23.1 C
Jalandhar
Thursday, September 19, 2024
spot_img

ਭਲਵਾਨਾਂ ਦੇ ਮੋਰਚੇ ’ਚ ਨਵਾਂ ਮੋੜ

ਮਹਿਲਾ ਭਲਵਾਨਾਂ ਦਾ ਫੈਡਰੇਸ਼ਨ ਦੇ ਪ੍ਰਧਾਨ ਤੇ ਭਾਜਪਾ ਸਾਂਸਦ ਬਿ੍ਰਜ ਭੂਸ਼ਣ ਸ਼ਰਣ ਸਿੰਘ ਵਿਰੁੱਧ ਮੋਰਚਾ ਦਿਨੋ-ਦਿਨ ਸਰਕਾਰ ਲਈ ਚੁਣੌਤੀ ਬਣਦਾ ਜਾ ਰਿਹਾ ਹੈ। ਤਿੰਨ ਮਹੀਨੇ ਪਹਿਲਾਂ ਜਦੋਂ ਮਹਿਲਾ ਭਲਵਾਨਾਂ ਨੇ ਪਹਿਲੀ ਵਾਰ ਧਰਨਾ ਮਾਰਿਆ ਸੀ ਤਾਂ ਉਨ੍ਹਾਂ ਦਾ ਰੌਂਅ ਸਰਕਾਰ ਪ੍ਰਤੀ ਨਰਮ ਸੀ। ਉਨ੍ਹਾਂ ਨੂੰ ਜਾਪਦਾ ਸੀ ਕਿ ਸਰਕਾਰ ਉਨ੍ਹਾਂ ਦੀ ਗੱਲ ਜ਼ਰੂਰ ਸੁਣੇਗੀ। ਇਸੇ ਕਾਰਨ ਜਦੋਂ ਸਰਕਾਰ ਨੇ ਉਨ੍ਹਾਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ ਤਾਂ ਉਹ ਧਰਨਾ ਖ਼ਤਮ ਕਰਨ ਲਈ ਸਹਿਮਤ ਹੋ ਗਈਆਂ ਸਨ। ਤਿੰਨ ਮਹੀਨੇ ਦੀ ਉਡੀਕ ਤੋਂ ਬਾਅਦ ਵੀ ਜਦੋਂ ਮਹਿਲਾ ਭਲਵਾਨਾਂ ਨੂੰ ਲੱਗਿਆ ਕਿ ਸਰਕਾਰ ਦੀ ਨੀਤੀ ਟਾਲ-ਮਟੋਲ ਵਾਲੀ ਹੈ ਤਾਂ ਉਹ ਪੂਰੀ ਤਿਆਰੀ ਨਾਲ ਹੱਕ ਦੇ ਅਖਾੜੇ ਵਿੱਚ ਉਤਰੀਆਂ ਹਨ। ਪਿਛਲੀ ਵਾਰ ਤੋਂ ਉਲਟ ਇਸ ਵਾਰ ਉਨ੍ਹਾਂ ਸਭ ਸਿਆਸੀ ਧਿਰਾਂ ਦੀ ਹਮਾਇਤ ਲੈਣ ਲਈ ਆਪਣੇ ਦਰ ਖੁੱਲ੍ਹੇ ਰੱਖੇ ਹਨ। ਉਨ੍ਹਾਂ ਨੂੰ ਹਮਾਇਤ ਵੀ ਬੇਮਿਸਾਲ ਮਿਲ ਰਹੀ ਹੈ। ਪਿ੍ਰਅੰਕਾ ਗਾਂਧੀ, ਕੇਜਰੀਵਾਲ ਤੋਂ ਲੈ ਕੇ ਪੱਪੂ ਯਾਦਵ ਤੇ ਨਵਜੋਤ ਸਿੱਧੂ ਵਰਗੇ ਆਗੂ ਉਨ੍ਹਾਂ ਦੇ ਧਰਨੇ ਵਿੱਚ ਪੁੱਜੇ ਹਨ। ਕਿਸਾਨਾਂ ਦੇ ਸੰਯੁਕਤ ਮੋਰਚੇ ਤੋਂ ਲੈ ਕੇ ਹਰਿਆਣੇ ਦੀਆਂ ਖਾਪ ਪੰਚਾਇਤਾਂ ਉਨ੍ਹਾਂ ਦੀ ਹਮਾਇਤ ਵਿੱਚ ਆ ਚੁੱਕੀਆਂ ਹਨ। ਇਤਿਹਾਸਕ ਕਿਸਾਨ ਅੰਦੋਲਨ ਵਾਂਗ ਹੀ ਉਨ੍ਹਾਂ ਆਪਣੇ ਧਰਨੇ ਨੂੰ ਵੀ ਜਥੇਬੰਦ ਕੀਤਾ ਹੈ। ਆਪਣਾ ਰਸੋਈਆ ਲਾ ਕੇ ਲੰਗਰ ਦੇ ਪ੍ਰਬੰਧ ਦੇ ਨਾਲ-ਨਾਲ ਹਰਿਆਣੇ ਤੋਂ ਦੁੱਧ ਤੇ ਹੋਰ ਖਾਧ ਸਮੱਗਰੀ ਲਗਾਤਾਰ ਪੁੱਜ ਰਹੀ ਹੈ। ਉਨ੍ਹਾਂ ਆਪਣੀ ਟਰੇਨਿੰਗ ਦਾ ਸਾਜ਼ੋ-ਸਮਾਨ ਵੀ ਜਮ੍ਹਾਂ ਕਰ ਰੱਖਿਆ ਹੈ।
ਇਸ ਦੌਰਾਨ ਬਿ੍ਰਜਭੂਸ਼ਣ ਸ਼ਰਣ ਸਿੰਘ ਦੇ ਇੱਕ ਟਵੀਟ ਨੇ ਸਾਰੀ ਲੜਾਈ ਨੂੰ ਨਵਾਂ ਮੋੜ ਦੇ ਦਿੱਤਾ ਹੈ। ਕੱਲ੍ਹ ਤੱਕ ਜਿਹੜਾ ਬਿ੍ਰਜ ਭੂਸ਼ਣ ਸ਼ਰਣ ਕਹਿੰਦਾ ਸੀ ਕਿ ਉਹ ਕਿਸੇ ਹਾਲਤ ਵਿੱਚ ਅਸਤੀਫ਼ਾ ਨਹੀਂ ਦੇਵੇਗਾ, ਨੇ ਇਕ ਟਵੀਟ ਰਾਹੀਂ ਗੇਂਦ ਮੋਦੀ ਦੇ ਪਾਲੇ ਵਿੱਚ ਸੁੱਟ ਦਿੱਤੀ ਹੈ। ਉਸ ਨੇ ਕਿਹਾ ਹੈ ਕਿ ਪੀ ਐੱਮ ਕਹਿਣਗੇ ਤਾਂ ਮੈਂ ਤੁਰੰਤ ਅਸਤੀਫ਼ਾ ਦੇ ਦਿਆਂਗਾ, ਅਮਿਤ ਸ਼ਾਹ ਤੇ ਜੇ ਪੀ ਨੱਢਾ ਵੀ ਕਹਿਣਗੇ ਤਾਂ ਵੀ ਦੇ ਦਿਆਂਗਾ। ਇਸ ਟਵੀਟ ਤੋਂ ਤਾਂ ਇਹੋ ਲਗਦਾ ਹੈ ਕਿ ਭਾਜਪਾ ਦੇ ਇਨ੍ਹਾਂ ਆਗੂਆਂ ਦੇ ਕਹਿਣ ਕਾਰਨ ਹੀ ਬਿ੍ਰਜ ਭੂਸ਼ਣ ਅਸਤੀਫ਼ਾ ਨਾ ਦੇਣ ਲਈ ਅੜੇ ਹੋਏ ਹਨ।
ਇਸ ਤੋਂ ਪਹਿਲਾਂ ਏ ਬੀ ਪੀ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਬਿ੍ਰਜ ਭੂਸ਼ਣ ਨੇ ਕਿਹਾ ਸੀ ਕਿ ਮੇਰੇ ਵਿਰੁੱਧ ਮਹਿਲਾ ਭਲਵਾਨਾਂ ਨੂੰ ਚੁੱਕਣ ਲਈ ਇੱਕ ਬਾਬੇ ਦਾ ਹੱਥ ਹੈ। ਕੁਝ ਵਿਸ਼ਲੇਸ਼ਣਕਾਰਾਂ ਦਾ ਕਹਿਣਾ ਹੈ ਕਿ ਇਹ ਬਾਬਾ ਹੋਰ ਕੋਈ ਨਹੀਂ, ਯੋਗੀ ਆਦਿੱਤਿਆਨਾਥ ਹੀ ਹੋ ਸਕਦਾ ਹੈ। ਭਾਜਪਾ ਦੀ ਅੰਦਰਲੀ ਲੜਾਈ ਵਿੱਚ ਮੋਦੀ-ਸ਼ਾਹ ਜੋੜੀ ਯੋਗੀ ਆਦਿੱਤਿਆਨਾਥ ਨੂੰ ਹੀ ਆਪਣੇ ਲਈ ਖ਼ਤਰਾ ਸਮਝਦੀ ਹੈ। ਬਿ੍ਰਜ ਭੂਸ਼ਣ ਸ਼ਰਣ ਦਾ ਯੋਗੀ ਆਦਿੱਤਿਆਨਾਥ ਨਾਲ ਹਮੇਸ਼ਾ ਛੱਤੀ ਦਾ ਅੰਕੜਾ ਰਿਹਾ ਹੈ। ਇਸ ਲਈ ਮੋਦੀ-ਸ਼ਾਹ ਦਾ ਹੱਥ ਬਿ੍ਰਜ ਭੂਸ਼ਣ ਸ਼ਰਣ ਦੀ ਪਿੱਠ ਉੱਤੇ ਰਹਿੰਦਾ ਰਿਹਾ ਹੈ। ਉਪਰੋਂ 2024 ਦੀਆਂ ਚੋਣਾਂ ਸਿਰ ਉੱਤੇ ਹਨ। ਬਿ੍ਰਜ ਭੂਸ਼ਣ ਸ਼ਰਣ ਦਾ ਅਵਧ ਦੀਆਂ ਘੱਟੋ-ਘੱਟ ਦਰਜਨ ਦੇ ਕਰੀਬ ਲੋਕ ਸਭਾ ਸੀਟਾਂ ਉੱਤੇ ਦਬਦਬਾ ਹੈ। ਦੋ ਦਿਨ ਪਹਿਲਾਂ ਬਿ੍ਰਜ ਭੂਸ਼ਣ ਨੇ ਸਪਾ ਮੁਖੀ ਅਖਿਲੇਸ਼ ਯਾਦਵ ਦੀ ਪ੍ਰਸੰਸਾ ਕਰਕੇ ਭਾਜਪਾ ਲੀਡਰਸ਼ਿਪ ਨੂੰ ਅੱਖਾਂ ਦਿਖਾ ਦਿੱਤੀਆਂ ਸਨ ਤੇ ਹੁਣ ਉਸ ਦੇ ਟਵੀਟ ਨੂੰ ਵੀ ਭਾਜਪਾ ਲਈ ਸਿੱਧੀ ਧਮਕੀ ਸਮਝਿਆ ਜਾ ਰਿਹਾ ਹੈ।
ਜਿਵੇਂ-ਜਿਵੇਂ ਸਮਾਂ ਬੀਤਦਾ ਜਾ ਰਿਹਾ ਹੈ, ਭਾਜਪਾ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਸਰਕਾਰ ਨੂੰ ਭਰੋਸਾ ਸੀ ਕਿ ਸੁਪਰੀਮ ਕੋਰਟ ਦੇ ਦਖ਼ਲ ਨਾਲ ਬਿ੍ਰਜ ਭੂਸ਼ਣ ਉੱਤੇ ਕੇਸ ਦਰਜ ਹੋਣ ਤੋਂ ਬਾਅਦ ਭਲਵਾਨ ਆਪਣਾ ਧਰਨਾ ਸਮਾਪਤ ਕਰ ਦੇਣਗੇ, ਪਰ ਉਸ ਦਾ ਅੰਦਾਜ਼ਾ ਗਲਤ ਸਾਬਤ ਹੋਇਆ ਹੈ। ਧਰਨੇ ਦੌਰਾਨ ਬਿ੍ਰਜ ਭੂਸ਼ਣ ਦੀਆਂ ਮਹਿਲਾ ਭਲਵਾਨਾਂ ਦੇ ਜਿਨਸੀ ਸ਼ੋਸ਼ਣ ਦੀਆਂ ਨਿੱਤ ਨਵੀਂਆਂ ਕਹਾਣੀਆਂ ਸਾਹਮਣੇ ਆ ਰਹੀਆਂ ਹਨ। ਮੁਕਾਬਲਿਆਂ ਦੌਰਾਨ ਫੈਡਰੇਸ਼ਨ ਪ੍ਰਧਾਨ ਬਿ੍ਰਜ ਭੂਸ਼ਣ ਹਮੇਸ਼ਾ ਉਸੇ ਹੋਟਲ ਵਿੱਚ ਰੁਕਦਾ ਸੀ, ਜਿੱਥੇ ਮਹਿਲਾ ਖਿਡਾਰਨਾਂ ਦੀ ਰਿਹਾਇਸ਼ ਹੁੰਦੀ ਸੀ। ਫੈਡਰੇਸ਼ਨ ਦੇ ਨਿਯਮਾਂ ਮੁਤਾਬਕ ਫੈਡਰੇਸ਼ਨ ਦੇ ਕਿਸੇ ਅਹੁਦੇਦਾਰ ਨੂੰ ਉਸ ਹੋਟਲ ਵਿੱਚ ਠਹਿਰਨ ਦੀ ਮਨਾਹੀ ਹੈ, ਜਿਸ ਵਿੱਚ ਖਿਡਾਰੀ ਠਹਿਰੇ ਹੋਣ। ਬਿ੍ਰਜ ਭੂਸ਼ਣ ਤਾਂ ਆਪਣਾ ਕਮਰਾ ਵੀ ਮਹਿਲਾ ਭਲਵਾਨਾਂ ਦੇ ਕਮਰਿਆਂ ਦੇ ਸਾਹਮਣੇ ਵਾਲਾ ਹੀ ਬੁੱਕ ਕਰਾਉਂਦਾ ਸੀ। ਇਸੇ ਦੌਰਾਨ ਵਿਨੇਸ਼ ਫੋਗਾਟ ਨੇ ਸਾਫ਼-ਸਾਫ਼ ਕਿਹਾ ਹੈ ਕਿ ਬਿ੍ਰਜ ਭੂਸ਼ਣ ਸ਼ਰਣ ਨੂੰ ਸਿਰਫ਼ ਪ੍ਰਧਾਨਗੀ ਤੋਂ ਹੀ ਨਹੀਂ, ਸੰਸਦ ਮੈਂਬਰ ਵਜੋਂ ਵੀ ਹਟਾਇਆ ਜਾਣਾ ਚਾਹੀਦਾ ਹੈ। ਉਸ ਨੂੰ ਜੇਲ੍ਹ ਵਿੱਚ ਬੰਦ ਕਰਕੇ ਉਸ ਦੀਆਂ ਕਰਤੂਤਾਂ ਦੀ ਜਾਂਚ ਕਰਾਈ ਜਾਣੀ ਜ਼ਰੂਰੀ ਹੈ।
-ਚੰਦ ਫਤਿਹਪੁਰੀ

Related Articles

LEAVE A REPLY

Please enter your comment!
Please enter your name here

Latest Articles