ਸੀ ਬੀ ਐੱਸ ਈ ਦੇ ਦਸਵੀਂ ਜਮਾਤ ਦੇ ਸਾਇੰਸ ਸਿਲੇਬਸ ਵਿੱਚੋਂ ਜੈਵਿਕ ਵਿਕਾਸ ਦੇ ਸਿਧਾਂਤ ਨੂੰ ਕੱਢਣ ਉੱਤੇ ਦੇਸ਼ ਦੇ 1800 ਵਿਗਿਆਨੀਆਂ ਤੇ ਸਾਇੰਸ ਸ਼ਾਸਤਰੀਆਂ ਨੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਵਿਕਾਸ ਦੀ ਪ੍ਰ�ਿਆ ਨੂੰ ਸਮਝਣਾ ਵਿਗਿਆਨਕ ਸਮਝ ਬਣਾਉਣ ਵਿੱਚ ਮਹੱਤਵਪੂਰਨ ਰੋਲ ਅਦਾ ਕਰਦਾ ਹੈ। ਵਿਦਿਆਰਥੀਆਂ ਨੂੰ ਇਸ ਤੋਂ ਵਿਰਵੇ ਕਰਨਾ ਸਿੱਖਿਆ ਨਾਲ ਮਜ਼ਾਕ ਹੈ।
ਵਿਗਿਆਨਕ ਦਿ੍ਰਸ਼ਟੀਕੋਣ ਤੇ ਵਿਗਿਆਨ ਨੂੰ ਪ੍ਰਣਾਈ ‘ਬਰੇਕਥਰੂ ਸਾਇੰਸ ਸੁਸਾਇਟੀ’ ਨਾਂਅ ਦੀ ਕੌਮੀ ਸੰਸਥਾ ਨੇ ਇੱਕ ਖੁੱਲ੍ਹੇ ਪੱਤਰ ਰਾਹੀਂ ਮੰਗ ਕੀਤੀ ਹੈ ਕਿ ਦਸਵੀਂ ਦੇ ਸਿਲੇਬਸ ਵਿੱਚ ਡਾਰਵਿਨ ਦੇ ਵਿਕਾਸ ਦੇ ਸਿਧਾਂਤ ਨੂੰ ਮੁੜ ਸ਼ਾਮਲ ਕੀਤਾ ਜਾਵੇ। ਇਸ ਪੱਤਰ ਉੱਤੇ 1800 ਤੋਂ ਵੱਧ ਵਿਗਿਆਨਕਾਂ, ਸਾਇੰਸ ਅਧਿਆਪਕਾਂ ਤੇ ਸਿੱਖਿਆ ਸ਼ਾਸਤਰੀਆਂ ਦੇ ਦਸਤਖਤ ਹਨ। ਇਨ੍ਹਾਂ ਵਿੱਚ ਟਾਟਾ ਇੰਸਟੀਚਿਊਟ ਆਫ਼ ਫੰਡਾਮੈਂਟਲ ਰਿਸਰਚ, ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਤੇ ਆਈ ਆਈ ਟੀ ਵਰਗੀਆਂ ਨਾਮਣੇ ਵਾਲੀਆਂ ਵਿਗਿਆਨਕ ਸੰਸਥਾਵਾਂ ਦੇ ਵਿਗਿਆਨਕ ਸ਼ਾਮਲ ਹਨ। ਇਨ੍ਹਾਂ ਵਿਗਿਆਨਕਾਂ ਦਾ ਕਹਿਣਾ ਹੈ ਕਿ ਵਿਗਿਆਨ ਦੀ ਇਸ ਬੁਨਿਆਦੀ ਖੋਜ ਨੂੰ ਜਾਣਨ ਤੋਂ ਵਾਂਝਿਆਂ ਕਰਨ ਨਾਲ ਵਿਦਿਆਰਥੀਆਂ ਦੀ ਸਮਝ ਗੰਭੀਰ ਰੂਪ ਵਿੱਚ ਪ੍ਰਭਾਵਤ ਹੋਵੇਗੀ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਜੈਵਿਕ ਵਿਕਾਸ ਦਾ ਗਿਆਨ ਤੇ ਸਮਝ ਨਾ ਸਿਰਫ਼ ਜੀਵ ਵਿਗਿਆਨ ਦੇ ਕਿਸੇ ਵੀ ਖੇਤਰ ਲਈ, ਬਲਕਿ ਸਾਡੇ ਆਲੇ-ਦੁਆਲੇ ਦੀ ਦੁਨੀਆ ਨੂੰ ਸਮਝਣ ਲਈ ਵੀ ਮਹੱਤਵਪੂਰਨ ਹੈ। ਜੈਵਿਕ ਵਿਕਾਸ ਯਾਨੀ ਐਵੋਲੂਸ਼ਨਰੀ ਬਾਇਓਲੋਜੀ ਵਿਗਿਆਨ ਦਾ ਸੰਬੰਧ ਸਮਾਜ ਤੇ ਦੇਸ਼, ਜਿਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕਰਦੇ ਹਨ, ਉਨ੍ਹਾਂ ਨਾਲ ਕਿਵੇਂ ਨਜਿਠਣਾ ਹੈ, ਬਾਰੇ ਸਮਝ ਦਾ ਅਧਾਰ ਪੇਸ਼ ਕਰਦਾ ਹੈ, ਇਹ ਡਾਕਟਰੀ ਵਿਦਿਆ ਤੇ ਦਵਾਈਆਂ ਦੀ ਖੋਜ, ਮਹਾਂਮਾਰੀ ਵਿਗਿਆਨ, ਵਾਤਾਵਰਣ, ਮਨੋਵਿਗਿਆਨ ਤੋਂ ਲੈ ਕੇ ਮਨੁੱਖਾਂ ਬਾਰੇ ਸਾਡੀ ਸਮਝ ਤੇ ਜੀਵਨ ਵਿੱਚ ਉਨ੍ਹਾਂ ਦੇ ਸਥਾਨ ਬਾਰੇ ਵੀ ਦੱਸਦਾ ਹੈ। ਇਹ ਸਿਧਾਂਤ ਹੀ ਸਾਨੂੰ ਦੱਸਦਾ ਹੈ ਕਿ ਕੋਈ ਮਹਾਂਮਾਰੀ ਕਿਵੇਂ ਅੱਗੇ ਵਧਦੀ ਹੈ ਤੇ ਜੀਵਾਂ ਦੀਆਂ ਕੁਝ ਨਸਲਾਂ ਕਿਉਂ ਖ਼ਤਮ ਹੋ ਜਾਂਦੀਆਂ ਹਨ।
ਐੱਨ ਸੀ ਈ ਆਰ ਟੀ ਨੇ ਸਿਲੇਬਸ ਨੂੰ ਸੋਧਣ ਦੇ ਨਾਂਅ ਉੱਤੇ ਦਸਵੀਂ ਦੀ ਕਿਤਾਬ ਵਿੱਚੋਂ ਚਾਰਲਸ ਰਾਬਰਟ ਡਾਰਵਿਨ, ਪਿ੍ਰਥਵੀ ਉੱਤੇ ਜੀਵਨ ਦੀ ਉਤਪਤੀ, ਵਿਕਾਸ ਤੇ ਵਿਕਾਸਵਾਦੀ ਸੰਬੰਧੀ ਜਾਣਕਾਰੀ ਦੇ ਚੈਪਟਰ ਹਟਾ ਦਿੱਤੇ ਹਨ।
ਪੱਤਰ ਲਿਖਣ ਵਾਲਿਆਂ ਨੇ ਕਿਹਾ ਹੈ ਕਿ ਸਕੂਲੀ ਸਿੱਖਿਆ ਵਿੱਚ ਅਜਿਹੇ ਬਦਲਾਅ ਸਿਰਫ਼ ਵਿਦਿਆਰਥੀਆਂ ਲਈ ਹੀ ਨਹੀਂ, ਸਮੁੱਚੇ ਸਮਾਜ ਲਈ ਹਾਨੀਕਾਰਕ ਹੋਣਗੇ।
ਮੌਜੂਦਾ ਤਾਨਾਸ਼ਾਹ ਹਾਕਮ ਸੱਤਾ ਉੱਤੇ ਆਪਣੀ ਪਕੜ ਕਾਇਮ ਰੱਖਣ ਲਈ ਲੋਕਾਂ ਦੀ ਸਮਝ ਅੰਧ-ਵਿਸ਼ਵਾਸੀ ਬਣਾਉਣ ਲਈ ਉਨ੍ਹਾਂ ਨੂੰ ਵਿਗਿਆਨ ਤੋਂ ਦੂਰ ਕਰਨ ਦੇ ਰਾਹ ਪਏ ਹੋਏ ਹਨ। ਇਸ ਦੇ ਨਾਲ ਹੀ ਉਹ ਆਪਣੀ ਨਫ਼ਰਤੀ ਮੁਹਿੰਮ ਨੂੰ ਜਾਰੀ ਰੱਖਣ ਲਈ ਇਤਿਹਾਸ ਨੂੰ ਬਦਲਣ ਦੇ ਜਤਨ ਕਰ ਰਹੇ ਹਨ। ਇਸ ਦਿਸ਼ਾ ਅਧੀਨ ਐੱਨ ਸੀ ਈ ਆਰ ਟੀ ਨੇ ਮੁਗਲਾਂ ਦਾ ਇਤਿਹਾਸ, ਗੁਜਰਾਤ ਦੰਗੇ ਤੇ ਦਲਿਤ ਲੇਖਕਾਂ ਦੇ ਜ਼ਿਕਰ ਨੂੰ ਕਿਤਾਬਾਂ ਵਿੱਚੋਂ ਕੱਢ ਦਿੱਤਾ ਹੈ। ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਅਬੁਲ ਕਲਾਮ ਅਜ਼ਾਦ ਬਾਰੇ ਸਭ ਵੇਰਵੇ ਤੇ ਜੰਮੂ-ਕਸ਼ਮੀਰ ਦੇ ਭਾਰਤ ਵਿੱਚ ਸ਼ਾਮਲ ਹੋਣ ਦੀਆਂ ਸ਼ਰਤਾਂ ਨੂੰ ਵੀ ਗਿਆਰ੍ਹਵੀਂ ਦੀ ਕਿਤਾਬ ਵਿੱਚੋਂ ਹਟਾ ਦਿੱਤਾ ਗਿਆ ਹੈ।