ਚੰਡੀਗੜ੍ਹ/ਜਲੰਧਰ (ਗੁਰਜੀਤ ਬਿੱਲਾ, ਸ਼ੈਲੀ ਐਲਬਰਟ)
ਆਮ ਆਦਮੀ ਪਾਰਟੀ (ਆਪ) ਨੇ ਕਿਹਾ ਕਿ ਭਾਜਪਾ ਦੇ ਰਾਜ ਵਿੱਚ ਸਾਡੇ ਦੇਸ਼ ਦੀਆਂ ਧੀਆਂ ਸੁਰੱਖਿਅਤ ਨਹੀਂ ਹਨ। ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਭਾਜਪਾ ਦੀ ਅਣਦੇਖੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪ ’ਤੇ ਭਾਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਸਾਡੇ ਓਲੰਪਿਕ ਅਤੇ ਰਾਸ਼ਟਰਮੰਡਲ ਖੇਡਾਂ ਦੇ ਤਗਮਾ ਜੇਤੂ ਖਿਡਾਰੀਆਂ ਨੂੰ ਭਾਜਪਾ ਸਾਂਸਦ ਦੇ ਖਿਲਾਫ ਜਿਣਸੀ ਸ਼ੋਸ਼ਣ ਦੇ ਮਾਮਲੇ ਵਿੱਚ ਐੱਫ ਆਈ ਆਰ ਦਰਜ ਕਰਵਾਉਣ ਲਈ ਸੜਕਾਂ ’ਤੇ ਧਰਨੇ ਦੇਣੇ ਪੈ ਰਹੇ ਹਨ।
ਇੱਥੇ ਸ਼ਨੀਵਾਰ ਨੂੰ ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ, ਜਲੰਧਰ ਸੁਧਾਰ ਟਰੱਸਟ ਦੇ ਚੇਅਰਮੈਨ ਜਗਤਾਰ ਸਿੰਘ ਸੰਘੇੜਾ ਅਤੇ ‘ਆਪ’ ਆਗੂ ਤੇ ਸਾਬਕਾ ਹਾਕੀ ਖਿਡਾਰੀ ਸੁਰਿੰਦਰ ਸਿੰਘ ਸੋਢੀ ਨਾਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਅਤੇ ਮੋਦੀ ਦੇ ਬੇਸ਼ਰਮੀ ਭਰੇ ਵਿਵਹਾਰ ਕਾਰਨ ਸਾਨੂੰ ਭਾਰਤੀਆਂ ਨੂੰ ਸ਼ਰਮਿੰਦਾ ਹੋਣਾ ਪੈ ਰਿਹਾ ਹੈ। ਅੱਜ ਪੂਰੀ ਦੁਨੀਆ ਦੇਖ ਰਹੀ ਹੈ ਕਿ ਕਿਵੇਂ ਸਾਡੇ ਅੰਤਰਰਾਸ਼ਟਰੀ ਖਿਡਾਰੀਆਂ ਨੂੰ ਵੀ ਇਨਸਾਫ ਲੈਣ ਲਈ ਧਰਨਾ ਦੇਣਾ ਪੈਂਦਾ ਹੈ ਅਤੇ ਕਿਵੇਂ ਉਨ੍ਹਾਂ ਨੂੰ ਭਾਜਪਾ ਦੇ ਸੰਸਦ ਮੈਂਬਰ ਬਿ੍ਰਜ ਭੂਸ਼ਣ ਸਰਨ ਸਿੰਘ ਵਿਰੁੱਧ ਐੱਫ ਆਈ ਆਰ ਦਰਜ ਕਰਵਾਉਣ ਲਈ ਸੁਪਰੀਮ ਕੋਰਟ ਤੱਕ ਦਾ ਦਰਵਾਜ਼ਾ ਖੜਕਾਉਣਾ ਪੈ ਰਿਹਾ ਹੈ। ‘ਆਪ’ ਆਗੂ ਨੇ ਕਿਹਾ ਕਿ ਭਾਜਪਾ ਦੇ ਰਾਜ ਵਿੱਚ ਇਹ ਕੋਈ ਨਵੀਂ ਗੱਲ ਨਹੀਂ ਹੈ। ਸਾਡੀਆਂ ਧੀਆਂ ਸੁਰੱਖਿਅਤ ਨਹੀਂ ਹਨ। ਭਾਜਪਾ ਗੈਂਗਸਟਰਾਂ ਅਤੇ ਅਪਰਾਧੀਆਂ ਨੂੰ ਸਰਪ੍ਰਸਤੀ ਦਿੰਦੀ ਹੈ। ਭਾਜਪਾ ’ਤੇ ਵਰ੍ਹਦਿਆਂ ਹੇਅਰ ਨੇ ਕਿਹਾ ਕਿ ਅਸੀਂ ਉਸ ਸਿਆਸੀ ਪਾਰਟੀ ਤੋਂ ਇਨਸਾਫ ਅਤੇ ਸੰਵੇਦਨਸ਼ੀਲਤਾ ਦੀ ਉਮੀਦ ਕਰ ਰਹੇ ਹਾਂ, ਜਿਸ ਨੇ ਕੁਲਦੀਪ ਸੇਂਗਰ ਵਰਗੇ ਲੋਕਾਂ ਦੀ ਰੱਖਿਆ ਕੀਤੀ ਹੈ, ਜੋ ਬਲਾਤਕਾਰ ਅਤੇ ਕਤਲ ਦੇ ਦੋਸ਼ੀ ਹਨ, ਪਰ ਇਹ ਸਭ ਜਾਣਦੇ ਹਨ ਕਿ ਬਲਾਤਕਾਰੀਆਂ, ਕਾਤਲਾਂ ਤੇ ਅਪਰਾਧੀਆਂ ਦੀ ਸਰਪ੍ਰਸਤੀ ਕਰਨਾ ਭਾਜਪਾ ਦੀ ਵਿਚਾਰਧਾਰਾ ਹੈ। ਉਨ੍ਹਾਂ ਸਵਾਲ ਕੀਤਾ ਕਿ ਜਦ ਮਾਪੇ ਇਹ ਵੇਖਣ ਕਿ ਇੱਥੇ ਤਾਂ ਓਲੰਪੀਅਨ ਵੀ ਸੁਰੱਖਿਅਤ ਨਹੀਂ ਹਨ, ਇਹ ਵੇਖ ਉਹ ਆਪਣੇ ਬੱਚਿਆਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਕਿਵੇਂ ਦੇਣਗੇ? ‘ਆਪ’ ਆਗੂ ਮੀਤ ਹੇਅਰ ਨੇ ਮੰਗ ਕੀਤੀ ਕਿ ਬਿ੍ਰਜ ਭੂਸ਼ਣ ਸਿੰਘ ਨੂੰ ਬਰਖਾਸਤ ਕੀਤਾ ਜਾਵੇ, ਭਾਜਪਾ ’ਚੋਂ ਕੱਢਿਆ ਜਾਵੇ ਅਤੇ ਗਿ੍ਰਫਤਾਰ ਕੀਤਾ ਜਾਵੇ।