ਕਪੂਰਥਲਾ, (ਬਲਵਿੰਦਰ ਸਿੰਘ ਧਾਲੀਵਾਲ)-ਜ਼ਿਲ੍ਹਾ ਕਪੂਰਥਲਾ ਦੇ ਥਾਣਾ ਭੁਲੱਥ ਦੀ ਪੁਲਿਸ ਨੇ ਐੱਸ ਡੀ ਐੱਮ ਭੁਲੱਥ ਸੰਜੀਵ ਸ਼ਰਮਾ ਦੀ ਸ਼ਿਕਾਇਤ ’ਤੇ ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਬੀਤੀ 29 ਮਾਰਚ ਨੂੰ ਮੁੱਖ ਮੰਤਰੀ ਅਤੇ ਮੁੱਖ ਸਕੱਤਰ ਨੂੰ ਕੀਤੀ ਗਈ ਸ਼ਿਕਾਇਤ ਵਿੱਚ ਐੱਸ ਡੀ ਐਮ ਭੁਲੱਥ ਨੇ ਦੱਸਿਆ ਕਿ ਵਿਧਾਇਕ ਖਹਿਰਾ ਵੱਲੋਂ ਉਸ ਨੂੰ ਮਾਨਸਕ ਤੌਰ ’ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾ ਦੇ ਦਫਤਰੀ ਕੰਮ ਵਿੱਚ ਦਖਲਅੰਦਾਜ਼ੀ ਕਰ ਕੇ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਿਧਾਇਕ ਵੱਲੋਂ ਉਸ ਨੂੰ ਡਰਾਇਆ-ਧਮਕਾਇਆ ਜਾ ਰਿਹਾ ਹੈ। 29 ਮਾਰਚ ਨੂੰ ਖਹਿਰਾ ਨੇ ਆਪਣੇ ਸਮਰਥਕਾਂ ਨਾਲ ਐੱਸ ਡੀ ਐੱਮ ਦਫਤਰ ਦਾ ਘਿਰਾਓ ਕੀਤਾ ਅਤੇ ਫੇਸਬੁਕ ਤੇ ਲਾਇਵ ਹੋ ਕੇ ਉਸ ਨੂੰ ਬੇਇੱਜ਼ਤ ਕਰਨ ਲਈ ਬੇਲੋੜੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਇਸ ਤੋਂ ਇਲਾਵਾ ਦਫਤਰ ਵਿੱਚ ਧੱਕੇਸ਼ਾਹੀ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਐੱਸ ਡੀ ਐੱਮ ਭੁਲੱਥ ਵੱਲੋਂ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਥਾਣਾ ਭੁਲੱਥ ਦੀ ਪੁਲਸ ਨੇ ਖਹਿਰਾ ਖਿਲਾਫ ਮੁਕੱਦਮਾ ਨੰਬਰ 25 ਧਾਰਾ 186,189, 342, 500, 506 ਤਹਿਤ ਮਾਮਲਾ ਦਰਜ ਕੀਤਾ ਹੈ।