ਨਿਊ ਯਾਰਕ : ਅਮਰੀਕੀ ਪੱਤਰਕਾਰ, ਲੇਖਿਕਾ ਅਤੇ ਕਾਲਮਨਵੀਸ ਜੀਨ ਕੈਰੋਲ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਅਦਾਲਤ ’ਚ ਸੁਣਵਾਈ ਦੌਰਾਨ ਦੋਸ਼ ਲਾਇਆ ਕਿ ਟਰੰਪ ਨੇ ਲਗਜ਼ਰੀ ਡਿਪਾਰਟਮੈਂਟ ਸਟੋਰ ’ਚ ਉਸ ਨਾਲ ਬਲਾਤਕਾਰ ਕੀਤਾ। ਕੈਰੋਲ ਨੇ ਜੱਜਾਂ ਨੂੰ ਕਿਹਾ-ਮੈਂ ਇੱਥੇ ਹਾਂ, ਕਿਉਂਕਿ ਡੋਨਾਲਡ ਟਰੰਪ ਨੇ ਮੇਰੇ ਨਾਲ ਬਲਾਤਕਾਰ ਕੀਤਾ ਅਤੇ ਜਦੋਂ ਮੈਂ ਇਸ ਬਾਰੇ ਲਿਖਿਆ ਤਾਂ ਉਸ ਨੇ ਇਸ ਤੋਂ ਇਨਕਾਰ ਕੀਤਾ।
ਜਦੋਂ ਕੈਰੋਲ 1996 ’ਚ ਆਪਣੇ ਕਥਿਤ ਬਲਾਤਕਾਰ ਬਾਰੇ ਅਦਾਲਤ ’ਚ ਗਵਾਹੀ ਦੇ ਰਹੀ ਸੀ ਤਾਂ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ’ਤੇ ਇਸ ਕੇਸ ਨੂੰ ‘ਫਰਜ਼ੀ ਅਤੇ ਝੂਠੀ ਕਹਾਣੀ’ ਕਰਾਰ ਦਿੱਤਾ। ਕੈਰੋਲ ਨੇ ਅਦਾਲਤ ਨੂੰ ਦੱਸਿਆ ਕਿ ਉਹ 1996 ਵਿਚ ਸ਼ਾਮ ਨੂੰ ਬਰਗਡੋਰਫ ਗੁਡਮੈਨ ਵਿਖੇ ਟਰੰਪ ਨੂੰ ਮਿਲੀ, ਜਿੱਥੇ ਟਰੰਪ ਨੇ ਉਸ ਤੋਂ ਔਰਤਾਂ ਦੇ ਅੰਦਰੂਨੀ ਵਸਤਰ ਖਰੀਦਣ ਵਿਚ ਮਦਦ ਮੰਗੀ ਅਤੇ ਕੱਪੜੇ ਬਦਲਣ ਵਾਲੇ ਕਮਰੇ ਵਿਚ ਉਸ ਨਾਲ ਬਲਾਤਕਾਰ ਕੀਤਾ। ਉਸ ਨੇ ਕਿਹਾ ਕਿ ਕਈ ਦਹਾਕਿਆਂ ਤੱਕ ਉਸ ਨੇ ਆਪਣੇ ਦੋ ਦੋਸਤਾਂ ਨੂੰ ਛੱਡ ਕੇ ਕਿਸੇ ਨੂੰ ਨਹੀਂ ਦੱਸਿਆ, ਕਿਉਂਕਿ ਉਸ ਨੂੰ ਡਰ ਸੀ ਕਿ ਟਰੰਪ ਉਸ ਤੋਂ ਬਦਲਾ ਲਵੇਗਾ ਅਤੇ ਉਸ ਨੂੰ ਉਦੋਂ ਲੱਗਿਆ ਜੋ ਹੋਇਆ ਉਹ ਉਸ ਦੀ ਗਲਤੀ ਸੀ।





