਨੀ ਖੋਜ ਅਤੇ ਬਚਾਅ ਦਲ ਦਾ ਹਿੱਸਾ ਬਣੇ।
ਸੇਵਨ ਸਮਿੱਟ ਟੈ੍ਰਕਰਸ ਦੇ ਸਿੰਗਮਾ ਸ਼ੇਰਪਾ ਨੇ ਦੱਸਿਆ, ‘ਮਾਲੂ ਮਨੀਪਾਲ ਹਸਪਤਾਲ ’ਚ ਇਸ ਸਮੇਂ ਡਾਕਟਰਾਂ ਦੀ ਨਿਗਰਾਨੀ ’ਚ ਹੇੈ।’ ਮਾਲੂ ਦੇ ਭਰਾ ਸੁਧੀਰ ਨੇ ਕਿਹਾ, ‘ਉਸ ਨੂੰ ਗੰਭੀਰ ਹਾਲਤ ’ਚ ਹਸਪਤਾਲ ਲਿਆਂਦਾ ਗਿਆ ਹੈ, ਪਰ ਉਹ ਹਾਲੇ ਜ਼ਿੰਦਾ ਹੈ। ਮਾਲੂ ਦੇ ਲਾਪਤਾ ਹੋਣ ਦੇ ਬਾਅਦ ਟੀਮ ਨੇ ਤਲਾਸ਼ੀ ਅਭਿਆਨ ਚਲਾਇਆ, ਪਰ ਕੋਈ ਸਫ਼ਲਤਾ ਨਹੀਂ ਮਿਲੀ ਸੀ। ਇਸ ਤੋਂ ਬਾਅਦ ਪਰਵਾਰ ਵਾਲਿਆਂ ਨੂੰ ਸੂਚਨਾ ਦਿੱਤੀ ਗਈ। ਭਰਾ ਅਸ਼ੀਸ਼ ਮਾਲੂ ਸਮੇਤ ਹੋਰ ਪਰਵਾਰਕ ਮੈਂਬਰ ਨੇਪਾਲ ਪਹੁੰਚੇ। ਇਸ ਤੋਂ ਬਾਅਦ ਲਗਾਤਾਰ ਤਲਾਸ਼ੀ ਅਭਿਆਨ ਚਲਾਇਆ ਗਿਆ। ਵੀਰਵਾਰ ਸਵੇਰੇ ਮਾਲੂ ਮਿਲ ਗਿਆ।
ਰਾਜਸਥਾਨ ਦੇ ਅਜਮੇਰ ਜ਼ਿਲ੍ਹੇ ਦੇ ਕਿਸ਼ਨਗੜ੍ਹ ਨਿਵਾਸੀ ਮਾਲੂ ਦਾ ਪਤਾ ਲਗਾਉਣ ਲਈ ਸੋਮਵਾਰ ਤੋਂ ਤਲਾਸ਼ੀ ਅਭਿਆਨ ਚਲਾਇਆ ਗਿਆ ਸੀ। ਸੇਵਨ ਸਮਿੱਟ ਟ੍ਰੈਕਰਸ ਦੇ ਚੇਅਰਮੈਨ ਸਿੰਗਮਾ ਸ਼ੇਰਪਾ ਨੇ ਸੋਮਵਾਰ ਦੱਸਿਆ, ‘ਤਲਾਸ਼ੀ ਅਭਿਆਨ ਹਾਲੇ ਜਾਰੀ ਹੈ। ਉਹ ਜਦ ਕੈਂਪ 4 ਤੋਂ ਵਾਪਸ ਆ ਰਿਹਾ ਸੀ, ਉਦੋਂ ਅਚਾਨਕ ਇੱਕ ਦਰਾਰ ’ਚ ਡਿੱਗ ਗਿਆ ਸੀ।
ਬਚਾਅ ਅਭਿਆਨ ’ਚ ਲੱਗੇ ਲੋਕਾਂ ਨੇ ਦੱਸਿਆ ਕਿ ਮਾਲੂ ਕੈਂਪ-3 ਤੋਂ ਹੇਠਾਂ ਉਤਰ ਰਿਹਾ ਸੀ, ਜਦ ਉਹ ਇੱਕ ਦਰਾਰ ’ਚ ਡਿੱਗ ਗਿਆ, ਜੋ ਕਿ 300 ਮੀਟਰ ਡੂੰਘੀ ਹੈ, ਉਹ ਉਦੋਂ ਤੋਂ ਲਾਪਤਾ ਸੀ।
ਪਰਬਤਰੋਹੀ ਅਨੁਰਾਗ ਮਾਲੂ ਪਿਛਲੇ ਸਾਲ ਨੇਪਾਲ ਦੇ ਪੂਰਬੀ ਹਿਮਾਲਿਆ ਰੇਂਜ ਦੇ ਅੰਮਾ ਡਬਲਮ ਪਹਾੜ ’ਤੇ ਚੜ੍ਹ ਚੁੱਕਾ ਹੈ ਅਤੇ ਇਸ ਮੌਸਮ ’ਚ ਮਾਊਂਟ ਐਵਰੈਸਟ, ਅੰਨਾਪੂਰਨਾ ਅਤੇ ਲਹੋਤਸੇ ਦੀ ਚੋਟੀ ’ਤੇ ਜਾਣ ਦੀ ਯੋਜਨਾ ਬਣਾ ਰਿਹਾ ਸੀ। ਉਹ 8000 ਮੀਟਰ ਤੋਂ ਉੱਚੀਆਂ ਸਾਰੀਆਂ 14 ਚੋਟੀਆਂ ’ਤੇ ਚੜ੍ਹਨ ਦੇ ਮਿਸ਼ਨ ’ਤੇ ਵੀ ਸੀ। ਅਨਰਾਗ ਨੇ ਬੀ ਟੈਕ ਕੀਤੀ ਹੈ ਅਤੇ ਉਹ ਨੌਜਵਾਨਾਂ ਦੀ ਕਾਊਂਸ�ਿਗ ਵੀ ਕਰਦਾ ਹੈ।
ਇਸ ਤੋਂ ਪਹਿਲਾਂ ਮੰਗਲਵਾਰ ਦੋ ਹੋਰ ਭਾਰਤੀ ਪਰਬਤਰੋਹੀਆਂ ਬਲਜੀਤ ਕੌਰ ਅਤੇ ਅਰਜੁਨ ਵਾਜਪਾਈ ਨੂੰ ਨੇਪਾਲ ’ਚ ਮਾਊਂਟ ਅੰਨਾਪੂਰਨਾ ਤੋਂ ਬਚਾਇਆ ਗਿਆ ਸੀ। ਬਲਜੀਤ ਕੌਰ ਮਾਊਂਟ ਅੰਨਾਪੂਰਨਾ ਦੇ ਕੈਂਪ 4 ਤੋਂ ਗੁੰਮ ਹੋ ਗਈ ਸੀ ਅਤੇ ਉਸ ਨੂੰ 7363 ਮੀਟਰ ਦੀ ਉਚਾਈ ਤੋਂ ਬਚਾਇਆ ਗਿਆ ਸੀ।

LEAVE A REPLY

Please enter your comment!
Please enter your name here