16.2 C
Jalandhar
Monday, December 23, 2024
spot_img

ਵਾਹ ਨੀ ਸਿਆਸਤੇ ਤੇਰਾ ਵੀ ਜਵਾਬ ਨਹੀਂ

ਸ਼ਾਹਕੋਟ (ਗਿਆਨ ਸੈਦਪੁਰੀ)
ਜਿੱਥੋਂ ਕਦੇ ਰਾਜ ਮੰਤਰੀ, ਵਿਧਾਨ ਸਭਾ ਦੇ ਸਪੀਕਰ, ਮੈਂਬਰ ਪਾਰਲੀਮੈਂਟ ਤੇ ਬਾਅਦ ਵਿੱਚ ਗਵਰਨਰ ਬਣ ਕੇ ਦਰਵੇਸ਼ ਸਿਆਸਤਦਾਨ ਵਜੋਂ ਜਾਣੇ ਜਾਂਦੇ ਰਹੇ ਮਰਹੂਮ ਦਰਬਾਰਾ ਸਿੰਘ ਦੇ ਸਿਆਸੀ ਵਾਰਿਸ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ 2018 ਦੀ ਜ਼ਿਮਨੀ ਚੋਣ ਜਿੱਤ ਕੇ ਸਿਆਸੀ ਅੰਬਰ ਵਿੱਚ ਚਮਕੇ, ਉੱਥੋਂ ਹੀ ਜਿਸ ਵੇਲੇ ਦੁਆਬੇ ਦੇ ਕਾਂਗਰਸੀ ਜਰਨੈਲ ਵਜੋਂ ਜਾਣੇ ਜਾਂਦੇ ਰਾਣਾ ਗੁਰਜੀਤ ਸਿੰਘ ਉਸ ਚਮਕ ਨੂੰ ਬਰਕਰਾਰ ਰੱਖਣ ਦਾ ਹੋਕਾ ਦੇ ਰਹੇ ਸਨ, ਐਨ ਓਸੇ ਵੇਲੇ ਰਾਣਾ ਹਰਦੀਪ ਸਿੰਘ (ਰਾਣਾ ਗੁਰਜੀਤ ਸਿੰਘ ਦਾ ਸਕਾ ਭਤੀਜਾ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਰੋਡ ਸ਼ੋਅ ਦੇ ਨਾਲ-ਨਾਲ ਚੱਲ ਰਿਹਾ ਸੀ। ਇਹੋ ਰਾਣਾ 2004 ਤੋਂ 2017 ਤੱਕ ਹਰ ਚੋਣ ਭਾਵੇਂ ਉਹ ਕੌਂਸਲ ਦੀ ਹੋਵੇ, ਭਾਵੇਂ ਵਿਧਾਨ ਸਭਾ ਦੀ ਜਾਂ ਫਿਰ ਲੋਕ ਸਭਾ ਦੀ, ਆਪਣੇ ਚਾਚਾ ਜੀ ਨਾਲ ਪਰਛਾਵੇਂ ਵਾਂਗ ਚੱਲਦੇ ਰਹੇ। ਇੱਥੇ ਹੀ ਬੱਸ ਨਹੀਂ, ਰਾਣਾ ਹਰਦੀਪ ਸਿੰਘ ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਕਾਂਗਰਸ ਛੱਡਣ ਮੌਕੇ ਸ਼ਾਹਕੋਟ ਹਲਕੇ ਦੇ ਕਈ ਉਹ ਆਗੂ ਵੀ ਨਾਲ ਲੈ ਗਏ, ਜੋ ਕੁਝ ਘੰਟੇ ਪਹਿਲਾਂ ਕਾਂਗਰਸ ਪਾਰਟੀ ਦੀ ਚੋਣ ਮੁਹਿੰਮ ਦੇ ਮੁਹਰੈਲਾਂ ਵਿੱਚ ਸ਼ਾਮਲ ਸਨ।
ਇਸ ਸਾਰੇ ਸਿਆਸੀ ਘਟਨਾਕ੍ਰਮ ਦੇ ਦੌਰਾਨ ਜਦੋਂ ਸ਼ੇਰੋਵਾਲੀਆ ਦੀ ਮਲਸੀਆਂ ਵਾਲੀ ਰਿਹਾਇਸ਼ ’ਤੇ ਰਾਣਾ ਗੁਰਜੀਤ ਸਿੰਘ ਕਾਂਗਰਸ ਦੀ ਸੂਬਾਈ ਲੀਡਰਸ਼ਿਪ ਦੀ ਹਾਜ਼ਰੀ ਵਿੱਚ ਲਾਡੀ ਨੂੰ ਸਿਆਸੀ ਲਾਡ ਲਡਾ ਰਹੇ ਸਨ ਤਾਂ ਉਨ੍ਹਾਂ ਦੇ ਅੰਦਰ ਪੈਦਾ ਹੋਇਆ ਮਲਾਲ ਉਨ੍ਹਾਂ ਦੇ ਚਿਹਰੇ ਤੋਂ ਪੜ੍ਹਿਆ ਜਾ ਸਕਦਾ ਸੀ। ਇਸ ਦੇ ਬਾਵਜੂਦ ਉਨ੍ਹਾਂ ਨੇ ਜਿਸ ਤਰ੍ਹਾਂ ਦੀਆਂ ਬੁਲੰਦ ਸਿਆਸੀ ਗੱਲਾਂ ਕੀਤੀਆਂ, ਉਨ੍ਹਾਂ ਦੀ ਰੋਅਬਦਾਰ ਸ਼ਖਸੀਅਤ ਸੁਣਨ ਵਾਲਿਆਂ ਨੂੰ ਹੌਸਲਾ ਦਿੰਦੀ ਨਜ਼ਰ ਆਈ। ਉਨ੍ਹਾਂ ਨੇ ਰਾਜਸਥਾਨ ਦੇ ਗਵਰਨਰ ਮਰਹੂਮ ਦਰਬਾਰਾ ਸਿੰਘ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਮਰਹੂਮ ਇੰਦਰ ਕੁਮਾਰ ਗੁਜਰਾਲ ਹੁਰਾਂ ਦੀ ਸਾਂਝ ਦਾ ਹਵਾਲਾ ਦਿੰਦਿਆਂ ਕਿਹਾ ਕਿ 2004 ਤੋਂ ਮੇਰੀ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨਾਲ ਸਿਆਸੀ ਹੀ ਨਹੀਂ, ਸਗੋਂ ਸਮਾਜੀ ਤੇ ਪਰਵਾਰਕ ਸਾਂਝ ਹੈ। ਉਨ੍ਹਾਂ ਆਪਣੇ ਭਤੀਜੇ ਰਾਣਾ ਹਰਦੀਪ ਸਿੰਘ ਵੱਲੋਂ ਸਿਆਸੀ ਪਾਲਾ ਬਦਲ ਲੈਣ ਦੀ ਗੱਲ ਕਰਦਿਆਂ ਕਿਹਾ ਕਿ ਮੇਰਾ ਅਚਾਨਕ ਇਮਤਿਹਾਨ ਆ ਗਿਆ ਹੈ। ਉਨ੍ਹਾਂ ਇਸ ਇਮਤਿਹਾਨ ’ਚੋਂ ਸੌ ਫੀਸਦੀ ਪਾਸ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਰਾਣਾ ਹਰਦੀਪ ਤਾਂ ਕੀ, ਮੈਂ ਆਪਣੇ ਪੁੱਤਰ ਰਾਣਾ ਇੰਦਰ ਪ੍ਰਤਾਪ ਦੇ ਆਖੇ ਵੀ ਲਾਡੀ ਦਾ ਸਾਥ ਨਹੀਂ ਛੱਡ ਸਕਦਾ। ਉਨ੍ਹਾਂ ਆਪਣੀਆਂ ਕੁੰਢੀਆਂ ਮੁੱਛਾਂ ਬਾਰੇ ਹੁੰਦੀ ਰਹਿੰਦੀ ਖੁੰਢ ਚਰਚਾ ਦੇ ਹਵਾਲੇ ਨਾਲ ਕਿਹਾ ਕਿ ਗੱਲ ਮੁੱਛਾਂ ਦੀ ਨਹੀਂ ਹੁੰਦੀ, ਸਗੋਂ ਕਿਰਦਾਰ ਦੀ ਹੁੰਦੀ ਹੈ। ਉਨ੍ਹਾਂ ਸ਼ੇਰੋਵਾਲੀਆ ਨਾਲ ਆਪਣੀ ਸਾਂਝ ਨੂੰ ਹੋਰ ਪਕੇਰਾ ਕਰਦਿਆਂ ਕਿਹਾ ਕਿ ਭਾਵੇਂ ਧੌਣ ਲਹਿ ਜਾਏ, ਜ਼ੁਬਾਨੋਂ ਨਹੀਂ ਫਿਰਾਂਗਾ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕਾਂਗਰਸ ਤੋਂ ‘ਹੱਥ’ ਛੁਡਾਅ ਕੇ ‘ਆਪ’ ਦੇ ਹੋਏ ਸੁਸ਼ੀਲ ਕੁਮਾਰ ਰਿੰਕੂ ਨੂੰ ਵੀ ਰਾਣਾ ਦੇ ਚਹੇਤੇ ਵਜੋਂ ਜਾਣਿਆ ਜਾਂਦਾ ਸੀ। ਹੁਣ ਰਾਣਾ ਹਰਦੀਪ ਦੇ ਸਿਆਸੀ ਕਦਮ ਨੂੰ ਰਿੰਕੂ ਨਾਲ ਜੋੜ ਕੇ ਕਈ ਤਰ੍ਹਾਂ ਦੀਆਂ ਅਵਾਈਆਂ ਉਡਾਈਆਂ ਜਾ ਰਹੀਆਂ ਹਨ।
ਜਿੱਥੋਂ ਤੱਕ ਰਾਣਾ ਹਰਦੀਪ ਨਾਲ ਕਾਂਗਰਸ ਛੱਡ ਕੇ ਸ਼ਾਹਕੋਟ ਦੇ ਕਈ ਆਗੂਆਂ ਵੱਲੋਂ ਸ਼ੇਰੋਵਾਲੀਆ ਦਾ ਸਾਥ ਛੱਡ ਜਾਣ ਦੀ ਗੱਲ ਹੈ, ਉਸ ਦੀ ਇੱਕ ਵਾਰ ਤਾਂ ‘ਚਰਚਾ ਗਲੀ-ਗਲੀ’ ਕਰਵਾ ਦਿੱਤੀ ਹੈ। ‘ਘਰ ਛੱਡ ਜਾਣ’ ਦਾ ਵਰਤਾਰਾ ਹੋਰ ਅੱਗੇ ਵੀ ਵਧ ਸਕਦਾ ਹੈ, ਕਿਉਂਕਿ ਹੁਣ ਸ਼ਾਹਕੋਟ ਤੋਂ ‘ਆਪ’ ਦੀ ਅਗਵਾਈ ਰਾਣਾ ਹਰਦੀਪ ਸਿੰਘ ਵੱਲੋਂ ਕਰਨ ਦੀ ਸੰਭਾਵਨਾ ਹੈ, ਇਸ ਲਈ ਕਾਂਗਰਸ ਲਈ ਔਖੀ ਘੜੀ ਵੀ ਆ ਸਕਦੀ ਹੈ। ਦੋਹਾਂ ਰਾਣਿਆਂ ਦੀ ਉਮਰ ਦੇ ਤਕਾਜ਼ੇ ਅਨੁਸਾਰ ਕਈ ਤਾਂ ਇਹ ਵੀ ਆਖਦੇ ਸੁਣੇ ਹਨ ਕਿ ਜੇਕਰ ਰਾਣਾ ਗੁਰਜੀਤ ਨੌਂ ਸੇਰ ਹੈ ਤਾਂ ਰਾਣਾ ਹਰਦੀਪ ਦਸ ਸੇਰ ਹੈ। ਸ਼ਾਹਕੋਟ ਦੇ ਤਾਜ਼ਾ ਸਿਆਸੀ ਘਟਨਾਕ੍ਰਮ ਨਾਲ ਆਪ ਵਿੱਚ ਇੱਕ ਅਣਗੌਲੀ ਧਿਰ ਨੂੰ ਬਣਦਾ ਮਾਣ-ਸਨਮਾਨ ਮਿਲ ਜਾਣ ਦੀਆਂ ਵੀ ਕਿਆਸ-ਅਰਾਈਆਂ ਹਨ। ਇੱਥੋਂ ਦੇ ਕੁਝ ਆਗੂਆਂ ਨੂੰ ਗਿਲਾ ਸੀ ਕਿ ਆਪ ਦੇ ਹਲਕਾ ਇੰਚਾਰਜ ਵੱਲੋਂ ਉਨ੍ਹਾਂ ਨੂੰ ਜਾਣਬੁੱਝ ਕੇ ਅਣਡਿੱਠ ਕੀਤਾ ਜਾਂਦਾ ਰਿਹਾ ਹੈ। ਕੁਝ ਲੋਕ ਇਸ ਸਿਆਸੀ ‘ਆਵਾਗਵਣ’ ’ਤੇ ਮਸਕੇ ਲੈ ਰਹੇ ਹਨ, ਉੱਥੇ ਉਹ ਵੀ ਹਨ, ਜੋ ਇਸ ਵਰਤਾਰੇ ’ਤੇ ਚਿੰਤਤ ਹਨ। ਉਹ ਕੁਝ ਜ਼ਿਆਦਾ ਕੁਸੈਲੀ ਭਾਸ਼ਾ ਵਰਤਣ ਤੋਂ ਗੁਰੇਜ਼ ਕਰਦਿਆਂ ਇੰਨਾ ਜ਼ਰੂਰ ਆਖ ਕੇ ਮਨ ਨੂੰ ‘ਤਸੱਲੀ’ ਦੇਣ ਦੀ ਕੋਸ਼ਿਸ਼ ਕਰਦੇ ਹਨ, ‘ਵਾਹ ਨੀ ਸਿਆਸਤੇ ਤੇਰਾ ਵੀ ਜਵਾਬ ਨਹੀਂ’।

Related Articles

LEAVE A REPLY

Please enter your comment!
Please enter your name here

Latest Articles