ਨਵੀਂ ਦਿੱਲੀ : ਪੰਜ ਮਹਿਲਾ ਅਧਿਕਾਰੀਆਂ ਨੂੰ ਪਹਿਲੀ ਵਾਰ ਫੌਜ ਦੀ ਆਰਟਿਲਰੀ ’ਚ ਕਮਿਸ਼ਨ ਦਿੱਤਾ ਗਿਆ ਹੈ। ਭਾਰਤੀ ਫੌਜ ਨੇ ਮਹਿਲਾ ਅਧਿਕਾਰੀਆਂ ਨੂੰ ਆਰਟਿਲਰੀ ਰੈਜੀਮੈਂਟ ’ਚ ਇਜਾਜ਼ਤ ਦੇ ਕੇ ਮਹਿਲਾ ਦੀ ਭੂਮਿਕਾ ਦਾ ਵਿਸਥਾਰ ਕੀਤਾ ਹੈ, ਜੋ ਫੌਜ ਦੀ ਇੱਕ ਪ੍ਰਮੁੱਖ ਸ਼ਾਖਾ ਹੈ। 29 ਅਪ੍ਰੈਲ ਨੂੰ ਆਫਿਸਰਜ਼ ਟ੍ਰੇਨਿੰਗ ਅਕੈਡਮੀ ਚੇਨੱਈ ’ਚ ਸਫ਼ਲ ਟਰੇਨਿੰਗ ਤੋਂ ਬਾਅਦ ਪੰਜ ਮਹਿਲਾ ਅਧਿਕਾਰੀ ਆਰਟਿਲਰੀ ਰੈਜੀਮੈਂਟ ’ਚ ਸ਼ਾਮਲ ਹੋ ਗਈਆਂ ਹਨ। ਫੌਜ ’ਚ ਮਹਿਲਾ ਅਫਸਰਾਂ ਨੂੰ ਉਨ੍ਹਾ ਨੂੰ ਮਰਦਾਂ ਦੀ ਤਰ੍ਹਾਂ ਮੌਕੇ ਅਤੇ ਚੁਣੌਤੀਆਂ ਦਿੱਤੀਆਂ ਜਾ ਰਹੀਆਂ ਹਨ। ਇਸੇ ਲੜੀ ’ਚ ਆਰਟਿਲਰੀ ਦੀ ਰੈਜੀਮੈਂਟ ’ਚ ਪਹਿਲੀ ਵਾਰ ਪੰਜ ਮਹਿਲਾ ਅਫ਼ਸਰਾਂ ਨੂੰ ਕਮਿਸ਼ਨ ਦਿੱਤਾ ਗਿਆ ਹੈ। ਇਨ੍ਹਾਂ ਨੌਜਵਾਨ ਔਰਤਾਂ ਨੂੰ ਸਾਰੇ ਪ੍ਰਕਾਰ ਦੀਆਂ ਆਰਟਿਲਰੀ ਇਕਾਈਆਂ ’ਚ ਤਾਇਨਾਤ ਕੀਤਾ ਜਾ ਰਿਹਾ ਹੈ, ਜਿੱਥੇ ਉਨ੍ਹਾ ਨੂੰ ਚੁਣੌਤੀਪੂਰਨ ਸਥਿਤੀਆਂ ’ਚ ਰਾਕੇਟ, ਮੀਡੀਅਮ, ਫੀਲਡ ਅਤੇ ਸਰਵੀਲਾਂਸ ਐਂਡ ਟਾਰਗੇਂਅ ਏਵੀਜਿਸ਼ਨ ਅਤੇ ਹਥਿਆਰਾਂ ਦੀ ਸਾਂਭ-ਸੰਭਾਲ ਲਈ ਟ੍ਰੇਨਿੰਗ ਅਤੇ ਐਕਸਪੋਜਰ ਮਿਲੇਗਾ। ਪੰਜ ਮਹਿਲਾ ਅਧਿਕਾਰੀਆਂ ’ਚੋਂ ਤਿੰਨ ਉੱਤਰੀ ਸਰਹੱਦ ’ਤੇ ਤਾਇਨਾਤ ਇਕਾਈਆਂ ’ਚ ਅਤੇ ਬਾਕੀ ਦੋ ਪੱਛਮ ’ਚ ਚੁਣੌਤੀਪੂਰਨ ਸਥਾਨਾਂ ’ਤੇ ਤਾਇਨਾਤ ਹਨ।
ਆਰਟਿਲਰੀ ਰੈਜੀਮੈਂਟ ’ਚ ਕਮਿਸ਼ਨ ਪਾਉਣ ਵਾਲੀਆਂ ਮਹਿਲਾ ਫੌਜੀ ਅਧਿਕਾਰੀਆਂ ’ਚ ਲੈਫਟੀਨੈਂਟ ਮਹਿਕ ਸੈਣੀ ਨੂੰ ਇੱਕ ਸਾਟਾ ਰੈਜੀਮੈਂਟ ’ਚ, ਲੈਫਟੀਨੈਂਟ ਸਾਕਸ਼ੀ ਦੂਬੇ ਅਤੇ ਲੈਫਟੀਨੈਂਟ ਅਦਿਤੀ ਯਾਦਵ ਨੂੰ ਫੀਲਡ ਰੈਜੀਮੈਂਟ ’ਚ, ਲੈਫਟੀਨੈਂਟ ਪਵਿੱਤ ਮੁਦਗਿਲ ਨੂੰ ਇੱਕ ਮੀਡੀਅਮ ਰੈਜੀਮੈਂਟ ’ਚ ਅਤੇ ਲੈਫਟੀਨੈਂਟ ਅਕਾਂਕਸ਼ਾ ਨੂੰ ਇੱਕ ਰਾਕੇਟ ਰੈਜੀਮੈਂਟ ’ਚ ਕਮਿਸ਼ਨ ਦਿੱਤਾ ਗਿਆ ਹੈ।