ਕਰਨਾਟਕ ’ਚ ਜਿੱਤੇ ਤਾਂ ਬਜਰੰਗ ਦਲ ’ਤੇ ਪਾਬੰਦੀ ਲਾਵਾਂਗੇ : ਕਾਂਗਰਸ

0
244

ਬੇਂਗਲੁਰੂ : ਕਾਂਗਰਸ ਦੀ ਕਰਨਾਟਕ ਇਕਾਈ ਨੇ ਮੰਗਲਵਾਰ ਰਾਜ ਵਿਧਾਨ ਸਭਾ ਚੋਣਾਂ ਲਈ ਜਾਰੀ ਮੈਨੀਫੈਸਟੋ ’ਚ ਸਰਕਾਰ ਬਣਨ ’ਤੇ ਬਜਰੰਗ ਦਲ ਤੇ ਪੀ ਐੱਫ ਆਈ ਵਰਗੀਆਂ ਧਰਮ ਦੇ ਨਾਂਅ ’ਤੇ ਨਫਰਤ ਫੈਲਾਉਣ ਵਾਲੀਆਂ ਜਥੇਬੰਦੀਆਂ ’ਤੇ ਪਾਬੰਦੀ ਲਾਉਣ ਦਾ ਵਾਅਦਾ ਕੀਤਾ। ਮੈਨੀਫੈਸਟੋ ਵਿਚ ਇਹ ਵੀ ਵਾਅਦਾ ਕੀਤਾ ਗਿਆ ਹੈ ਕਿ ਭਾਜਪਾ ਸਰਕਾਰ ਵੱਲੋਂ ਪਾਸ ਕੀਤੇ ਗੈਰਵਾਜਬ ਤੇ ਲੋਕ ਵਿਰੋਧੀ ਕਾਨੂੰਨ ਇਕ ਸਾਲ ਵਿਚ ਖਤਮ ਕਰ ਦਿੱਤੇ ਜਾਣਗੇ। ਉਧਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਜੇ ਨਗਰ ’ਚ ਰੈਲੀ ਦੌਰਾਨ ਕਿਹਾਅੱਜ ਹਨੂੰਮਾਨ ਜੀ ਦੀ ਇਸ ਪਵਿੱਤਰ ਭੂਮੀ ਨੂੰ ਨਮਨ ਕਰਨਾ ਮੇਰਾ ਬਹੁਤ ਵੱਡਾ ਸੁਭਾਗ ਹੈ ਤੇ ਦੁਰਭਾਗ ਦੇਖੋ, ਮੈਂ ਅੱਜ ਜਦੋਂ ਇਥੇ ਹਨੂੰਮਾਨ ਜੀ ਨੂੰ ਨਮਨ ਕਰਨ ਆਇਆ ਹਾਂ ਤਾਂ ਉਸੇ ਸਮੇਂ ਕਾਂਗਰਸ ਨੇ ਆਪਣੇ ਮੈਨੀਫੈਸਟੋ ਵਿਚ ਬਜਰੰਗ ਦਲ ਨੂੰ ਬੈਨ ਕਰਨ ਦਾ ਐਲਾਨ ਕਰ ਦਿੱਤਾ। ਇਹ ਉਹੀ ਕਾਂਗਰਸ ਹੈ, ਜਿਸ ਨੇ ਪਹਿਲਾਂ ਸ੍ਰੀ ਰਾਮ ਨੂੰ ਤਾਲੇ ਵਿਚ ਬੰਦ ਕੀਤਾ, ਹੁਣ ਬਜਰੰਗ ਬਲੀ ਨੂੰ ਬੰਦ ਕਰਨ ਦੀ ਗੱਲ ਕਹਿ ਰਹੀ ਹੈ। ਕਾਂਗਰਸ ਨੇ ਆਪਣੇ ਮੈਨੀਫੈਸਟੋ ਦਾ ਨਾਂਅ ‘ਸਰਵ ਜਨਾਗਦਾ ਸ਼ਾਂਤੀਯ ਤੋਟਾ’ ਰੱਖਿਆ ਹੈ। ਹਿੰਦੀ ’ਚ ਇਸ ਦਾ ਅਰਥ ‘ਸਾਰੇ ਲੋਕਾਂ ਲਈ ਸ਼ਾਂਤੀ ਦਾ ਬਾਗ’ ਹੈ। 10 ਮਈ ਨੂੰ ਵੋਟਾਂ ਪੈਣੀਆਂ ਹਨ ਅਤੇ ਵੋਟਾਂ ਦੀ ਗਿਣਤੀ 13 ਮਈ ਨੂੰ ਹੋਵੇਗੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਕਰਨਾਟਕ ਕਾਂਗਰਸ ਦੇ ਪ੍ਰਧਾਨ ਡੀ ਕੇ ਸ਼ਿਵਕੁਮਾਰ ਅਤੇ ਕਾਂਗਰਸ ਵਿਧਾਇਕ ਦਲ ਦੇ ਨੇਤਾ ਸਿੱਧਾਰਮਈਆ ਸਣੇ ਪਾਰਟੀ ਦੇ ਹੋਰ ਆਗੂਆਂ ਦੀ ਹਾਜ਼ਰੀ ’ਚ ਜਾਰੀ ਮੈਨੀਫੈਸਟੋ ’ਚ ਗ੍ਰਹਿ ਜੋਤੀ, ਗ੍ਰਹਿ ਲਕਸ਼ਮੀ, ਅੰਨਾ ਭਾਗਿਆ, ਯੁਵਾ ਨਿਧੀ ਅਤੇ ਸ਼ਕਤੀ ਦੀਆਂ ਪੰਜ ਗਾਰੰਟੀਆਂ ਨੂੰ ਦੁਹਰਾਇਆ ਗਿਆ ਹੈ। ਮੈਨੀਫੈਸਟੋ ਅਨੁਸਾਰ ਗ੍ਰਹਿ ਜੋਤੀ ਤਹਿਤ 200 ਯੂਨਿਟ ਮੁਫਤ ਬਿਜਲੀ ਦੇਣ ਦਾ ਵਾਅਦਾ ਕੀਤਾ ਗਿਆ ਹੈ, ਜਦਕਿ ਗ੍ਰਹਿ ਲਕਸ਼ਮੀ ਤਹਿਤ ਪਰਵਾਰ ਦੇ ਮੁਖੀ ਨੂੰ 2000 ਰੁਪਏ ਅਤੇ ਅੰਨਾ ਭਾਗਿਆ ਤਹਿਤ ਦਸ ਕਿਲੋ ਅਨਾਜ ਦੇਣ ਦਾ ਵਾਅਦਾ ਕੀਤਾ ਗਿਆ ਹੈ।

LEAVE A REPLY

Please enter your comment!
Please enter your name here