ਬਹਿਜਾ ਬਿੱਲੋ ਛਾਲ ਮਾਰ ਕੇ, ਵੋਲਵੋ ਚੱਲੀ ਸਿੱਧੀ ਏਅਰਪੋਰਟ ਨੂੰ

0
350

ਜਲੰਧਰ, (ਥਾਪਾ/ ਉੁੱਭੀ/ ਸ਼ੈਲੀ/ ਸੁਰਿੰਦਰ)-ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਇੱਥੋਂ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ਲਈ ਬੱਸ ਸੇਵਾ ਦੀ ਸ਼ੁਰੂਆਤ ਸਾਂਝੇ ਤੌਰ ਉਤੇ ਝੰਡੀ ਵਿਖਾ ਕੇ ਕੀਤੀ |
ਇਸ ਮੌਕੇ ਜਨਤਕ ਇਕੱਠ ਨੂੰ ਸੰਬਧੋਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, ‘ਅੱਜ ਦੇ ਦਿਨ ਇਹ ਇਤਿਹਾਸਕ ਮੌਕਾ ਹੈ, ਜਦੋਂ ਪੰਜਾਬ ਸਰਕਾਰ ਨੇ ਪ੍ਰਾਈਵੇਟ ਟਰਾਂਸਪੋਰਟਰਾਂ ਦੀ ਇਜਾਰੇਦਾਰੀ ਨੂੰ ਖਤਮ ਕਰਕੇ ਲੋਕਾਂ ਨਾਲ ਕੀਤਾ ਵਾਅਦਾ ਪੂਰਾ ਕਰ ਦਿੱਤਾ ਹੈ | ਸਰਕਾਰ ਨੇ ਮਹਿਜ਼ 1170 ਰੁਪਏ ਦੇ ਕਿਰਾਏ ਨਾਲ ਦਿੱਲੀ ਏਅਰਪੋਰਟ ਲਈ ਲਗਜ਼ਰੀ ਬੱਸ ਸੇਵਾ ਸ਼ੁਰੂ ਕੀਤੀ, ਜਿਸ ਨਾਲ ਹੁਣ ਲੋਕਾਂ ਦੀ ਲੁੱਟ ਖਤਮ ਹੋਵੇਗੀ |’
ਮੁੱਖ ਮੰਤਰੀ ਨੇ ਕਿਹਾ ਕਿ ਜਲੰਧਰ ਬੱਸ ਸਟੈਂਡ ਤੋਂ ਦਿੱਲੀ ਏਅਰਪੋਰਟ ਤੱਕ ਰੋਜ਼ਾਨਾ 7 ਵੋਲਵੋ ਬੱਸਾਂ ਚੱਲਿਆ ਕਰਨਗੀਆਂ | ਇਸੇ ਤਰ੍ਹਾਂ ਮੁਸਾਫਰਾਂ ਦੀ ਸਹੂਲਤ ਲਈ ਅਜਿਹੀਆਂ ਹੀ ਬੱਸਾਂ ਏਅਰਪੋਰਟ ਲਈ ਅੰਮਿ੍ਤਸਰ, ਪਠਾਨਕੋਟ, ਲੁਧਿਆਣਾ, ਹੁਸ਼ਿਆਰਪੁਰ, ਕਪੂਰਥਲਾ, ਪਟਿਆਲਾ ਅਤੇ ਇੱਥੋਂ ਤੱਕ ਕਿ ਚੰਡੀਗੜ੍ਹ ਤੋਂ ਵੀ ਚੱਲਿਆ ਕਰਨਗੀਆਂ | ਉਹਨਾ ਕਿਹਾ ਕਿ ਏਅਰਪੋਰਟ ਲਈ ਜਾਣ ਦੇ ਚਾਹਵਾਨ ਮੁਸਾਫਰ ਸਫਰ ਕਰਨ ਤੋਂ ਤਿੰਨ ਮਹੀਨੇ ਪਹਿਲਾਂ ਆਨਲਾਈਨ ਬੁਕਿੰਗ ਕਰਵਾ ਸਕਦੇ ਹਨ, ਜਦਕਿ ਬੱਸ ਅੱਡੇ ਦੇ ਕਾਊਾਟਰਾਂ ‘ਤੇ ਛੇ ਮਹੀਨੇ ਪਹਿਲਾਂ ਟਿਕਟ ਬੁੱਕ ਕਰਵਾਈ ਜਾ ਸਕਦੀ ਹੈ |
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਨੂੰ ਗੈਂਗਸਟਰ ਮੁਕਤ ਧਰਤੀ ਬਣਾਉਣ ਦਾ ਅਹਿਦ ਲਿਆ | ਉਨ੍ਹਾ ਕਿਹਾ ਕਿ ਗੈਂਗਸਟਰਵਾਦ ਅਕਾਲੀਆਂ ਤੇ ਕਾਂਗਰਸੀਆਂ ਵੱਲੋਂ ਪੈਦਾ ਕੀਤਾ ਹੋਇਆ ਹੈ, ਜਿਨ੍ਹਾਂ ਇਨ੍ਹਾਂ ਅਪਰਾਧੀਆਂ ਦੀ ਖੁੱਲ੍ਹ ਕੇ ਪੁਸ਼ਤ-ਪਨਾਹੀ ਕੀਤੀ | ਹੁਣ ਜਦੋਂ ਇਨ੍ਹਾਂ ਗੈਂਗਸਟਰਾਂ ਦੀ ਪੁਸ਼ਤ-ਪਨਾਹੀ ਖ਼ਤਮ ਹੋ ਗਈ ਹੈ ਤਾਂ ਇਹ ਅਪਰਾਧੀ ਜਲਦੀ ਸਲਾਖਾਂ ਪਿੱਛੇ ਹੋਣਗੇ | ਗੈਂਗਸਟਰਾਂ ਦੇ ਗਠਜੋੜ ਦੇ ਸਫ਼ਾਏ ਦੀ ਗੱਲ ਕਰਦਿਆਂ ਉਹਨਾ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਕਿਤੇ ਵੀ ਹੋਏ ਅਪਰਾਧ ਦੇ ਕਿਸੇ ਵੀ ਦੋਸ਼ੀ ਨੂੰ ਨਹੀਂ ਬਖ਼ਸ਼ੇਗੀ, ਜਦੋਂ ਕਿ ਪਿਛਲੀਆਂ ਸਰਕਾਰਾਂ ਅਜਿਹੇ ਸਮਾਜ ਵਿਰੋਧੀ ਅਨਸਰਾਂ ਦੀ ਪੁਸ਼ਤ-ਪਨਾਹੀ ਕਰਦੀਆਂ ਸਨ |
ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਇਸ ਸਹੂਲਤ ਲਈ ਪੰਜਾਬ ਤੇ ਦਿੱਲੀ ਦੇ ਮੁੱਖ ਮੰਤਰੀਆਂ ਵੱਲੋਂ ਕੀਤੀਆਂ ਕੋਸ਼ਿਸ਼ਾਂ ਨਾਲ ਪੰਜਾਬ ਦੇ ਲੱਖਾਂ ਪਰਵਾਸੀ ਭਾਰਤੀਆਂ ਨੂੰ ਫਾਇਦਾ ਮਿਲੇਗਾ |
ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਸਪੱਸ਼ਟ ਕੀਤਾ ਕਿ ਪੰਜਾਬ ਰੋਡਵੇਜ਼, ਪਨਬੱਸ ਤੇ ਪੀ ਆਰ ਟੀ ਸੀ ਦੀਆਂ ਵੋਲਵੋ ਬੱਸਾਂ ਸਿੱਧੀਆਂ ਏਅਰਪੋਰਟ ਟਰਮੀਨਲਾਂ ਉਤੇ ਜਾਣਗੀਆਂ | ਇਸ ਤੋਂ ਪਹਿਲਾਂ ਸਕੱਤਰ ਟਰਾਂਸਪੋਰਟ ਪੰਜਾਬ ਵਿਕਾਸ ਗਰਗ ਤੇ ਪ੍ਰਮੁੱਖ ਸਕੱਤਰ ਟਰਾਂਸਪੋਰਟ ਦਿੱਲੀ ਅਸ਼ੀਸ਼ ਕੁੰਦਰਾ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ | ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੱਸ ਸਟੈਂਡ ਦੇ ਅੰਦਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਬੁੱਤ ਉਤੇ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ, ਡਾ. ਬਲਜੀਤ ਕੌਰ, ਹਰਭਜਨ ਸਿੰਘ ਈ ਟੀ ਓ, ਹਰਜੋਤ ਬੈਂਸ, ਕੁਲਦੀਪ ਸਿੰਘ ਧਾਲੀਵਾਲ ਅਤੇ ਕਈ ਵਿਧਾਇਕ ਹਾਜ਼ਰ ਸਨ |

LEAVE A REPLY

Please enter your comment!
Please enter your name here