ਕੋਲਕਾਤਾ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ 2024 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਹਰਾਉਣ ਲਈ ਆਪੋਜ਼ੀਸ਼ਨ ਪਾਰਟੀਆਂ ਦੀ ਏਕਤਾ ਦੇ ਸੰਬੰਧ ਵਿਚ ਸੋਮਵਾਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ। ਨਿਤੀਸ਼ ਦੇ ਨਾਲ ਉਨ੍ਹਾ ਦੇ ਡਿਪਟੀ ਤੇਜਸਵੀ ਯਾਦਵ ਵੀ ਸਨ। ਮੀਟਿੰਗ ਨੂੰ ਉਸਾਰੂ ਦੱਸਿਆ ਗਿਆ।
ਮੀਟਿੰਗ ਤੋਂ ਬਾਅਦ ਬੈਨਰਜੀ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾਮੈਨੂੰ ਮਹਾਂ-ਗੱਠਜੋੜ ’ਤੇ ਕੋਈ ਇਤਰਾਜ਼ ਨਹੀਂ, ਪਰ ਪਹਿਲਾਂ ਸਾਨੂੰ ਇਹ ਸੁਨੇਹਾ ਦੇਣਾ ਪੈਣਾ ਕਿ ਅਸੀਂ ਸਾਰੇ ਇੱਕਠੇ ਹਾਂ। ਸੂਤਰਾਂ ਮੁਤਾਬਕ ਮੀਟਿੰਗ ਵਿਚ ਦੋਹਾਂ ਧਿਰਾਂ ਨੇ ਇਹ ਵਿਚਾਰਾਂ ਕੀਤੀਆਂ ਕਿ ਕਾਰਆਮਦ ਕੁਲੀਸ਼ਨ ਕਿਵੇਂ ਬੁਣੀ ਜਾ ਸਕਦੀ ਹੈ। ਨਿਤੀਸ਼ ਕੁਮਾਰ ਨੇ ਕਿਹਾਭਾਰਤ ਦੇ ਵਿਕਾਸ ਲਈ ਕੁਝ ਨਹੀਂ ਕੀਤਾ ਜਾ ਰਿਹਾ, ਹੁਕਮਰਾਨ ਆਪਣੀ ਮਸ਼ਹੂਰੀ ਕਰਾਉਣ ਵਿਚ ਹੀ ਮਸ਼ਗੁਲ ਹਨ। ਮਮਤਾ ਨੇ ਕਿਹਾਮੈਂ ਨਿਤੀਸ਼ ਕੁਮਾਰ ਨੂੰ ਇੱਕ ਹੀ ਬੇਨਤੀ ਕੀਤੀ ਹੈ। ਜੈਪ੍ਰਕਾਸ਼ ਜੀ ਦੀ ਲਹਿਰ ਬਿਹਾਰ ਤੋਂ ਸ਼ੁਰੂ ਹੋਈ ਸੀ। ਜੇ ਆਪਾਂ ਬਿਹਾਰ ਵਿਚ ਸਰਬ-ਪਾਰਟੀ ਮੀਟਿੰਗ ਕਰ ਲਈਏ ਤਾਂ ਆਪਾਂ ਫੈਸਲਾ ਕਰ ਸਕਦੇ ਹਾਂ ਕਿ ਅੱਗੇ ਕਿੱਧਰ ਨੂੰ ਜਾਣਾ। ਮੈਂ ਭਾਜਪਾ ਨੂੰ ਜ਼ੀਰੋ ਦੇਖਣਾ ਚਾਹੁੰਦੀ ਹਾਂ। ਉਹ ਮੀਡੀਆ ਤੇ ਝੂਠ ਦੇ ਸਹਾਰੇ ਹੀਰੋ ਬਣ ਗਏ ਹਨ। ਆਪੋਜ਼ੀਸ਼ਨ ਏਕਤਾ ਵਿਚ ਕਾਂਗਰਸ ਦੀ ਸ਼ਮੂਲੀਅਤ ਬਾਰੇ ਪੁੱਛੇ ਜਾਣ ’ਤੇ ਮਮਤਾ ਨੇ ਕਿਹਾਸਾਰੀਆਂ ਪਾਰਟੀਆਂ ਸ਼ਾਮਲ ਹੋਣਗੀਆਂ। ਆਪੋਜ਼ੀਸ਼ਨ ਆਗੂ ਵਧਦੀ ਬੇਰੁਜ਼ਗਾਰੀ, ਰੁਪਏ ਦੀ ਘਟਦੀ ਕਦਰ ਤੇ ਵਧਦੀਆਂ ਕੀਮਤਾਂ ਤੋਂ ਇਲਾਵਾ ਸਰਕਾਰ ਵੱਲੋਂ ਇਸ਼ਤਿਹਾਰਬਾਜ਼ੀ ’ਤੇ ਅੰਨ੍ਹਾ ਖਰਚ ਕਰਨ ਦੇ ਮੁੱਦੇ ਉਠਾ ਰਹੇ ਹਨ। ‘ਇਕ ਸੀਟ ’ਤੇ ਆਪੋਜ਼ੀਸ਼ਨ ਦਾ ਇਕ ਉਮੀਦਵਾਰ’ ਦੇ ਨਿਤੀਸ਼ ਦੇ ਫਾਰਮੂਲੇ ਬਾਰੇ ਮਮਤਾ ਨੇ ਕਿਹਾਜੇ ਸੋਚ, ਨਜ਼ਰੀਆ ਤੇ ਮਿਸ਼ਨ ਸਾਫ ਹੈ ਤਾਂ ਕੋਈ ਮੁੱਦਾ ਨਹੀਂ। ਮਮਤਾ ਬੈਨਰਜੀ ਨੇ ਪਿਛਲੇ ਮਹੀਨੇ ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਤੇ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨਾਲ ਵੀ ਅਜਿਹੀਆਂ ਮੀਟਿੰਗਾਂ ਕੀਤੀਆਂ ਸਨ। ਆਪੋਜ਼ੀਸ਼ਨ ਏਕਤਾ ਲਈ ਨਿਤੀਸ਼ ਕੁਮਾਰ ਮਹੀਨੇ ਦੇ ਸ਼ੁਰੂ ਵਿਚ ਦਿੱਲੀ ਵਿਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਰਾਹੁਲ ਗਾਂਧੀ ਨੂੰ ਮਿਲੇ ਸਨ।