ਨਸ਼ਾ ਤਸਕਰਾਂ ਨੇ ਸਰੇਆਮ ਗੋਲੀਆਂ ਚਲਾਈਆਂ, ਪੁਲਸ ਬੇਹਰਕਤ

0
238

ਜਲਾਲਾਬਾਦ (ਪਰਮਜੀਤ ਢਾਬਾਂ)-ਵਿਧਾਨ ਸਭਾ ਹਲਕਾ ਜਲਾਲਾਬਾਦ ਅਧੀਨ ਆਉਂਦੇ ਪਿੰਡ ਢਾਬ ਖੁਸ਼ਹਾਲ ਜੋਈਆ ਵਿਖੇ ਰੋਕਣ ’ਤੇ ਨਸ਼ਾ ਤਸਕਰਾਂ ਨੇ ਨੌਜਵਾਨਾਂ ’ਤੇ ਗੋਲੀਆਂ ਚਲਾ ਕੇ ਹਮਲਾ ਕਰ ਦਿੱਤਾ। ਨਸ਼ਾ ਤਸਕਰਾਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਦੇ ਵੱਜੇ ਛਰਿਆਂ ਨਾਲ ਜ਼ਖਮੀ ਸਥਾਨਕ ਸਿਵਲ ਹਸਪਤਾਲ ਵਿੱਚ ਦਾਖਲ ਕੁਲਵੰਤ ਸਿੰਘ ਅਤੇ ਸੁਰਿੰਦਰ ਸਿੰਘ ਨੇ ਦੱਸਿਆ ਕਿ ਰਾਤ ਨੂੰ ਉਹ ਜਦੋਂ ਮਜ਼ਦੂਰੀ ਕਰਕੇ ਆਪਣੇ ਘਰ ਨੂੰ ਵਾਪਸ ਪਰਤ ਰਹੇ ਸਨ, ਤਾਂ ਪਿੰਡ ਵੜਦਿਆਂ ਹੀ ਉਨ੍ਹਾਂ ਤੋਂ ਪਹਿਲਾਂ ਨਸ਼ਾ ਤਸਕਰਾਂ ਦੀ ਪਿੰਡ ਦੇ ਨੌਜਵਾਨਾਂ ਨਾਲ ਹੋਈ ਤੂੰ-ਤੂੰ, ਮੈਂ-ਮੈਂ ਕਾਰਨ ਤੈਸ਼ ’ਚ ਆਏ ਨਸ਼ਾ ਤਸਕਰਾਂ ਵੱਲੋਂ ਗੋਲੀਆਂ ਚਲਾਈਆਂ ਜਾ ਰਹੀਆਂ ਸਨ। ਗੋਲੀਆਂ ਦੇ ਛਰੇ ਵੱਜਣ ਕਾਰਨ ਉਹ ਜ਼ਖਮੀ ਹੋ ਗਏ। ਪਿੰਡ ਵਿੱਚ ਨਸ਼ਾ ਵੇਚਣ ਵਾਲੇ ਨੌਜਵਾਨਾਂ ਨੂੰ ਰੋਕਣ ਵਾਲੇ ਸਮੂਹ ਦੀ ਅਗਵਾਈ ਕਰਨ ਵਾਲੇ ਜਰਨੈਲ ਸਿੰਘ ਨੇ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਨਸ਼ਾ ਤਸਕਰਾਂ ਨੂੰ ਰੋਕਣ ਲਈ ਪੁਲਸ ਕੋਲ ਅਪੀਲ ਕਰ ਰਿਹਾ ਹੈ। ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਜਲਾਲਾਬਾਦ ਦੇ ਡੀ ਐੱਸ ਪੀ ਅਤੇ ਚੱਕ ਵੈਰੋਕਾ ਦੇ ਐੱਸ ਐੱਚ ਓ ਨੂੰ ਮਿਲ ਚੁੱਕੇ ਹਨ, ਪ੍ਰੰਤੂ ਸਮੇਂ ਸਿਰ ਕਾਰਵਾਈ ਨਾ ਹੋਣ ਦਾ ਨਤੀਜਾ ਹੈ ਕਿ ਉਹ ਸਰੇਆਮ ਗੋਲੀਆਂ ਚਲਾਉਣ ’ਤੇ ਉਤਰ ਆਏ ਹਨ। ਜਰਨੈਲ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਨਸ਼ਾ ਤਸਕਰਾਂ ਨੂੰ ਰੋਕਣ ਲਈ ਵਿਰੋਧ ਕਰ ਰਹੇ ਸਨ, ਜਿਸ ਦੇ ਨਤੀਜੇ ਵਜੋਂ ਅੱਜ ਬੇਖੌਫ ਹੋ ਕੇ ਨਸ਼ਾ ਤਸਕਰਾਂ ਵੱਲੋਂ ਸਰੇਆਮ ਗੋਲੀਆਂ ਚਲਾ ਕੇ ਇਸ ਗੱਲ ਦਾ ਸਬੂਤ ਦਿੱਤਾ ਗਿਆ ਹੈ ਕਿ ਉਨ੍ਹਾਂ ਖਿਲਾਫ ਕੋਈ ਵੀ ਕਾਰਵਾਈ ਨਹੀਂ ਹੋ ਸਕਦੀ। ਨਸ਼ਾ ਤਸਕਰਾਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਦੇ ਸਬੂਤਾਂ ਸੰਬੰਧੀ ਉਨ੍ਹਾ ਕਿਹਾ ਕਿ ਚਲਾਈਆਂ ਗਈਆਂ ਗੋਲੀਆਂ ਦੇ ਖੋਲ ਪੁਲਸ ਦੇ ਹਵਾਲੇ ਕਰ ਦਿੱਤੇ ਗਏ ਹਨ, ਜਿਨ੍ਹਾਂ ਦੇ ਸਬੂਤ ਵਜੋਂ ਵੀਡੀਓਗ੍ਰਾਫੀ ਉਹਨਾ ਕੋਲ ਮੌਜੂਦ ਹੈ। ਪਿੰਡ ਦੇ ਸਰਪੰਚ ਜਰਨੈਲ ਸਿੰਘ ਨੇ ਕਿਹਾ ਕਿ ਉਹ ਪਿੰਡ ਦੀ ਸ਼ਾਂਤੀ ਚਾਹੁੰਦੇ ਹਨ ਅਤੇ ਸਰਕਾਰ ਅਤੇ ਪੰਜਾਬ ਪੁਲਸ ਨੂੰ ਅਪੀਲ ਕਰਦੇ ਹਨ ਕਿ ਨਸ਼ਾ ਤਸਕਰਾਂ ਖਿਲਾਫ ਐਕਸ਼ਨ ਲੈਣ। ਪਿੰਡ ਦੇ ਵਸਨੀਕ ਗੁਰਦੀਪ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਕਰੀਬ 15 ਦਿਨ ਪਹਿਲਾਂ ਥਾਣਾ ਵੈਰੋਕੇ ਵਿਖੇ ਇਹਨਾਂ ਤਸਕਰਾਂ ਖਿਲਾਫ ਕਾਰਵਾਈ ਕਰਵਾਉਣ ਲਈ ਦਰਖਾਸਤ ਦਿੱਤੀ ਗਈ ਸੀ, ਪ੍ਰੰਤੂ ਪੁਲਸ ਵੱਲੋਂ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਪੁਲਸ ਸਿੱਧੇ ਰੂਪ ਵਿੱਚ ਉਹਨਾਂ ਨਾਲ ਮਿਲ ਕੇ ਕੰਮ ਕਰਵਾ ਰਹੀ ਹੈ। ਪਿੰਡ ’ਚ ਹੋਈ ਇਸ ਵਾਰਦਾਤ ਦੀ ਮੌਕੇ ’ਤੇ ਜਾ ਕੇ ਜਾਣਕਾਰੀ ਲੈਣ ਤੋਂ ਪਤਾ ਚੱਲਿਆ ਕਿ ਨਸ਼ਾ ਤਸਕਰ ਸਰੇਆਮ ਮੋਟਰਸਾਈਕਲਾਂ ’ਤੇ ਆਏ ਅਤੇ ਗੋਲੀਆਂ ਚਲਾਉਂਦੇ ਰਹੇ। ਉਹਨਾਂ ਵੱਲੋਂ ਸਰੇਆਮ ਚਲਾਈਆਂ ਗਈਆਂ ਗੋਲੀਆਂ ਸੰਬੰਧੀ ਜਦੋਂ ਜ਼ਿਲ੍ਹਾ ਪੁਲਸ ਮੁਖੀ ਅਵਨੀਤ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾ ਕਿਹਾ ਕਿ ਪਹਿਲਾਂ ਵਾਪਰੀ ਘਟਨਾ ਨੂੰ ਵੈਰੀਫਾਈ ਕਰਨਗੇ, ਫਿਰ ਕਾਰਵਾਈ ਕਰਨਗੇ। ਜਦੋਂ ਉਹਨਾ ਨੂੰ ਦੱਸਿਆ ਗਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਆਪਣਾ ਕੰਮ ਇਮਾਨਦਾਰੀ ਨਾਲ ਕਰ ਰਹੇ ਹਨ, ਪ੍ਰੰਤੂ ਪੁਲਸ ਦੀਆਂ ਕੁਝ ਕਾਲੀਆਂ ਭੇਡਾਂ ਤਸਕਰਾਂ ਨਾਲ ਮਿਲੀਆਂ ਹੋਈਆਂ ਹਨ ਤਾਂ ਉਹਨਾ ਕਿਹਾਤੁਸੀਂ ਹਿੰਮਤ ਦਿਖਾਓ, ਉਨ੍ਹਾਂ ਦੇ ਨਾਂਅ ਦੱਸੋ, ਮੈਂ ਕਾਰਵਾਈ ਕਰਾਂਗੀ। ਜਦੋਂ ਉਨ੍ਹਾ ਨੂੰ ਦੱਸਿਆ ਗਿਆ ਕਿ ਪਿੰਡ ਢਾਬ ਖੁਸਹਾਲ ਜੋਈਆ ਵਿਖੇ ਨਸ਼ਾ ਤਸਕਰਾਂ ਦੇ ਨਾਂਅ ਦੱਸੇ ਜਾ ਚੁੱਕੇ ਹਨ, ਪ੍ਰੰਤੂ ਅਜੇ ਤੱਕ ਕਾਰਵਾਈ ਨਹੀਂ ਹੋਈ, ਕੀ ਪਿੰਡ ਵਾਲਿਆਂ ਨੂੰ ਉਨ੍ਹਾ ਦੇ ਕੋਲ ਆ ਕੇ ਦੱਸਣਾ ਪਵੇਗਾ। ਇਹ ਗੱਲ ਸੁਣ ਕੇ ਮੈਡਮ ਜੀ ਗੁੱਸੇ ਵਿਚ ਆ ਗਏ ਤੇ ਕਹਿਣ ਲੱਗੇਤੁਹਾਡੀ ਗੱਲ ਕਰਨ ਦਾ ਲਹਿਜਾ ਠੀਕ ਨਹੀਂ, ਮੈਂ ਤੁਹਾਡੇ ਵੱਲੋਂ ਦੱਸੀ ਘਟਨਾ ਦੀ ਪਹਿਲਾਂ ਤਸਦੀਕ ਕਰਾਂਗੀ, ਫਿਰ ਐਕਸ਼ਨ ਲਵਾਂਗੀ।

LEAVE A REPLY

Please enter your comment!
Please enter your name here