ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਦਿਨੀਂ ਇੱਕ ਟੀ ਵੀ ਚੈਨਲ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਇੱਕ ਚੁਟਕਲਾ ਸੁਣਾਇਆ ਸੀ। ਉਨ੍ਹਾ ਕਿਹਾ ਕਿ ਇੱਕ ਚੁਟਕਲਾ ਅਸੀਂ ਬਚਪਨ ਤੋਂ ਸੁਣਦੇ ਆਏ ਹਾਂ। ਇੱਕ ਪ੍ਰੋਫ਼ੈਸਰ ਦੀ ਇੱਕ ਧੀ ਸੀ। ਇੱਕ ਦਿਨ ਉਹ ਘਰ ਨਹੀਂ ਦਿਸੀ ਤਾਂ ਪ੍ਰੋਫ਼ੈਸਰ ਨੇ ਉਸ ਨੂੰ ਘਰ ਵਿੱਚ ਲੱਭਣਾ ਸ਼ੁਰੂ ਕੀਤਾ। ਉਸ ਨੂੰ ਬੇਟੀ ਦੇ ਕਮਰੇ ਵਿੱਚੋਂ ਇੱਕ ਚਿੱਠੀ ਮਿਲੀ, ਜਿਸ ਵਿੱਚ ਲਿਖਿਆ ਸੀ ਕਿ ਉਹ ਜ਼ਿੰਦਗੀ ਤੋਂ ਥੱਕ ਚੁੱਕੀ ਹੈ ਤੇ ਜਿਊਣਾ ਨਹੀਂ ਚਾਹੁੰਦੀ। ਇਸ ਲਈ ਉਹ ਕਾਂਕਰੀਆ ਝੀਲ ਵਿੱਚ ਡੁੱਬਣ ਜਾ ਰਹੀ ਹੈ। ਪ੍ਰੋਫ਼ੈਸਰ ਨੂੰ ਚਿੱਠੀ ਪੜ੍ਹ ਕੇ ਬਹੁਤ ਗੁੱਸਾ ਆਇਆ ਤੇ ਸੋਚਣ ਲੱਗਾ ਕਿ ਮੈਂ ਏਨੇ ਸਾਲਾਂ ਤੋਂ ਵਿਦਿਆਰਥੀਆਂ ਨੂੰ ਲਗਨ ਨਾਲ ਪੜ੍ਹਾ ਰਿਹਾ ਹਾਂ, ਪਰ ਮੇਰੀ ਬੇਟੀ ਕਾਂਕਰੀਆ ਝੀਲ ਦੇ ਸਪੈ�ਿਗ ਵੀ ਠੀਕ ਨਹੀਂ ਲਿਖ ਰਹੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਹੱਸਣ ਲੱਗੇ। ਸਪੱਸ਼ਟ ਹੈ ਕਿ ਜਦੋਂ ਪ੍ਰਧਾਨ ਮੰਤਰੀ ਹੱਸ ਰਹੇ ਹੋਣ ਤਾਂ ਸਰੋਤਿਆਂ ਨੂੰ ਵੀ ਹੱਸਣਾ ਪਵੇਗਾ। ਨਾਲੇ ਸਰੋਤੇ ਵੀ ਤਾਂ ਗੋਦੀ ਮੀਡੀਆ ਦੇ ਪੱਤਰਕਾਰ ਸਨ, ਇਸ ਲਈ ਤਾਂ ਹੱਸਣਾ ਹੋਰ ਵੀ ਜ਼ਰੂਰੀ ਸੀ। ਇਸ ਭਾਸ਼ਣ ਦਾ ਟੀ ਵੀ ਚੈਨਲਾਂ ਉੱਤੇ ਸਿੱਧਾ ਪ੍ਰਸਾਰਨ ਵੀ ਕੀਤਾ ਜਾ ਰਿਹਾ ਸੀ।
ਪ੍ਰਧਾਨ ਮੰਤਰੀ ਨੇ ਸਾਡੇ ਸਮਾਜ ਦੇ ਬੇਹੱਦ ਸੰਵੇਦਨਸ਼ੀਲ ਮੁੱਦੇ ਦਾ ਸ਼ਰੇਆਮ ਮਜ਼ਾਕ ਉਡਾਇਆ ਸੀ। ਉਹ ਪ੍ਰਧਾਨ ਮੰਤਰੀ ਹਨ, ਕੁਝ ਵੀ ਬੋਲ ਸਕਦੇ ਹਨ। ਇਹ ਤਾਂ ਅਸੀਂ ਪਿਛਲੇ 9 ਸਾਲਾਂ ਤੋਂ ਹੀ ਦੇਖ ਰਹੇ ਹਾਂ। ਪ੍ਰਧਾਨ ਮੰਤਰੀ ਨੂੰ ਤਾਂ ਚਾਰੇ ਪਾਸੇ ਵਿਕਾਸ ਹੀ ਦਿਸਦਾ ਹੈ, ਇਸ ਲਈ ਭੁੱਖਮਰੀ, ਗਰੀਬੀ, ਲਾਚਾਰੀ, ਸਮਾਜਕ ਵੈਰਭਾਵ, ਬੇਰੁਜ਼ਗਾਰੀ ਤੇ ਹਨੇਰੇ ਭਵਿੱਖ ਕਾਰਨ ਹੁੰਦੀਆਂ ਆਤਮਹੱਤਿਆਵਾਂ ਉਨ੍ਹਾ ਨੂੰ ਕਿਵੇਂ ਨਜ਼ਰ ਆ ਸਕਦੀਆਂ ਹਨ। ਪ੍ਰਧਾਨ ਮੰਤਰੀ ਕਿੰਨਾ ਪੜ੍ਹੇ ਹਨ, ਇਸ ਦਾ ਤਾਂ ਪਤਾ ਨਹੀਂ ਲੱਗ ਰਿਹਾ, ਪਰ ਉਨ੍ਹਾ ਦੇ ਸਾਹਮਣੇ ਬੈਠੇ ਡਿਗਰੀਆਂ ਵਾਲੇ ਪੱਤਰਕਾਰ, ਜਿਨ੍ਹਾਂ ਨੂੰ ਲੋਕ ਬੁੱਧੀਮਾਨ ਸਮਝਦੇ ਹਨ, ਪ੍ਰਧਾਨ ਮੰਤਰੀ ਦੇ ਚੁਟਕਲੇ ਉੱਤੇ ਠਹਾਕੇ ਲਗਾਉਂਦੇ ਹਨ ਤਾਂ ਹੈਰਾਨੀ ਹੁੰਦੀ ਹੈ।
ਇਹ ਸਾਡੇ ਦੇਸ਼ ਤੇ ਸਮਾਜ ਦੀ ਤ੍ਰਾਸਦੀ ਹੈ ਕਿ ਸੱਤਾ ਦੀ ਚੋਟੀ ਉੱਤੇ ਬੈਠਾ ਵਿਅਕਤੀ ਸੰਵੇਦਨਹੀਣਤਾ ਦੀਆਂ ਹੱਦਾਂ ਉਲੰਘ ਰਿਹਾ ਹੈ। ਕੌਮੀ ਅਪਰਾਧ ਰਿਕਾਰਡਜ਼ ਬਿਊਰੋ ਦੇ ਅੰਕੜੇ ਦੱਸਦੇ ਹਨ ਕਿ ਸਾਲ 2021 ਵਿੱਚ ਦੇਸ਼ ਅੰਦਰ ਕੁੱਲ 1,64,033 ਲੋਕਾਂ ਨੇ ਖੁਦਕੁਸ਼ੀ ਕੀਤੀ ਸੀ। ਯਾਨੀ ਹਰ ਰੋਜ਼ 450 ਵਿਅਕਤੀ ਮੌਤ ਨੂੰ ਗਲੇ ਲਗਾਉਂਦੇ ਰਹੇ।
ਦੇਸ਼ ਦੇ ਪੰਜ ਰਾਜਾਂ ਮਹਾਰਾਸ਼ਟਰ, ਤਾਮਿਲਨਾਡੂ, ਮੱਧ ਪ੍ਰਦੇਸ਼, ਪੱਛਮੀ ਬੰਗਾਲ ਤੇ ਕਰਨਾਟਕ ਵਿੱਚ ਦੇਸ਼ ਅੰਦਰ ਹੁੰਦੀਆਂ ਕੁੱਲ ਆਤਮਹੱਤਿਆਵਾਂ ਵਿੱਚੋਂ ਅੱਧੇ ਮਾਮਲੇ ਦਰਜ ਹੁੰਦੇ ਹਨ, ਇਨ੍ਹਾਂ ਵਿੱਚੋਂ ਤਿੰਨ ਰਾਜਾਂ ਵਿੱਚ ਭਾਜਪਾ ਦੀਆਂ ਸਰਕਾਰਾਂ ਹਨ। ਸਾਲ 2020 ਤੇ 2021 ਦੀਆਂ ਮੌਤਾਂ ਨੂੰ ਮਿਲਾ ਕੇ ਦੇਸ਼ ਅੰਦਰ 3.17 ਲੱਖ ਲੋਕਾਂ ਨੇ ਖੁਦਕੁਸ਼ੀ ਕੀਤੀ ਸੀ।
ਸਾਡੇ ਦੇਸ਼ ਵਿੱਚ ਆਤਮਹੱਤਿਆ ਕਰਨ ਵਾਲੇ ਲੋਕਾਂ ਵਿੱਚ 34.5 ਫ਼ੀਸਦੀ 18 ਤੋਂ 30 ਸਾਲ ਦੇ ਨੌਜਵਾਨ ਤੇ 31 ਫ਼ੀਸਦੀ 31 ਤੋਂ 45 ਸਾਲਾਂ ਦੇ ਅਧੇੜ ਹੁੰਦੇ ਹਨ। ਸਪੱਸ਼ਟ ਹੈ ਕਿ ਇਹ 65 ਫ਼ੀਸਦੀ ਉਹ ਲੋਕ ਹਨ, ਜਿਹੜੇ ਅਰਥਵਿਵਸਥਾ ਦੀ ਕਿਰਤ ਸ਼ਕਤੀ ਤੇ ਰੀੜ੍ਹ ਦੀ ਹੱਡੀ ਹਨ। ਇਨ੍ਹਾਂ ਵਿੱਚ 26 ਫ਼ੀਸਦੀ ਗਰੀਬ ਮਜ਼ਦੂਰ ਹੁੰਦੇ ਹਨ।
ਆਤਮਹੱਤਿਆ ਦੇ ਮੁੱਖ ਕਾਰਨਾਂ ਵਿੱਚ ਆਰਥਕ ਮੰਦਹਾਲੀ, ਕਰਜ਼ੇ ਦਾ ਬੋਝ, ਬੇਰੁਜ਼ਗਾਰੀ, ਜਾਤੀ ਭੇਦਭਾਵ ਤੇ ਪੜ੍ਹਾਈ ਵਿੱਚ ਪਛੜਨਾ ਸ਼ਾਮਲ ਹੁੰਦੇ ਹਨ। ਅਜਿਹੇ ਸੰਵੇਦਨਸ਼ੀਲ ਮੁੱਦੇ ਉੱਤੇ ਹੱਸਣ ਤੋਂ ਕਿਸੇ ਵੀ ਵਿਅਕਤੀ ਦੇ ਮਾਨਸਿਕ ਪੱਧਰ ਦਾ ਪਤਾ ਲੱਗ ਜਾਂਦਾ ਹੈ। ਹੈਰਾਨੀ ਤਾਂ ਇਸ ਗੱਲ ਦੀ ਹੁੰਦੀ ਹੈ ਕਿ ਭਾਜਪਾ ਦੇ ਸਮਰਥਕ ਇਸ ਸੰਵੇਦਨਹੀਣ ਚੁਟਕਲੇ ਨੂੰ ਹੀ ਪ੍ਰਵਚਨ ਮੰਨ ਕੇ ਸੋਸ਼ਲ ਮੀਡੀਆ ਉੱਤੇ ਅੱਗੇ ਤੋਂ ਅੱਗੇ ਸ਼ੇਅਰ ਕਰ ਰਹੇ ਹਨ। ਤਾਨਾਸ਼ਾਹੀ ਦੇ ਯੁੱਗ ਵਿੱਚ ਹਾਲੇ ਪਤਾ ਨਹੀਂ ਸਮਾਜ ਨੂੰ ਕੀ-ਕੀ ਦੇਖਣਾ ਤੇ ਸਹਿਣਾ ਪਵੇਗਾ।





