ਨਵੀਂ ਦਿੱਲੀ : ਬਿ੍ਰਜ ਭੂਸ਼ਨ ਸਿੰਘ ਦੀ ਗਿ੍ਰਫ਼ਤਾਰੀ ਦੀ ਮੰਗ ਨੂੰ ਲੈ ਕੇ ਮਹਿਲਾ ਪਹਿਲਵਾਨ ਜੰਤਰ ਮੰਤਰ ’ਤੇ ਧਰਨਾ ਦੇ ਰਹੇ ਹਨ। ਸ਼ਨੀਵਾਰ ਨੂੰ ਇਸ ਪ੍ਰਦਰਸ਼ਨ ਦਾ 7ਵਾਂ ਦਿਨ ਸੀ। ਸ਼ਨੀਵਾਰ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੰਤਰ ਮੰਤਰੀ ਪਹੁੰਚੇ।
ਕੇਜਰੀਵਾਲ ਨੇ ਪੂਰੇ ਦੇਸ਼ ਨੂੰ ਅਪੀਲ ਕੀਤੀ ਕਿ ਲੋਕ ਛੁੱਟੀ ਲੈ ਕੇ ਪਹਿਲਵਾਨਾਂ ਦਾ ਸਮਰਥਨ ਕਰਨ ਲਈ ਇੱਥੇ ਪਹੰੁਚਣ। ਉਨ੍ਹਾ ਕਿਹਾ ਕਿ ਕਰੀਬ 1 ਹਫ਼ਤੇ ਤੋਂ ਦੇਸ਼ ਦੇ ਪਹਿਲਵਾਨ ਪ੍ਰਦਰਸ਼ਨ ਕਰ ਰਹੇ ਹਨ, ਕਿਉਂਕਿ ਭਾਜਪਾ ਦੇ ਬਾਹੂਬਲੀ ਨੇਤਾ ਨੇ ਬੇਟੀਆਂ ਨਾਲ ਦੁਰਵਿਹਾਰ ਕੀਤਾ। ਕਿਸੇ ਵੀ ਭੈਣ-ਬੇਟੀ ਦੇ ਨਾਲ ਗਲਤ ਕੰਮ ਕਰਨ ਵਾਲੇ ਨੂੰ ਤੁਰੰਤ ਫਾਂਸੀ ’ਤੇ ਲਟਕਾ ਦੇਣਾ ਚਾਹੀਦਾ, ਪਰ ਦੁੱਖ ਦੀ ਗੱਲ ਹੈ ਕਿ ਜਿਨ੍ਹਾਂ ਬੇਟੀਆਂ ਨੇ ਦੇਸ਼ ਦਾ ਨਾਂਅ ਰੌਸ਼ਨ ਕੀਤਾ, ਉਨ੍ਹਾ ਨੂੰ ਇਨਸਾਫ਼ ਦੀ ਲੜਾਈ ਲੜਨੀ ਪੈ ਰਹੀ ਹੈ। ਕੇਜਰੀਵਾਲ ਨੇ ਪਹਿਲਵਾਨਾਂ ਦਾ ਹੌਸਲਾ ਵਧਾਉਂਦੇ ਹੋਏ ਕਿਹਾ ਕਿ ਜੋ ਵੀ ਦੇਸ਼ ਨਾਲ ਪਿਆਰ ਕਰਦਾ ਹੈ, ਉਹ ਤੁਹਾਡੇ ਨਾਲ ਖੜਾ ਹੈ। ਜੋ ਵੀ ਚਾਹੁੰਦਾ ਹੈ ਕਿ ਸਾਡਾ ਦੇਸ਼ ਓਲੰਪਿਕ ’ਚ ਅੱਗੇ ਵਧੇ, ਖੇਡਾਂ ’ਚ ਅੱਗੇ ਵਧੇ, ਉਹ ਇਨ੍ਹਾਂ ਪਹਿਲਵਾਨਾਂ ਦੇ ਨਾਲ ਹੈ।