ਪ੍ਰਧਾਨ ਖਿਲਾਫ ਡਟੀਆਂ ਪਹਿਲਵਾਨ ਕੁੜੀਆਂ ਨੂੰ ਪੈਸੇ ਦਾ ਲਾਲਚ ਦਿੱਤਾ ਜਾ ਰਿਹੈ : ਬਜਰੰਗ ਪੂਨੀਆ

0
232

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਭਾਜਪਾ ਦੇ ਸੰਸਦ ਮੈਂਬਰ ਅਤੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬਿ੍ਰਜਭੂਸ਼ਨ ਸ਼ਰਨ ਸਿੰਘ ਖਿਲਾਫ ਜਿਨਸੀ ਸ਼ੋਸ਼ਣ ਦੇ ਦੋਸ਼ਾਂ ’ਤੇ ਐੱਫ ਆਈ ਆਰ ਦਰਜ ਨਾ ਕੀਤੇ ਜਾਣ ਦੇ ਦੋਸ਼ ਲਾਉਣ ਵਾਲੀਆਂ ਸੱਤ ਪਹਿਲਵਾਨ ਕੁੜੀਆਂ ਦੀ ਪਟੀਸ਼ਨ ’ਤੇ ਮੰਗਲਵਾਰ ਦਿੱਲੀ ਸਰਕਾਰ ਤੇ ਹੋਰਾਂ ਨੂੰ ਨੋਟਿਸ ਜਾਰੀ ਕੀਤੇ। ਚੀਫ ਜਸਟਿਸ ਡੀ ਵਾਈ ਚੰਦਰਚੂੜ ਅਤੇ ਜਸਟਿਸ ਪੀ ਐੱਸ ਨਰਸਿਮ੍ਹਾ ਦੀ ਬੈਂਚ ਨੇ ਸੀਨੀਅਰ ਵਕੀਲ ਕਪਿਲ ਸਿੱਬਲ ਦੀਆਂ ਦਲੀਲਾਂ ਦਾ ਨੋਟਿਸ ਲਿਆ ਕਿ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੇ ਬਾਵਜੂਦ ਕੋਈ ਐੱਫ ਆਈ ਆਰ ਦਰਜ ਨਹੀਂ ਕੀਤੀ ਗਈ ਹੈ। ਬੈਂਚ ਨੇ ਕਿਹਾ-ਨੋਟਿਸ ਜਾਰੀ ਕੀਤਾ ਜਾਂਦਾ ਹੈ। ਇਸ ਨੂੰ ਸ਼ੁੱਕਰਵਾਰ ਨੂੰ ਸੁਣਵਾਈ ਲਈ ਸੂਚੀਬੱਧ ਕੀਤਾ ਜਾਵੇ। ਬੈਂਚ ਨੇ ਪਛਾਣ ਜ਼ਾਹਿਰ ਨਾ ਕਰਨ ਲਈ ਨਿਆਂਇਕ ਰਿਕਾਰਡ ਤੋਂ 7 ਸ਼ਿਕਾਇਤਕਰਤਾ ਪਹਿਲਵਾਨਾਂ ਦੇ ਨਾਂਅ ਹਟਾਉਣ ਦੇ ਨਿਰਦੇਸ਼ ਵੀ ਦਿੱਤੇ।
ਇਸੇ ਦੌਰਾਨ ਕੁੜੀਆਂ ਨਾਲ ਧਰਨੇ ’ਤੇ ਬੈਠੇ ਨਾਮੀ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਕਿ ਸ਼ਿਕਾਇਤ ਵਾਪਸ ਲੈਣ ਲਈ ਕੁੜੀਆਂ ’ਤੇ ਦਬਾਅ ਪਾਇਆ ਜਾ ਰਿਹਾ ਹੈ ਤੇ ਕੁਸ਼ਤੀ ਫੈਡਰੇਸ਼ਨ ਦੇ ਕਈ ਮੈਂਬਰਾਂ ਨੇ ਉਨ੍ਹਾਂ ਤੱਕ ਪਹੁੰਚ ਕਰਕੇ ਪੈਸੇ ਦਾ ਲਾਲਚ ਵੀ ਦਿੱਤਾ ਹੈ।
ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਤੇ ਸਾਕਸ਼ੀ ਮਲਿਕ ਨੇ ਵੀ ਕਿਹਾ ਕਿ ਪ੍ਰਧਾਨ ਖਿਲਾਫ ਸ਼ਿਕਾਇਤ ਦੇਣ ਵਾਲੀਆਂ ਸੱਤਾਂ ਪਹਿਲਵਾਨਾਂ ਨੂੰ ਜਾਨ ਦਾ ਖਤਰਾ ਹੈ। ਨਾਮੀ ਪਹਿਲਵਾਨਾਂ ਨੇ ਕਿਹਾ ਕਿ ਕੋਈ ਅਬੀ-ਨਬੀ ਹੋ ਗਈ ਤਾਂ ਸਰਕਾਰ ਜ਼ਿੰਮੇਵਾਰ ਹੋਵੇਗੀ।
ਧਰਨਾਕਾਰੀ ਪਹਿਲਵਾਨਾਂ ਵੱਲੋਂ ਸਾਰਿਆਂ ਤੋਂ ਹਮਾਇਤ ਲਈ ਕੀਤੀ ਗਈ ਅਪੀਲ ਦੇ ਹੁੰਗਾਰੇ ਵਜੋਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਤੇ ਕਾਂਗਰਸ ਆਗੂ ਉਦਿਤ ਰਾਜ ਜੰਤਰ-ਮੰਤਰ ’ਤੇ ਧਰਨੇ ਵਿਚ ਸ਼ਾਮਲ ਹੋਏ। ਹੁੱਡਾ ਨੇ ਸੋਮਵਾਰ ਕਿਹਾ ਸੀ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਦੇਸ਼ ਲਈ ਤਮਗੇ ਲਿਆਉਣ ਵਾਲੇ ਕੌਮਾਂਤਰੀ ਪਹਿਲਵਾਨ ਧਰਨੇ ’ਤੇ ਬੈਠਣ ਲਈ ਮਜਬੂਰ ਹੋਏ ਹਨ। ਉਨ੍ਹਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਮਹਿਲਾ ਕਾਂਗਰਸ ਦੀ ਕੌਮੀ ਪ੍ਰਧਾਨ ਨੇਟਾ ਡੀ’ਸੂਜ਼ਾ ਵੀ ਧਰਨੇ ਵਾਲੀ ਥਾਂ ਪੁੱਜੀ ਤੇ ਰੋ ਰਹੀ ਸਾਕਸ਼ੀ ਮਲਿਕ ਨੂੰ ਦਿਲਾਸਾ ਦਿੱਤਾ। ਡੀ’ਸੂਜ਼ਾ ਨੇ ਕਿਹਾ ਕਿ ਜਿੱਥੇ ਇਨਸਾਫ ਮਿਲਣਾ ਚਾਹੀਦਾ ਸੀ, ਉਥੇ ਹੰਝੂ ਮਿਲੇ। ਮਹਿਲਾ ਸੁਰੱਖਿਆ ਦੇ ਲੰਮੇ-ਚੌੜੇ ਵਾਅਦੇ ਕਰਨ ਵਾਲੇ ਪ੍ਰਧਾਨ ਮੰਤਰੀ ਜੀ ਤੇ ਉਨ੍ਹਾ ਦੀ ਮੰਡਲੀ ਭਾਜਪਾ ਸਾਂਸਦ ਨੂੰ ਬਚਾਉਣ ਲਈ ਚੁੱਪ ਹੈ। ਉਨ੍ਹਾ ਕਿਹਾਇਤਿਹਾਸ ਹਮੇਸ਼ਾ ਤਲਵਾਰ ਦੀ ਨੋਕ ’ਤੇ ਬਣਿਆ ਹੈ ਤੇ ਨੌਜਵਾਨ ਜਿੱਧਰ ਜਾਵੇਗਾ, ਦੁਨੀਆ ਉਧਰ ਜਾਵੇਗੀ।

LEAVE A REPLY

Please enter your comment!
Please enter your name here