ਪਟਿਆਲਾ : ਏ ਆਈ ਐੱਸ ਐੱਫ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਯੁੱਗ ਪੁਰਸ਼ ਲੈਨਿਨ ਦੇ ਜਨਮ ਦਿਨ ਨੂੰ ਸਮਰਪਿਤ ਦਾਰਸ਼ਨਿਕ ਟ੍ਰੇਨਿੰਗ ਕੈਂਪਾਂ ਦੀ ਲੜੀ ਵਜੋਂ ਪਹਿਲਾ ਸਿਧਾਂਤਕ ਚੇਤਨਾ ਕੈਂਪ ਲਗਾਇਆ ਗਿਆ, ਜਿਸ ਵਿੱਚ ਮੁੱਖ ਵਕਤਾ ਜਗਰੂਪ ਨੇ ਸੰਬੋਧਨ ਕੀਤਾ। ਏ ਆਈ ਐੱਸ ਐੱਫ ਦੇ ਕੁੱਲ ਹਿੰਦ ਜਨਰਲ ਸਕੱਤਰ ਵਿਕੀ ਮਹੇਸਰੀ, ਸੂਬਾ ਪ੍ਰਧਾਨ ਲਵਪ੍ਰੀਤ ਮਾੜੀਮੇਘਾ, ਸੂਬਾ ਸਕੱਤਰ ਵਰਿੰਦਰ ਖੁਰਾਣਾ ਤੇ ਸਾਬਕਾ ਨੌਜਵਾਨ ਆਗੂ ਕਸ਼ਮੀਰ ਗਦਾਈਆ ਨੇ ਵੀ ਸੰਬੋਧਨ ਕੀਤਾ। ਮੁੱਖ ਵਕਤਾ ਜਗਰੂਪ ਵੱਲੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮਾਰਕਸਵਾਦ ਦੇ ਮੁਢਲੇ ਗਿਆਨ ਬਾਰੇ ਚਾਨਣਾ ਪਾਇਆ ਗਿਆ। ਉਹਨਾ ਕਿਹਾ ਕਿ ਮਹਾਨ ਫਿਲਾਸਫਰ ਤੇ ਸਿੱਖਾਂ ਦੇ ਪਹਿਲੇ ਗੁਰੂ ਬਾਬਾ ਨਾਨਕ ਦਾ ਫਲਸਫਾ ਦੁਨੀਆ ਨੂੰ ਬਰਾਬਰਤਾ ਤੇ ਖੁਸ਼ਹਾਲ ਸਮਾਜ ਸਿਰਜਣ ਦਾ ਹੈ। ਬਾਬੇ ਨਾਨਕ ਦੀ ਤੁਕ ‘ਇਹੁ ਮਨੁ ਕਰਮਾ ਇਹੁ ਮਨੁ ਧਰਮਾ ॥ ਇਹੁ ਮਨੁ ਪੰਚ ਤਤੁ ਤੇ ਜਨਮਾ॥’ ਪੰਜ ਤੱਤ : ਅੱਗ, ਪਾਣੀ, ਧਰਤੀ, ਮਿੱਟੀ ਤੇ ਆਕਾਸ਼ ਹੈ, ਮਨੁੱਖ ਦਾ ਮਨ ਇਹਨਾਂ ਪੰਜ ਤੱਤਾਂ ਦੀ ਫੋਟੋ ਹੈ, ਜਿਸ ਨੂੰ ਰਿਫਲੈਕਟ ਕੀਤਾ ਜਾਂਦਾ ਹੈ।
ਉਹਨਾ ਕਿਹਾ ਕਿ ਵਾਸਤਵ ਵਿੱਚ ਪਦਾਰਥਵਾਦ ਇਹ ਮੰਗ ਕਰਦਾ ਹੈ ਕਿ ਤੁਸੀਂ ਬਾਹਰੀ ਪਦਾਰਥਕ ਹਾਲਤਾਂ ਨੂੰ ਬਦਲ ਦਿਓ, ਮਨੁੱਖ ਦੇ ਵਿਚਾਰ ਉਹਨਾਂ ਹਾਲਤਾਂ ਨੂੰ ਦੇਖਦਿਆਂ ਆਪ ਬਦਲ ਜਾਣਗੇ ਤੇ ਸਾਨੂੰ ਆਪਣੀ ਜ਼ਿੰਦਗੀ ਕੀੜੇ-ਮਕੌੜਿਆਂ ਵਾਂਗ ਨਹੀਂ ਜਿਊਣੀ ਪਵੇਗੀ। ਉਹਨਾ 2023 ਵਿੱਚ ਦੌਲਤ ਦੀ ਵੰਡ ਨੂੰ ਤਿੰਨ ਭਾਗਾਂ ਵਿੱਚ ਵੰਡਦੇ ਹੋਏ ਸਮਝਾਇਆ ਕਿ ਅਮੀਰਾਂ ਕੋਲ 85 ਫੀਸਦੀ, ਮੱਧ ਵਰਗ ਕੋਲ 7 ਫੀਸਦੀ ਤੇ ਗਰੀਬਾਂ ਕੋਲ 5 ਫੀਸਦੀ ਦੌਲਤ ਦਾ ਕੁੱਲ ਹਿੱਸਾ ਹੈ, ਜੋ 2014 ਪਿੱਛੋਂ ਬਹੁਤ ਤੇਜ਼ੀ ਨਾਲ ਤਬਦੀਲ ਹੋ ਰਿਹਾ ਹੈ।
ਜਗਰੂਪ ਨੇ ਕਿਹਾ ਕਿ ਅੱਜ ਦੇ ਹਾਲਾਤ ਬਹੁਤ ਨਾਜ਼ੁਕ ਹਨ, ਜੇਕਰ ਇਹਨਾਂ ਹਾਲਤਾਂ ਨੂੰ ਮੋੜਾ ਦੇ ਕੇ ਰੁਜ਼ਗਾਰ, ਵਿੱਦਿਆ, ਸਿਹਤ ਸਹੂਲਤਾਂ ਤੇ ਮਨੁੱਖਾਂ ਦੀਆਂ ਬੁਨਿਆਦੀ ਲੋੜਾਂ ਉੱਪਰ ਨੌਜਵਾਨਾਂ, ਵਿਦਿਆਰਥੀਆਂ ਵੱਲੋਂ ਵੱਡੀ ਲਹਿਰ ਨਾ ਖੜੀ ਕੀਤੀ ਗਈ, ਫਿਰ ਆਉਣ ਵਾਲਾ ਸਮਾਂ ਹੋਰ ਭਿਆਨਕ ਹੋਵੇਗਾ। ਅੱਜ ਸਾਡੇ ਦੇਸ਼ ਵਿੱਚ ਬੇਰੁਜ਼ਗਾਰਾਂ ਦੀ ਬਹੁਤ ਵੱਡੀ ਸਮੱਸਿਆ ਬਣੀ ਪਈ ਹੈ, ਇਸ ਦੇ ਖਾਤਮੇ ਲਈ ਜਵਾਨੀ ਨੂੰ ਰੁਜ਼ਗਾਰ ਚਾਹੀਦਾ ਹੈ। ਪਾਰਲੀਮੈਂਟ ਰੁਜ਼ਗਾਰ ਦੀ ਪੱਕੀ ਗਰੰਟੀ ਲਈ ਇਕ ਕਨੂੰਨ ਬਣਾਵੇ, ਜੋ (ਬਨੇਗਾ) ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਵਜੋਂ ਹਰ ਇਕ ਕੁੜੀ-ਮੁੰਡੇ ਨੂੰ ਉਸ ਦੀ ਯੋਗਤਾ ਮੁਤਾਬਕ ਰੁਜ਼ਗਾਰ ਦੀ ਗਰੰਟੀ ਹੋਵੇ। ਕੰਮ ਦਿਹਾੜੀ ਸਮੇਂ ’ਤੇ ਗੱਲ ਕਰਦਿਆਂ ਉਹਨਾ ਕਿਹਾ ਕਿ ਇਸ ਮਸ਼ੀਨੀ ਯੁੱਗ ਵਿੱਚ ਜਿੱਥੇ 1000 ਬੰਦਿਆਂ ਦਾ ਕੰਮ ਇਕੱਲੀ ਮਸ਼ੀਨ ਕਰ ਰਹੀ ਹੈ, ਉੱਥੇ ਮਨੁੱਖੀ ਮੁਫਤ ਸਮਾਂ ਵਧਦਾ ਜਾ ਰਿਹਾ ਹੈ ਇਸ ਸਮੇਂ ਨੂੰ ਖਤਮ ਕਰਨ ਵਾਸਤੇ 8 ਘੰਟੇ ਕੰਮ ਦਿਹਾੜੀ ਸਮੇਂ ਨੂੰ ਘਟਾ ਕੇ 6 ਘੰਟੇ ਕੰਮ ਦਿਹਾੜੀ ਸਮਾਂ ਕੀਤਾ ਜਾ ਸਕਦਾ ਹੈ, ਇਸ ਨਾਲ 33 ਫੀਸਦੀ ਨਵਾਂ ਰੁਜ਼ਗਾਰ ਪੈਦਾ ਕੀਤਾ ਜਾ ਸਕਦਾ ਹੈ ਤੇ ਇਸ ਤਰੀਕੇ ਨਾਲ ਹਰ ਮਨੁੱਖ ਨੂੰ ਕੰਮ ਦਿੱਤਾ ਜਾ ਸਕਦਾ ਹੈ।





