ਨਵੀਂ ਦਿੱਲੀ : ਦਿੱਲੀ ਪੁਲਸ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਸ ਨੇ ਪਹਿਲਵਾਨਾਂ ਦੀ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ‘ਤੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬਿ੍ਜ ਭੂਸ਼ਣ ਸ਼ਰਣ ਸਿੰਘ ਵਿਰੁੱਧ ਐੱਫ ਆਈ ਆਰ ਦਰਜ ਕਰਨ ਦਾ ਫੈਸਲਾ ਕੀਤਾ ਹੈ | ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਅੱਜ (ਸ਼ੁੱਕਰਵਾਰ) ਐੱਫ ਆਈ ਆਰ ਦਰਜ ਕੀਤੀ ਜਾਵੇਗੀ |
ਚੀਫ ਜਸਟਿਸ ਡੀ ਵਾਈ ਚੰਦਰਚੂੜ ਅਤੇ ਜਸਟਿਸ ਪੀ ਐੱਸ ਨਰਸਿਮ੍ਹਾ ਦੀ ਬੈਂਚ ਵੱਲੋਂ 7 ਮਹਿਲਾ ਪਹਿਲਵਾਨਾਂ ਦੀ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਬਾਰੇ ਪਟੀਸ਼ਨ ਦੀ ਸੁਣਵਾਈ ਦੌਰਾਨ ਮਹਿਤਾ ਨੇ ਦਿੱਲੀ ਪੁਲਸ ਦੇ ਫੈਸਲੇ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਹੁਣ ਇਸ ਪਟੀਸ਼ਨ ਵਿਚ ਕੁਝ ਨਹੀਂ ਬਚਿਆ | ਚੇਤੇ ਰਹੇ ਪਹਿਲਾਂ ਦਿੱਲੀ ਪੁਲਸ ਨੇ ਕਿਹਾ ਸੀ ਕਿ ਉਹ ਐੱਫ ਆਈ ਆਰ ਤੋਂ ਪਹਿਲਾਂ ਜਾਂਚ ਕਰੇਗੀ |
ਜਦੋਂ ਪਹਿਲਵਾਨਾਂ ਦੇ ਵਕੀਲ ਕਪਿਲ ਸਿੱਬਲ ਨੇ ਮਹਿਲਾ ਪਹਿਲਵਾਨਾਂ ਨੂੰ ਸੁਰੱਖਿਆ ਦੇਣ ਦੀ ਮੰਗ ਕੀਤੀ ਤਾਂ ਬੈਂਚ ਨੇ ਦਿੱਲੀ ਦੇ ਪੁਲਸ ਕਮਿਸ਼ਨਰ ਨੂੰ ਨਾਬਾਲਗ ਲੜਕੀ ਨੂੰ ਖਤਰੇ ਦਾ ਮੁਲਾਂਕਣ ਕਰਨ ਅਤੇ ਉਸ ਨੂੰ ਢੁਕਵੀਂ ਸੁਰੱਖਿਆ ਪ੍ਰਦਾਨ ਕਰਨ ਦਾ ਨਿਰਦੇਸ਼ ਦਿੱਤਾ | ਮਾਮਲੇ ਦੀ ਅਗਲੀ ਸੁਣਵਾਈ ਅਗਲੇ ਸ਼ੁੱਕਰਵਾਰ ਨੂੰ ਹੋਵੇਗੀ | ਦਿੱਲੀ ਪੁਲਸ ਵੱਲੋਂ ਐੱਫ ਆਈ ਆਰ ਦਰਜ ਨਾ ਕਰਨ ‘ਤੇ ਪਹਿਲਵਾਨ ਸੁਪਰੀਮ ਕੋਰਟ ਗਏ ਸਨ | ਪਹਿਲਵਾਨਾਂ ਨੇ ਕਿਹਾ ਹੈ ਕਿ ਬਿ੍ਜ ਭੂਸ਼ਣ ਵਿਰੁੱਧ ਐੱਫ ਆਈ ਆਰ ਦਰਜ ਕਰਨਾ ਜਿੱਤ ਵੱਲ ਪਹਿਲਾ ਕਦਮ ਹੈ, ਪਰ ਵਿਰੋਧ ਜਾਰੀ ਰਹੇਗਾ | ਉਨਾ ਕਿਹਾ ਕਿ ਦਿੱਲੀ ਪੁਲਸ ‘ਤੇ ਭਰੋਸਾ ਨਹੀਂ, ਉਹ ਕਮਜ਼ੋਰ ਐੱਫ ਆਈ ਆਰ ਦਰਜ ਕਰ ਸਕਦੀ ਹੈ |
ਇਸੇ ਦੌਰਾਨ ਜਿਨਸੀ ਸ਼ੋਸ਼ਣ ਖਿਲਾਫ ਦਿੱਲੀ ਦੇ ਜੰਤਰ-ਮੰਤਰ ‘ਤੇ ਧਰਨਾ ਦੇਣ ਵਾਲੇ ਪਹਿਲਵਾਨਾਂ ਦੇ ਹੱਕ ਵਿਚ ਕਈ ਨਾਮੀ ਖਿਡਾਰੀ ਨਿੱਤਰ ਆਏ ਹਨ | ਸਾਬਕਾ ਸਟਾਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਟਵੀਟ ਕਰਕੇ ਕਿਹਾ-ਇੱਕ ਐਥਲੀਟ ਤੋਂ ਇਲਾਵਾ ਇੱਕ ਔਰਤ ਦੇ ਰੂਪ ‘ਚ ਇਹ ਦੇਖਣਾ ਬਹੁਤ ਮੁਸ਼ਕਲ ਹੈ | ਇਨ੍ਹਾਂ ਸੜਕਾਂ ‘ਤੇ ਉਤਰੇ ਪਹਿਲਵਾਨਾਂ ਨੇ ਕੌਮਾਂਤਰੀ ਪੱਧਰ ‘ਤੇ ਸਾਡੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ ਅਤੇ ਅਸੀਂ ਸਾਰਿਆਂ ਨੇ ਉਨ੍ਹਾਂ ਦੇ ਨਾਲ ਜਸ਼ਨ ਮਨਾਇਆ ਹੈ | ਹੁਣ ਇਨ੍ਹਾਂ ਨਾਲ ਖੜ੍ਹੇ ਹੋਣ ਦਾ ਸਮਾਂ ਆ ਗਿਆ ਹੈ | ਇਹ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਹੈ ਅਤੇ ਗੰਭੀਰ ਇਲਜ਼ਾਮ ਹਨ | ਮੈਨੂੰ ਉਮੀਦ ਹੈ ਕਿ ਜੋ ਵੀ ਸੱਚਾਈ ਹੈ, ਸਾਹਮਣੇ ਆਏਗੀ ਤੇ ਇਨਸਾਫ ਮਿਲੇਗਾ | ਹੁਣ ਨਹੀਂ ਤਾਂ ਕੁੱਝ ਸਮੇਂ ਬਾਅਦ | ਕਿ੍ਕਟਰ ਵਰਿੰਦਰ ਸਹਿਵਾਗ, ਹਰਭਜਨ ਸਿੰਘ, ਨਵਜੋਤ ਸਿੰਘ ਸਿੱਧੂ, ਮਦਨ ਲਾਲ, ਇਰਫਾਨ ਪਠਾਨ, ਨਿਸ਼ਾਨੇਬਾਜ਼ ਅਭਿਨਵ ਬਿੰਦਰਾ, ਹਾਕੀ ਸਟਾਰ ਰਾਣੀ ਰਾਮਪਾਲ, ਮੁੱਕੇਬਾਜ ਨਿਖਤ ਜ਼ਰੀਨ ਨੇ ਵੀ ਪਹਿਲਵਾਨਾਂ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰਿਆ ਹੈ | ਉਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ ਨੇ ਪ੍ਰਦਰਸ਼ਨਕਾਰੀ ਪਹਿਲਵਾਨਾਂ ਦਾ ਸਮਰਥਨ ਕਰਦਿਆਂ ਨਿਆਂ ਯਕੀਨੀ ਬਣਾਉਣ ਲਈ ਅਧਿਕਾਰੀਆਂ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ | ਚੋਪੜਾ ਦੀ ਇਹ ਪ੍ਰਤੀਕਿਰਿਆ ਅਜਿਹੇ ਸਮੇਂ ਆਈ ਹੈ ਜਦੋਂ ਭਾਰਤੀ ਉਲੰਪਿਕ ਐਸੋਸੀਏਸ਼ਨ ਦੀ ਪ੍ਰਧਾਨ ਪੀ ਟੀ ਊਸ਼ਾ ਨੇ ਪਹਿਲਵਾਨਾਂ ਦੇ ਧਰਨੇ ਦੀ ਵੀਰਵਾਰ ਸਖਤ ਆਲੋਚਨਾ ਕੀਤੀ | ਜੈਵਲਿਨ ਥ੍ਰੋਅਰ ਚੋਪੜਾ ਨੇ ਕਿਹਾ ਕਿ ਇਹ ਦੁਖਦਾਈ ਹੈ ਕਿ ਪਹਿਲਵਾਨਾਂ ਨੂੰ ਨਿਆਂ ਲਈ ਸੜਕਾਂ ‘ਤੇ ਆਉਣ ਲਈ ਮਜਬੂਰ ਹੋਣਾ ਪਿਆ |