ਅਹਿਮਦਾਬਾਦ : ਮੋਦੀ ਸਰਨੇਮ ਮਾਣਹਾਨੀ ਕੇਸ ’ਚ ਰਾਹੁਲ ਗਾਂਧੀ ਦੀ ਅਪੀਲ ’ਤੇ ਗੁਜਰਾਤ ਹਾਈ ਕੋਰਟ ਨੇ ਫੈਸਲਾ ਮੰਗਲਵਾਰ ਰਾਖਵਾਂ ਰੱਖ ਲਿਆ। ਜਸਟਿਸ ਹੇਮੰਤ ਪ੍ਰਛੱਕ ਨੇ ਦੋਸ਼ੀ ਠਹਿਰਾਉਣ ਖਿਲਾਫ ਰਾਹੁਲ ਨੂੰ ਕੋਈ ਅੰਤਰਮ ਰਾਹਤ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਫੈਸਲਾ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਸੁਣਾਉਣਗੇ। ਪੰਜ ਮਈ ਹਾਈ ਕੋਰਟ ਦਾ ਆਖਰੀ ਵਰਕਿੰਗ ਡੇ ਹੈ ਤੇ ਛੁੱਟੀਆਂ ਤੋਂ ਬਾਅਦ ਕੋਰਟ 5 ਜੂਨ ਨੂੰ ਖੁੱਲ੍ਹੇਗੀ। ਰਾਹੁਲ ਦੇ ਵਕੀਲ ਅਭਿਸ਼ੇਕ ਮਨੂੰ ਸਿੰਘਵੀ ਨੇ 27 ਅਪ੍ਰੈਲ ਨੂੰ ਦਲੀਲ ਦਿੱਤੀ ਸੀ ਕਿ ਰਾਹੁਲ ਨੇ ਕੋਈ ਕਤਲ ਨਹੀਂ ਕੀਤਾ ਅਤੇ ਜੇ ਦੋਸ਼ੀ ਠਹਿਰਾਉਣ ’ਤੇ ਰੋਕ ਨਾ ਲਾਈ ਗਈ ਤਾਂ ਉਹ 8 ਸਾਲ ਤੱਕ ਚੋਣ ਨਹੀਂ ਲੜ ਸਕਦੇ। ਇਸ ਤੋਂ ਬਾਅਦ ਜਸਟਿਸ ਹੇਮੰਤ ਪ੍ਰਛੱਕ ਨੇ ਕਿਹਾ ਸੀਹੁਣ ਸ਼ਿਕਾਇਤਕਰਤਾ ਨੂੰ ਆਪਣਾ ਪੱਖ ਰੱਖ ਲੈਣ ਦਿਓ। ਦੋ ਮਈ ਨੂੰ ਮਾਮਲੇ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ। ਮੈਂ ਵੀ 5 ਮਈ ਤੋਂ ਬਾਅਦ ਫਰੀ ਨਹੀਂ ਹਾਂ। ਮੈਂ ਭਾਰਤ ਤੋਂ ਬਾਹਰ ਜਾ ਰਿਹਾ ਹਾਂ। ਇਸ ਲਈ ਸਭ ਛੇਤੀ ਸਮਾਪਤ ਕਰਨਾ ਪੈਣਾ।





