ਨਵੀਂ ਦਿੱਲੀ : ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬਿ੍ਰਜ ਭੂਸ਼ਣ ਸਿੰਘ ਦੇ ਖਿਲਾਫ ਜੰਤਰ-ਮੰਤਰ ਵਿਖੇ ਪਹਿਲਵਾਨਾਂ ਦੇ ਧਰਨੇ ਦੇ ਪੰਜਵੇਂ ਦਿਨ ਹਰਿਆਣਾ ਤੇ ਯੂ ਪੀ ਦੀਆਂ ਕਈ ਖਾਪ ਪੰਚਾਇਤਾਂ ਦੇ ਨੁਮਾਇੰਦੇ ਪੁੱਜੇ ਤੇ ਪਹਿਲਵਾਨ ਕੁੜੀਆਂ ਨਾਲ ਯੋਨ ਸ਼ੋਸ਼ਣ ਦੇ ਦੋਸ਼ਾਂ ਤਹਿਤ ਪ੍ਰਧਾਨ ਖਿਲਾਫ ਤੁਰੰਤ ਐੱਫ ਆਈ ਆਰ ਦਰਜ ਕਰਕੇ ਗਿ੍ਰਫਤਾਰੀ ਦੀ ਮੰਗ ਕੀਤੀ। ਹਮਾਇਤ ਵਿਚ ਪੁੱਜਣ ਵਾਲਿਆਂ ’ਚ ਉੱਤਰ ਭਾਰਤ ਦੀ ਸਭ ਤੋਂ ਵੱਡੀ ਖਾਪ ਪੰਚਾਇਤ ਪਾਲਮ-360 ਦੇ ਪ੍ਰਧਾਨ ਚੌਧਰੀ ਸੁਰਿੰਦਰ ਸੋਲੰਕੀ ਵੀ ਸਨ।
ਇਸੇ ਦੌਰਾਨ ਹਰਿਆਣਾ ਕੁਸ਼ਤੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਾਕੇਸ਼ ਨੇ ਕਿਹਾ ਕਿ ਵਿਨੇਸ਼ ਫੋਗਾਟ ਤੇ ਸਾਕਸ਼ੀ ਨਾਲ ਕੁਝ ਵੀ ਗਲਤ ਨਹੀਂ ਹੋਇਆ। ਫੋਗਾਟ ਪਰਵਾਰ ਕੁਸ਼ਤੀ ਫੈਡਰੇਸ਼ਨ ’ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਕਾਂਗਰਸੀ ਆਗੂ ਪਹਿਲਵਾਨਾਂ ਨੂੰ ਭੜਕਾ ਰਹੇ ਹਨ। ਬਜਰੰਗ ਪੂਨੀਆ ਸਰਕਾਰੀ ਅਧਿਕਾਰੀ ਹੈ ਤੇ ਉਹ ਬਿਨਾਂ ਆਗਿਆ ਦੇ ਧਰਨੇ ’ਤੇ ਨਹੀਂ ਬੈਠ ਸਕਦਾ।
ਉਧਰ, ਪੂਨੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦਾ ਕਵਰ ਬਦਲ ਲਿਆ ਹੈ। ਪਹਿਲਾਂ ਉਸ ਦੀ ਪ੍ਰਧਾਨ ਮੰਤਰੀ ਮੋਦੀ ਨਾਲ ਹੱਥ ਮਿਲਾਉਂਦੇ ਦੀ ਫੋਟੋ ਸੀ, ਪਰ ਹੁਣ ਸਿੰਗਲ ਫੋਟੋ ਲਾ ਲਈ ਹੈ।
ਦੰਗਲ ਗਰਲ ਇੰਟਰਨੈਸ਼ਨਲ ਰੈਸਲਰ ਗੀਤਾ ਫੋਗਾਟ ਵੀ ਪਹਿਲਵਾਨਾਂ ਦੀ ਹਮਾਇਤ ’ਚ ਆ ਗਈ। ਉਸ ਨੇ ਟਵੀਟ ਕੀਤਾਸੱਚ ਪ੍ਰੇਸ਼ਾਨ ਹੋ ਸਕਦਾ ਹੈ, ਪਰ ਹਾਰ ਨਹੀਂ ਸਕਦਾ।
ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸਰਕਾਰ ਨੇ ਹਰ ਕਿਸੇ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ। ਮੋਦੀ ਸਰਕਾਰ ਖਿਡਾਰੀਆਂ ਨਾਲ ਖੜ੍ਹੀ ਹੈ। ਉਨ੍ਹਾਂ ਲਈ ਖੇਡ ਪ੍ਰਾਥਮਿਕਤਾ ਹੈ, ਜਿਸ ’ਤੇ ਸਮਝੌਤਾ ਨਹੀਂ ਕਰਨਗੇ।
ਪਹਿਲਵਾਨਾਂ ਦੇ ਪ੍ਰੋਟੈੱਸਟ ਦਰਮਿਆਨ ਬਿ੍ਰਜ ਭੂਸ਼ਣ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਉਹ ਕਵਿਤਾ ਪੜ੍ਹਦਾ ਕਹਿ ਰਿਹਾ ਹੈਜਿਸ ਦਿਨ ਮੇਰਾ ਸੰਘਰਸ਼ ਖਤਮ ਹੋ ਜਾਏਗਾ, ਉਸ ਦਿਨ ਮੇਰੀ ਮਿ੍ਰਤੂ ਹੋ ਜਾਏਗੀ।
ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਟਵੀਟ ਕੀਤਾ ਹੈਪਿੰਡਾਂ ਵਿਚ ਇਸ ਮੁੱਦੇ ’ਤੇ ਬਹੁਤ ਗੁੱਸਾ ਹੈ। ਖਿਡਾਰੀ ਕਿਸੇ ਜਾਤ, ਸਮਾਜ ਜਾਂ ਖੇਤਰ ਦੇ ਨਹੀਂ ਹਨ, ਸਗੋਂ ਸਾਡੇ ਸਭ ਦੇ ਹਨ। ਖਿਡਾਰੀਆਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ।
ਉਲੰਪਿਕ ਸੋਨ ਤਮਗਾ ਜੇਤੂ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ ਟਵੀਟ ਕੀਤਾ ਹੈਐਥਲੀਟਾਂ ਵਜੋਂ ਅਸੀਂ ਕੌਮਾਂਤਰੀ ਪੱਧਰ ’ਤੇ ਦੇਸ਼ ਦੀ ਨੁਮਾਇੰਦਗੀ ਕਰਨ ਲਈ ਹਰ ਦਿਨ ਕਰੜੀ ਮਿਹਨਤ ਕਰਦੇ ਹਾਂ। ਭਾਰਤੀ ਕੁਸ਼ਤੀ ਪ੍ਰਸ਼ਾਸਨ ਖਿਲਾਫ ਦੋਸ਼ਾਂ ਤਹਿਤ ਐਥਲੀਟਾਂ ਦਾ ਸੜਕ ’ਤੇ ਪ੍ਰੋਟੈੱਸਟ ਕਰਨਾ ਬਹੁਤ ਹੀ ਚਿੰਤਾਜਨਕ ਹੈ। ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਸ ਮੁੱਦੇ ਨੂੰ ਠੀਕ ਢੰਗ ਨਾਲ ਸੰਭਾਲਿਆ ਜਾਵੇ, ਐਥਲੀਟਾਂ ਦੀ ਚਿੰਤਾ ਨੂੰ ਸੁਣਿਆ ਜਾਵੇ ਅਤੇ ਨਿਰਪੱਖ ਤੇ ਆਜ਼ਾਦਾਨਾ ਜਾਂਚ ਹੋਵੇ। ਇਹ ਘਟਨਾ ਇਕ ਉਚਿਤ ਸੁਰੱਖਿਆ ਤੰਤਰ ਦੀ ਲੋੜ ਨੂੰ ਉਜਾਗਰ ਕਰਦੀ ਹੈ, ਜੋ ਸ਼ੋਸ਼ਣ ਨੂੰ ਰੋਕ ਸਕੇ ਤੇ ਪ੍ਰਭਾਵਤ ਲੋਕਾਂ ਨੂੰ ਇਨਸਾਫ ਯਕੀਨੀ ਬਣਾ ਸਕੇ। ਸਾਨੂੰ ਸਾਰੇ ਐਥਲੀਟਾਂ ਦੇ ਵਿਕਾਸ ਲਈ ਇਕ ਸੁਰੱਖਿਅਤ ਮਾਹੌਲ ਸਿਰਜਣ ਦੀ ਦਿਸ਼ਾ ਵਿਚ ਕੰਮ ਕਰਨਾ ਚਾਹੀਦਾ ਹੈ।
ਇਸੇ ਦਰਮਿਆਨ ਭਾਰਤੀ ਉਲੰਪਿਕ ਐਸੋਸੀਏਸ਼ਨ ਦੀ ਪ੍ਰਧਾਨ ਪੀ ਟੀ ਊਸ਼ਾ ਨੇ ਕਿਹਾ ਹੈ ਕਿ ਪਹਿਲਵਾਨਾਂ ਦਾ ਸੜਕਾਂ ’ਤੇ ਪ੍ਰਦਰਸ਼ਨ ਕਰਨਾ ਅਨੁਸ਼ਾਸਨਹੀਣਤਾ ਹੈ। ਇਸ ਨਾਲ ਭਾਰਤ ਦਾ ਅਕਸ ਖਰਾਬ ਹੋ ਰਿਹਾ ਹੈ। ਉਨ੍ਹਾ ਕਿਹਾ ਕਿ ਹੁਣ ਭਾਰਤੀ ਕੁਸ਼ਤੀ ਫੈਡਰੇਸ਼ਨ ਨੂੰ ਸਾਬਕਾ ਨਿਸ਼ਾਨੇਬਾਜ਼ ਸੁਮਾ ਸ਼ਿਰੂਰ, ਵੁਸ਼ੂ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਭੁਪਿੰਦਰ ਸਿੰਘ ਬਾਜਵਾ ਤੇ ਹਾਈ ਕੋਰਟ ਦੇ ਸਾਬਕਾ ਜੱਜ, ਜਿਨ੍ਹਾਂ ਦਾ ਨਾਂਅ ਤੈਅ ਕੀਤਾ ਜਾਣਾ ਹੈ, ਦਾ ਤਿੰਨ ਮੈਂਬਰੀ ਪੈਨਲ ਚਲਾਏਗਾ। ਊਸ਼ਾ ਦੇ ਇਸ ਬਿਆਨ ’ਤੇ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਕਿ ਉਨ੍ਹਾ ਤੋਂ ਏਨੇ ਕਰੜੇ ਬਿਆਨ ਦੀ ਉਮੀਦ ਨਹੀਂ ਸੀ। ਸੁਪਰੀਮ ਕੋਰਟ ਪਹਿਲਵਾਨਾਂ ਦੀ ਪਟੀਸ਼ਨ ’ਤੇ ਸ਼ੁੱਕਰਵਾਰ ਸੁਣਵਾਈ ਕਰੇਗੀ। ਸ਼ੁੱਕਰਵਾਰ ਨੂੰ ਇਸ ਮੁੱਦੇ ’ਤੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵੀ ਹੋ ਰਹੀ ਹੈ।





