ਮਹਾਨ ਮੁੱਕੇਬਾਜ਼ ਕੌਰ ਸਿੰਘ ਨਹੀਂ ਰਹੇ

0
189

ਦਿੜ੍ਹਬਾ : ਦੁਨੀਆ ਦੇ ਮਹਾਨ ਮੁੱਕੇਬਾਜ਼ ਮੁਹੰਮਦ ਅਲੀ ਨਾਲ ਪ੍ਰਦਰਸ਼ਨੀ ਮੈਚ ਖੇਡਣ ਵਾਲੇ ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨ ਕੌਰ ਸਿੰਘ (74) ਦਾ ਵੀਰਵਾਰ ਹਰਿਆਣਾ ਦੇ ਕੁਰੂਕਸ਼ੇਤਰ ਦੇ ਹਸਪਤਾਲ ’ਚ ਦੇਹਾਂਤ ਹੋ ਗਿਆ। ਸ਼ੂਗਰ ਤੋਂ ਪੀੜਤ ਹੋਣ ਕਾਰਨ ਪਹਿਲਾਂ ਉਨ੍ਹਾ ਦਾ ਇਲਾਜ ਪਟਿਆਲਾ ਵਿਖੇ ਚੱਲ ਰਿਹਾ ਸੀ। ਬੁੱਧਵਾਰ ਰਾਤ ਹਾਲਤ ਖਰਾਬ ਹੋਣ ਕਾਰਨ ਉਨ੍ਹਾ ਨੂੰ ਕੁਰੂਕਸ਼ੇਤਰ ਦੇ ਹਸਪਤਾਲ ’ਚ ਲਿਜਾਇਆ ਗਿਆ ਸੀ। ਉਹ ਆਪਣੇ ਪਿੱਛੇ ਦੋ ਪੁੱਤਰ ਅਤੇ ਇੱਕ ਧੀ ਛੱਡ ਗਏ ਹਨ।
ਕੁੱਝ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਸਕੂਲੀ ਕਿਤਾਬਾਂ ’ਚ ਉਨ੍ਹਾ ਦੀ ਜੀਵਨੀ ਛਾਪਣ ਦਾ ਐਲਾਨ ਕੀਤਾ ਸੀ। ਭਾਰਤੀ ਫੌਜ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਉਹ ਸੰਗਰੂਰ ਜ਼ਿਲ੍ਹੇ ਦੇ ਆਪਣੇ ਜੱਦੀ ਪਿੰਡ ਖਨਾਲ ਖੁਰਦ ਵਿਖੇ ਰਹਿ ਰਹੇ ਸਨ। ਉਨ੍ਹਾ ਨੇ 1982 ਦੀਆਂ ਏਸ਼ੀਅਨ ਖੇਡਾਂ ਸਮੇਤ ਕੌਮਾਂਤਰੀ ਮੁਕਾਬਲਿਆਂ ’ਚ ਛੇ ਸੋਨ ਤਮਗੇ ਜਿੱਤੇ। ਉਨ੍ਹਾਂ ਦੇ ਯਾਦਗਾਰੀ ਮੈਚਾਂ ਵਿੱਚ ਇੱਕ ਚਾਰ-ਗੇੜ ਦਾ ਪ੍ਰਦਰਸ਼ਨੀ ਮੈਚ ਸੀ, ਜੋ ਉਨ੍ਹਾ 27 ਜਨਵਰੀ 1980 ਨੂੰ ਦਿੱਲੀ ’ਚ ਮਹਾਨ ਮੁਹੰਮਦ ਅਲੀ ਨਾਲ ਖੇਡਿਆ ਸੀ। ਉਨ੍ਹਾ ਨੇ ਨਵੀਂ ਦਿੱਲੀ ’ਚ 1982 ਦੀਆਂ ਏਸ਼ੀਆਈ ਖੇਡਾਂ ’ਚ ਹੈਵੀਵੇਟ ਮੁੱਕੇਬਾਜ਼ੀ ਦਾ ਸੋਨ ਤਮਗਾ ਜਿੱਤਿਆ ਸੀ। ਕੌਰ ਸਿੰਘ ਨੂੰ 1982 ’ਚ ਅਰਜੁਨ ਐਵਾਰਡ, 1983 ’ਚ ਪਦਮਸ੍ਰੀ ਅਤੇ 1988 ’ਚ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਤ ਕੀਤਾ ਗਿਆ।
ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਉਲੰਪੀਅਨ ਕੌਰ ਸਿੰਘ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕੌਰ ਸਿੰਘ ਨੇ ਕੌਮੀ ਤੇ ਕੌਮਾਂਤਰੀ ਪਿੜ ’ਚ ਨਾਮਣਾ ਖੱਟ ਕੇ ਭਾਰਤ ਦਾ ਨਾਂਅ ਰੌਸ਼ਨ ਕੀਤਾ। ਕੌਰ ਸਿੰਘ ਦਾ ਜੀਵਨ ਅਤੇ ਯੋਗਦਾਨ ਉਭਰਦੇ ਖਿਡਾਰੀਆਂ ਨੂੰ ਸਖਤ ਮਿਹਨਤ ਕਰਨ ਅਤੇ ਵਧੀਆ ਪ੍ਰਦਰਸ਼ਨ ਦਿਖਾਉਣ ਲਈ ਪ੍ਰੇਰਿਤ ਕਰੇਗਾ।

LEAVE A REPLY

Please enter your comment!
Please enter your name here