ਪਟਿਆਲਾ : ਟਰੇਡ ਯੂਨੀਅਨ ਆਗੂ ਸਾਥੀ ਮਨੋਹਰ ਲਾਲ ਸ਼ਰਮਾ ਦਾ ਬੀਤੇ ਕੱਲ੍ਹ ਦੇਹਾਂਤ ਹੋ ਗਿਆ। ਸਾਥੀ ਆਪਣੇ ਘਰ ਦੀਆਂ ਪੌੜੀਆਂ ’ਚ ਅਚਾਨਕ ਚੱਕਰ ਆਉਣ ਕਾਰਨ ਡਿੱਗ ਪਏ। ਉਨ੍ਹਾ ਦੇ ਸਿਰ ’ਚ ਸੱਟ ਲੱਗਣ ਨਾਲ ਖੂਨ ਅੰਦਰ ਪੈ ਗਿਆ। ਜਦੋਂ ਉਨ੍ਹਾ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਮਿ੍ਰਤਕ ਐਲਾਨ ਦਿੱਤਾ। ਕਾਮਰੇਡ ਮਨੋਹਰ ਲਾਲ ਸ਼ਰਮਾ 82 ਸਾਲ ਦੇ ਸਨ ਅਤੇ ਉਹ ਪੋਸਟ ਟੈਲੀਗ੍ਰਾਫ਼ ਦੀ ਮੂਵਮੈਂਟ ਵਿੱਚ 50 ਸਾਲ ਸਿਰਕੱਢ ਆਗੂ ਰਹੇ। ਸਾਥੀ ਸ਼ਰਮਾ ਦੀ ਸਾਰੀ ਜ਼ਿੰਦਗੀ ਕੇਂਦਰੀ ਮੁਲਾਜ਼ਮਾਂ ਅਤੇ ਕਮਿਊਨਿਸਟ ਲਹਿਰ ਨੂੰ ਸਮਰਪਤ ਰਹੀ। ਉਹ ਇਨ੍ਹਾਂ 50 ਸਾਲਾਂ ਵਿੱਚ 45 ਸਾਲ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਟੈਲੀਕਾਮ (ਪੀ ਐਂਡ ਟੀ) ਕਾਮਿਆਂ ਦੇ ਸਰਕਲ ਸਕੱਤਰ ਰਹੇ। ਜਦੋਂ ਉਹ 1974 ਵਿੱਚ ਸਰਕਲ ਸਕੱਤਰ ਚੁਣੇ ਗਏ ਤਾਂ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਐੱਨ ਐੱਫ ਟੀ ਈ ਦੀ ਬ੍ਰਾਂਚਾਂ ਬਹੁਤ ਘੱਟ ਪਾਈਆਂ ਜਾਂਦੀਆਂ ਸਨ। ਉਨ੍ਹਾ ਹਿਮਾਚਲ ਅਤੇ ਹਰਿਆਣਾ ਦੇ ਦੂਰ-ਦਰਾਡੇ ਇਲਾਕਿਆਂ ਵਿੱਚ ਐੱਨ ਐੱਫ ਟੀ ਈ ਦੀਆਂ ਬ੍ਰਾਂਚਾਂ ਬਣਾਈਆਂ। ਉਨ੍ਹਾ ਦੇ ਸਮਿਆਂ ਦੌਰਾਨ ਫਤਿਆਬਾਦ ਦੀ ਤਿੰਨ ਦਿਨ ਦੀ ਮੁਕੰਮਲ ਹੜਤਾਲ ਰਹੀ। ਇਸ ਦੌਰਾਨ ਪੁਲਸ ਧੱਕੇ ਨਾਲ ਤਿੰਨ ਸਾਥੀਆਂ ਨੂੰ ਐਕਸਚੇਂਜ ਵਿੱਚੋਂ ਚੁੱਕ ਕੇ ਲੈ ਗਈ ਸੀ। ਉਹ ਹੜਤਾਲ ਕਾਮਿਆਂ ਦੇ ਹੱਕ ਵਿਚ ਸਫ਼ਲਤਾ ਨਾਲ ਸਮਾਪਤ ਹੋਈ। ਬੀ ਐੱਸ ਐੱਨ ਐਲ ਬਣਨ ’ਤੇ ਉਨ੍ਹਾ ਪੰਜਾਬ ਸਰਕਲ ਦੀ ਹੜਤਾਲ ਸਤ ਪ੍ਰਤੀਸ਼ਤ ਕਰਵਾਈ। ਉਹ ਐੱਨ ਐੱਫ ਟੀ ਈ ਦੇ ਮਹਾਨ ਲੀਡਰ ਕਾਮਰੇਡ ਓ ਪੀ ਗੁਪਤਾ ਦੇ ਪੈਰੋਕਾਰ ਸਨ, ਪਰ ਉਨ੍ਹਾ ਦੇ ਨਿੱਜੀਕਰਨ ਅਤੇ ਨਿਗਮੀਕਰਨ ਦੇ ਫੈਸਲੇ ਦੇ ਵਿਰੋਧੀ ਸਨ। ਉਨ੍ਹਾ ਦੇ ਹੀ ਤਿੱਖੇ ਵਿਰੋਧ ਕਾਰਨ ਕਾਮਰੇਡ ਗੁਪਤਾ ਨੇ ਸਰਕਾਰ ਕੋਲੋਂ ਬੀ ਐੱਸ ਅੱੈਨ ਐੱਲ ਲਈ ਸਰਕਾਰੀ ਪੈਨਸ਼ਨ ਦੀ ਗਰੰਟੀ ਲੈ ਕੇ ਕਾਨੂੰਨ ਬਣਾਇਆ। ਉਹ ਸੀ ਪੀ ਆਈ ਸਟੇਟ ਕੌਂਸਲ ਅਤੇ ਕਾਰਜਕਾਰਨੀ ਦੇ ਮੈਂਬਰ ਵੀ ਰਹੇ।
ਉਨ੍ਹਾ ਦੇ ਅੰਤਮ ਸੰਸਕਾਰ ’ਤੇ ਪਹੁੰਚੇ ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਬਰਾੜ, ਪੰਜਾਬ ਏਟਕ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ, ਕਿਸਾਨ ਆਗੂ ਭੁਪਿੰਦਰ ਸਾਂਬਰ, ਪਿ੍ਰਥੀਪਾਲ ਸਿੰਘ ਮਾੜੀਮੇਘਾ, ਗੁਰਨਾਮ ਕੰਵਰ, ਬੈਂਕ ਆਗੂ ਐੱਸ ਕੇ ਗੌਤਮ, ਸੁਤੰਤਰ ਕੁਮਾਰ, ਸ੍ਰੀ ਬਾਜਵਾ ਸਰਕਲ ਸੈਕਟਰੀ ਆਲ ਇੰਡੀਆ ਬੀ ਐੱਸ ਅੱੈਨ ਐੱਲ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ, ਰਮੇਸ਼ ਰਤਨ ਡੀ ਈ ਪੀ ਕੈਸ਼ੀਅਰ, ਕਰਮ ਚੰਦ ਭਾਰਦਵਾਜ ਤੇ ਨਿਰਮਲ ਪ੍ਰਸਾਦ ਨੇ ਉਨ੍ਹਾ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾ ਦੇ ਦੋਹਤੇ ਨੇ ਚਿਖਾ ਨੂੰ ਅਗਨੀ ਭੇਟ ਕੀਤੀ। ਸੈਂਕੜੇ ਟੈਲੀਕਾਮ ਪੈਨਸ਼ਨਰਾਂ ਨੇ ਪਰਵਾਰ ਨੂੰ ਦਿਲਾਸਾ ਦਿੱਤਾ। ਉਨ੍ਹਾ ਨਮਿਤ ਰਸਮ ਕਿਰਿਆ 29 ਅਪ੍ਰੈਲ (ਸ਼ਨੀਵਾਰ) ਨੂੰ ਪਟਿਆਲਾ ਵਿਖੇ ਕੀਤੀ ਜਾਵੇਗੀ। ਇਸ ਮੌਕੇ ਕਾਮਰੇਡ ਸਿੰਗੀ, ਬਲਦੇਵ ਸਿੰਘ, ਪ੍ਰੀਤਮ ਹੁੰਦਲ, ਬਲਵੀਰ ਸਿੰਘ, ਗੁਰਮੀਤ ਸਿੰਘ ਤੇ ਨਰਿੰਦਰ ਕਾਲੀਆ ਆਦਿ ਨੇ ਵੀ ਸ਼ਰਧਾਂਜਲੀ ਭੇਟ ਕੀਤੀ।