24.3 C
Jalandhar
Wednesday, September 18, 2024
spot_img

ਪਹਿਲਵਾਨ ਪ੍ਰਧਾਨ ਖਿਲਾਫ਼ ਸੁਪਰੀਮ ਕੋਰਟ ’ਚ

ਨਵੀਂ ਦਿੱਲੀ : ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਤੇ ਭਾਜਪਾ ਸਾਂਸਦ ਬਿ੍ਰਜ ਭੂਸ਼ਣ ਸ਼ਰਣ ਸਿੰਘ ਖਿਲਾਫ ਐੱਫ ਆਈ ਆਰ ਦਰਜ ਕਰਾਉਣ ਲਈ ਨਾਮੀ ਪਹਿਲਵਾਨ ਸੋਮਵਾਰ ਸੁਪਰੀਮ ਕੋਰਟ ਪੁੱਜ ਗਏ। ਉਨ੍ਹਾਂ ਦੀ ਤਰਫੋਂ ਸੀਨੀਅਰ ਐਡਵੋਕੇਟ ਨਰਿੰਦਰ ਹੁੱਡਾ ਨੇ ਚੀਫ ਜਸਟਿਸ ਡੀ ਵਾਈ ਚੰਦਰਚੂੜ ਅੱਗੇ ਮਾਮਲਾ ਉਠਾਇਆ ਤਾਂ ਉਨ੍ਹਾ ਕਿਹਾ ਕਿ ਉਹ ਮੰਗਲਵਾਰ ਮਾਮਲੇ ਦਾ ਜ਼ਿਕਰ ਕਰਨ, ਕਿਉਕਿ ਸੋਮਵਾਰ ਉਠਾਏ ਜਾਣ ਵਾਲੇ ਮਾਮਲਿਆਂ ਦੀ ਸੂਚੀ ’ਚ ਉਨ੍ਹਾ ਦੀ ਪਟੀਸ਼ਨ ਦਾ ਜ਼ਿਕਰ ਨਹੀਂ ਹੈ।
ਉੱਘੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਤੇ 7 ਹੋਰ ਪਹਿਲਵਾਨਾਂ ਨੇ ਸੁਪਰੀਮ ਕੋਰਟ ਤੋਂ ਮੰਗ ਕੀਤੀ ਹੈ ਕਿ ਉਹ ਦਿੱਲੀ ਪੁਲਸ ਨੂੰ ਬਿ੍ਰਜ ਭੂਸ਼ਣ ਖਿਲਾਫ ਐੱਫ ਆਈ ਆਰ ਦਰਜ ਕਰਨ ਦੀ ਹਦਾਇਤ ਕਰੇ, ਕਿਉਕਿ ਉਹ ਦੇਰੀ ਕਰ ਰਹੀ ਹੈ।
ਪਹਿਲਵਾਨਾਂ ਨੇ ਬਿ੍ਰਜ ਭੂਸ਼ਣ ’ਤੇ ਯੌਨ ਸ਼ੋਸ਼ਣ ਤੇ ਧਮਕਾਉਣ ਦੇ ਦੋਸ਼ ਲਾਏ ਹਨ। ਕੇਂਦਰ ਸਰਕਾਰ ਨੇ ਪ੍ਰਧਾਨ ਤੇ ਕੋਚਾਂ ਖਿਲਾਫ ਦੋਸ਼ਾਂ ਦੀ ਜਾਂਚ ਲਈ ਮੁੱਕੇਬਾਜ਼ ਮੈਰੀ ਕੌਮ ਦੀ ਅਗਵਾਈ ਵਿਚ ਪੰਜ ਮੈਂਬਰੀ ਕਮੇਟੀ ਬਣਾਈ ਸੀ।
ਇਸੇ ਦੌਰਾਨ ਦਿੱਲੀ ਪੁਲਸ ਨੇ ਦੋਸ਼ਾਂ ਦੀ ਜਾਂਚ ਲਈ ਖੇਡ ਮੰਤਰਾਲੇ ਵੱਲੋਂ ਗਠਿਤ ਜਾਂਚ ਕਮੇਟੀ ਤੋਂ ਰਿਪੋਰਟ ਮੰਗੀ ਹੈ। ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਜੇ ਤੱਕ ਫੈਡਰੇਸ਼ਨ ਪ੍ਰਧਾਨ ਖਿਲਾਫ ਸੱਤ ਸ਼ਿਕਾਇਤਾਂ ਮਿਲੀਆਂ ਹਨ ਅਤੇ ਉਨ੍ਹਾਂ ਸਾਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਖਤਾ ਸਬੂਤ ਮਿਲਣ ਮਗਰੋਂ ਹੀ ਐੱਫ ਆਈ ਆਰ ਦਰਜ ਕੀਤੀ ਜਾਵੇਗੀ।
ਉੱਧਰ ਬਿ੍ਰਜ ਭੂਸ਼ਣ ਦੀ ਗਿ੍ਰਫਤਾਰੀ ਦੀ ਮੰਗ ਨੂੰ ਲੈ ਕੇ ਪਹਿਲਵਾਨਾਂ ਵੱਲੋਂ ਜੰਤਰ ਮੰਤਰ ’ਤੇ ਮੁੜ ਸ਼ੁਰੂ ਕੀਤੇ ਗਏ ਧਰਨੇ ਦਾ ਸੋਮਵਾਰ ਦੂਜਾ ਦਿਨ ਸੀ। ਨਾਮੀ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਕਿ ਇਸ ਵਾਰ ਸਾਰੀਆਂ ਪਾਰਟੀਆਂ ਦਾ ਧਰਨੇ ਵਿਚ ਸਵਾਗਤ ਹੈ, ਭਾਵੇਂ ਉਹ ਭਾਜਪਾ ਹੋਵੇ, ਕਾਂਗਰਸ, ਆਪ ਜਾਂ ਕੋਈ ਹੋਰ ਪਾਰਟੀ। ਉਹ ਕਿਸੇ ਪਾਰਟੀ ਨਾਲ ਜੁੜੇ ਹੋਏ ਨਹੀਂ ਹਨ। ਜਨਵਰੀ ਦੇ ਧਰਨੇ ਵਿਚ ਉਨ੍ਹਾ ਕਿਸੇ ਪਾਰਟੀ ਦੇ ਆਗੂ ਨੂੰ ਮੰਚ ’ਤੇ ਨਹੀਂ ਆਉਣ ਦਿੱਤਾ ਸੀ। ਪਹਿਲਵਾਨਾਂ ਨੇ ਹਰਿਆਣਾ ਦੀਆਂ ਖਾਪ ਪੰਚਾਇਤਾਂ ਤੋਂ ਵੀ ਹਮਾਇਤ ਮੰਗੀ ਹੈ। ਉਨ੍ਹਾ ਕਿਹਾ ਕਿ ਪਿਛਲੀ ਵਾਰ ਭੁੱਲ ਹੋ ਗਈ ਤੇ ਅੱਜ ਸਭ ਦੀ ਬਹੁਤ ਲੋੜ ਹੈ।
ਇਸੇ ਦੌਰਾਨ ਕੇਂਦਰੀ ਖੇਡ ਮੰਤਰਾਲੇ ਨੇ ਫੈਡਰੇਸ਼ਨ ਦੀ 7 ਮਈ ਨੂੰ ਹੋਣ ਵਾਲੀ ਚੋਣ ਰੋਕ ਦਿੱਤੀ ਹੈ ਤੇ ਇੰਡੀਅਨ ਉਲੰਪਿਕ ਐਸੋਸੀਏਸ਼ਨ ਨੂੰ ਕਿਹਾ ਹੈ ਕਿ ਉਹ ਫੈਡਰੇਸ਼ਨ ਦਾ ਰੋਜ਼ਾਨਾ ਦਾ ਕੰਮ ਚਲਾਉਣ ਲਈ ਐਡਹਾਕ ਕਮੇਟੀ ਬਣਾਵੇ। ਪਹਿਲਵਾਨਾਂ ਨੇ ਕਿਹਾ ਹੈ ਕਿ ਚੋਣਾਂ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ। ਉਹ ਮਹਿਲਾ ਪਹਿਲਵਾਨਾਂ ਨਾਲ ਖਿਲਵਾੜ ਕਰਨ ਵਾਲੇ ਪ੍ਰਧਾਨ ਖਿਲਾਫ ਯੋਗ ਜਾਂਚ ਲਈ ਅੰਦੋਲਨ ਜਾਰੀ ਰੱਖਣਗੇ। ਵਿਨੇਸ਼ ਫੋਗਾਟ, ਬਜਰੰਗ ਪੂਨੀਆ ਤੇ ਸਾਕਸ਼ੀ ਮਲਿਕ ਨੇ ਕਿਹਾ ਕਿ ਜਨਵਰੀ ਵਿਚ ਪ੍ਰੋਟੈੱਸਟ ਕਰਕੇ ਉਨ੍ਹਾਂ ਗਲਤੀ ਕੀਤੀ। ਦਰਅਸਲ ਕੁਝ ਲੋਕਾਂ ਨੇ ਉਨ੍ਹਾਂ ਨੂੰ ਗੁੰਮਰਾਹ ਕਰ ਦਿੱਤਾ ਸੀ।
ਫੋਗਾਟ ਨੇ ਕਿਹਾਹੁਣ ਅਸੀਂ ਕਿਸੇ ਦੀ ਨਹੀਂ ਸੁਣਨੀ। ਅਸੀਂ ਪ੍ਰੋਟੈੱਸਟ ਦਾ ਚਿਹਰਾ ਹੋਵਾਂਗੇ, ਪਰ ਗੁਰੂਜਨ ਤੇ ਕੋਚ-ਖਲੀਫੇ ਮਾਰਗ-ਦਰਸ਼ਨ ਕਰਨਗੇ। ਹੁਣ ਵਿਚੋਲਿਆਂ ਦੀ ਨਹੀਂ ਸੁਣਨੀ, ਕਿਸੇ ਨੂੰ ਧੋਖਾ ਨਹੀਂ ਕਰਨ ਦੇਵਾਂਗੇ। ਅਸੀਂ ਚਾਹੁੰਦੇ ਹਾਂ ਕਿ ਪੁਲਸ ਐੱਫ ਆਈ ਆਰ ਦਰਜ ਕਰਕੇ ਮਾਮਲੇ ਦੀ ਜਾਂਚ ਕਰੇ। ਅਸੀਂ ਆਜ਼ਾਦ ਭਾਰਤ ਦੇ ਨਾਗਰਿਕ ਹਾਂ ਤੇ ਇਨਸਾਫ ਹਾਸਲ ਕਰਨ ਦੇ ਕਈ ਰਾਹ ਹਨ। ਕੀ ਸਾਨੂੰ ਕਿਤਿਓਂ ਵੀ ਇਨਸਾਫ ਨਹੀਂ ਮਿਲੇਗਾ?
ਪਹਿਲਵਾਨਾਂ ਨੇ ਜਨਵਰੀ ਵਿਚ ਪ੍ਰਸਿੱਧ ਪਹਿਲਵਾਨ ਬਬੀਤਾ ਫੋਗਾਟ ਦੀ ਵਿਚੋਲਗੀ ਮਗਰੋਂ ਧਰਨਾ ਚੁੱਕ ਲਿਆ ਸੀ। ਫੋਗਾਟ ਨੇ ਆਪਣੀ ਰਿਸ਼ਤੇਦਾਰ ਬਬੀਤਾ ਬਾਰੇ ਕਿਹਾ ਕਿ ਸ਼ਾਇਦ ਉਸ ਨੂੰ ਕੁਸ਼ਤੀ ਨਾਲੋਂ ਸਿਆਸਤ ਜ਼ਿਆਦਾ ਚੰਗੀ ਲੱਗਦੀ ਹੈ। ਬਬੀਤਾ ਸਰਕਾਰ ਵੱਲੋਂ ਬਣਾਈ ਕਮੇਟੀ ਵਿਚ ਸ਼ਾਮਲ ਸੀ, ਪਰ ਪਹਿਲਵਾਨ ਉਸ ਦੇ ਰੋਲ ਤੋਂ ਨਾਖੁਸ਼ ਹਨ। ਸਾਕਸ਼ੀ ਨੇ ਕਿਹਾਜੇ ਅਸੀਂ ਗਲਤ ਹਾਂ ਤਾਂ ਸਾਡੇ ਖਿਲਾਫ ਜਵਾਬੀ ਐੱਫ ਆਈ ਆਰ ਦਰਜ ਕਰ ਲਈ ਜਾਵੇ।
ਸਰਕਾਰ ਵੱਲੋਂ 23 ਜਨਵਰੀ ਨੂੰ ਬਣਾਈ ਗਈ ਛੇ ਮੈਂਬਰੀ ਕਮੇਟੀ ਨੇ 5 ਅਪ੍ਰੈਲ ਨੂੰ ਰਿਪੋਰਟ ਦੇ ਦਿੱਤੀ ਸੀ, ਪਰ ਸਰਕਾਰ ਨੇ ਇਸ ਨੂੰ ਜਨਤਕ ਨਹੀਂ ਕੀਤਾ।
ਸਾਬਕਾ ਗਵਰਨਰ ਸਤਿਆਪਾਲ ਮਲਿਕ ਨੇ ਸਰਕਾਰ ਬੇਟੀ ਬਚਾਓ ਦਾ ਨਾਅਰਾ ਕਿਹੜੇ ਮੂੰਹ ਨਾਲ ਦਿੰਦੀ ਹੈ। ਦੇਸ਼ ਦੀਆਂ ਬੇਟੀਆਂ ਤਿੰਨ ਮਹੀਨਿਆਂ ਤੋਂ ਇਨਸਾਫ ਲਈ ਭਟਕ ਰਹੀਆਂ ਹਨ। ਦੇਸ਼ ਦੇ ਭਵਿੱਖ ਨਾਲ ਖਿਲਵਾੜ ਇਸ ਕਰਕੇ ਕੀਤਾ ਜਾ ਰਿਹਾ ਹੈ ਕਿਉਕਿ ਜਿਸ ’ਤੇ ਦੋਸ਼ ਹੈ ਉਹ ਭਾਜਪਾ ਦਾ ਸਾਂਸਦ ਹੈ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਪਹਿਲਵਾਨਾਂ ਦੀ ਹਮਾਇਤ ਕਰਦਿਆਂ ਕਿਹਾ ਕਿ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।

Related Articles

LEAVE A REPLY

Please enter your comment!
Please enter your name here

Latest Articles