ਸ਼ਾਹਕੋਟ (ਗਿਆਨ ਸੈਦਪੁਰੀ)-ਪਾਰਲੀਮੈਂਟ ਹਲਕਾ ਜਲੰਧਰ ਦੀ ਦਸ ਮਈ ਨੂੰ ਹੋ ਰਹੀ ਜ਼ਿਮਨੀ ਚੋਣ ਦੀ ਮੁਹਿੰਮ ਵਿੱਚ ਵੱਖ-ਵੱਖ ਪਾਰਟੀਆਂ ਵੱਲੋਂ ਆਪੋ-ਆਪਣੇ ਹੱਕ ਵਿੱਚ ਦਾਅਵੇ-ਦਰ-ਦਾਅਵਿਆਂ ਦੇ ਦੌਰ ਵਿੱਚ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ 95 ਸਰਪੰਚਾਂ ਵੱਲੋਂ ‘ਆਪ’ ਦੇ ਹੋ ਜਾਣ ਦੀ ਹਕੀਕਤ ਕੁਝ ਹੋਰ ਸਾਹਮਣੇ ਆਉਣ ਤੋਂ ਬਾਅਦ 48 ਸਰਪੰਚ, 83 ਪੰਚ, 45 ਨੰਬਰਦਾਰ, 5 ਬਲਾਕ ਸੰਮਤੀ ਮੈਂਬਰ ਆਦਿ ਵੱਲੋਂ ਵੱਖ-ਵੱਖ ਪਾਰਟੀਆਂ ਛੱਡ ਕੇ ਆਪ ਦਾ ਪੱਲਾ ਫੜਨ ਦਾ ਦਾਅਵਾ ਕੀਤਾ ਗਿਆ ਹੈ | 48 ਸਰਪੰਚ ਸ਼ਾਮਲ ਕਰਨ ਮੌਕੇ ਸਮਾਗਮ ਹੋਇਆ ਵੀ ਬੜੀ ਸੱਜ-ਧੱਜ ਨਾਲ ਤੇ ਇਹ ਕੀਤਾ ਗਿਆ ਵੀ ਬਲਕਾਰ ਸਿੰਘ ਚੱਠਾ ਦੇ ਕੋਲਡ ਸਟੋਰ ‘ਤੇ, ਜਿਸ ਨੂੰ ਹਲਕੇ ਦੀ ਆਪ ਲੀਡਰਸ਼ਿਪ ਨੇ ਬਿਲਕੁਲ ਹੀ ਅਣਗੌਲਿਆ ਕਰੀ ਰੱਖਿਆ ਸੀ | ਇਸ ਸਮਾਗਮ ਵਿੱਚ ਕੀਤੀਆਂ ਗਈਆਂ ਤਕਰੀਰਾਂ ਵਿੱਚ ਬੁਲਾਰਿਆਂ ਨੇ ਉਚੇਚ ਨਾਲ ਇਹ ਗੱਲ ਉਭਾਰੀ ਕੇ ਕਾਫੀ ਇੰਤਜ਼ਾਰ ਤੋਂ ਬਾਅਦ ਹਲਕੇ ਨੂੰ ਰਾਣਾ ਹਰਦੀਪ ਸਿੰਘ ਦੇ ਰੂਪ ਵਿੱਚ ‘ਹੀਰਾ’ ਨਸੀਬ ਹੋਇਆ ਹੈ | ਅਜਿਹਾ ਨਾ ਹੁੰਦਾ ਤਾਂ ਇੱਥੇ ‘ਆਪ’ ਦਾ ਰੱਬ ਹੀ ਰਾਖਾ ਸੀ | ਸਮਾਗਮ ਵਿੱਚ ਇੱਕ ਹੋਰ ਦਿਲਚਸਪ ਮੰਜ਼ਰ ਨਜ਼ਰੀਂ ਆਇਆ | ਕਾਂਗਰਸ ਪਾਰਟੀ ਦੇ ਜਿਹੜੇ ਆਗੂ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨਾਲ ਇਸ ਕਰਕੇ ਨਰਾਜ਼ ਸਨ ਕਿ ਉਹ ਮੇਰੇ ਨਾਲੋਂ ਦੂਜੇ ਨੂੰ ਵੱਧ ਤਰਜੀਹ ਦਿੰਦੇ ਹਨ | ਆਪਸ ਵਿੱਚ ਅੱਖ ਮਿਲਾਉਣ ਤੋਂ ਵੀ ਕੰਨੀ ਕਤਰਾਉਂਦੇ ਰਹੇ ਇਹ ਆਗੂ ਰਾਣਾ ਹਰਦੀਪ ਵੱਲੋਂ ਲਾਈਆਂ ਰੌਣਕਾਂ ਵਿੱਚ ਬਗਲਗੀਰ ਹੁੰਦੇ ਰਹੇ |
ਦੱਸਣਯੋਗ ਹੈ ਕਿ ਹਲਕੇ ਅੰਦਰ ਹਲਕਾ ਵਿਧਾਇਕ ਨਾਲ ਚੋਣ ਮੁਹਿੰਮ ਦੀ ਵਾਗਡੋਰ ਰਾਣਾ ਗੁਰਜੀਤ ਸਿੰਘ ਨੇ ਸੰਭਾਲੀ ਹੋਈ ਹੈ | ਰਾਣਾ ਦੀ ਪਤਨੀ ਰਾਜਬੰਸ ਕੌਰ ਰਾਣਾ ਵੀ ਚੋਣ ਮੁਹਿੰਮ ਨੇੜਿਓਾ ਦੇਖ ਰਹੇ ਹਨ | ਰਾਣਾ ਗੁਰਜੀਤ ਸਿੰਘ ਲਈ ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਕਾਂਗਰਸ ਵਾਸਤੇ ਲੀਡ ਵੱਕਾਰ ਦਾ ਸਵਾਲ ਬਣੀ ਹੋਈ ਹੈ | ਰਾਣਾ ਗੁਰਜੀਤ ਸਿੰਘ ਦੇ ਬਹੁਤ ਨਜ਼ਦੀਕੀ ਰਹੇ ਸੀਨੀਅਰ ਆਗੂ ਕਮਲ ਕੁਮਾਰ ਨਾਹਰ ਨੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਵੱਡੇ ਰਾਣੇ ਦਾ ਕਦਰਦਾਨ ਤਾਂ ਹੈ, ਪਰ ਹੁਣ ਉਸ ਦੀ ਸਿਆਸੀ ਵਫਾਦਾਰੀ ਛੋਟੇ ਰਾਣਾ ਨਾਲ ਹੈ | ਉਨ੍ਹਾ ਇਹ ਵੀ ਦੱਸਿਆ ਕਿ ਹਲਕਾ ਸੁਲਤਾਨਪੁਰ ਲੋਧੀ ਤੋਂ ਰਾਣਾ ਇੰਦਰ ਪ੍ਰਤਾਪ ਦੀ ਜਿੱਤ ਰਾਣਾ ਹਰਦੀਪ ਬਦੌਲਤ ਹੋਈ ਸੀ |
ਇੱਕ ਬੁਲਾਰੇ ਨੇ ਤਾਂ ਦੋ ਰਾਣਿਆਂ ਦੇ ਚੁਣਾਵੀ ‘ਰਣ ਤੱਤੇ’ ਵਿੱਚ ਆਹਮੋ-ਸਾਹਮਣੇ ਹੋਣ ਅਤੇ ਵਧੀਆਂ ਹੋਈਆਂ ਦੂਰੀਆਂ ਨੂੰ ਦਰਸਾਉਂਦਿਆਂ ਇੱਥੋਂ ਤੱਕ ਆਖ ਦਿੱਤਾ ਕਿ ਕੁੰਢੀਆਂ ਦੇ ਸਿੰਗ ਫਸ ਗਏ, ਹੁਣ ਨਿੱਤਰੂ ਵੜੇਵੇਂ ਖਾਣੀ |
ਅਜਿਹੇ ਮਾਹੌਲ ਵਿੱਚ ਰਾਣਾ ਹਰਦੀਪ ਸਿੰਘ ਆਪਣੀ ‘ਹਮਲਵਾਰੀ’ ਤਕਰੀਰ ਦੌਰਾਨ ਸੰਕੋਚਵੇਂ ਸ਼ਬਦਾਂ ਰਾਹੀਂ ਸਭ ਕੁਝ ਬਿਆਨ ਕਰ ਗਏ | ਉਨ੍ਹਾਂ ਇਹ ਗੱਲ ਵਿਸ਼ੇਸ਼ ਜ਼ੋਰ ਦੇ ਕੇ ਆਖੀ ਕਿ ਉਸ ਨੂੰ ਵੱਡਿਆਂ ਨੇ ਸੱਭਿਅਕ ਸਲੀਕਾ ਸਿਖਾਇਆ ਹੋਇਆ ਹੈ | ਉਨ੍ਹਾਂ ਜਦੋਂ ਇਹ ਆਖਿਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ ‘ਤੇ ਹਲਕੇ ਦੀ ਕਮਾਂਡ ਸੰਭਾਲਣ ਆਏ ਹਨ ਤਾਂ ਕਈਆਂ ਦੇ ਜ਼ਿਹਨ ਵਿੱਚ ਹਲਕੇ ਦੇ ਪਹਿਲੇ ਹਲਕਾ ਇੰਚਾਰਜ ਦੀ ‘ਸਿਆਸੀ ਹੋਣੀ’ ਸੰਬੰਧੀ ਸਵਾਲ ਵੀ ਉੱਗ ਆਇਆ | ਇੱਥੇ ਇਹ ਦੱਸਣਾ ਕੁਥਾਂ ਨਹੀਂ ਹੋਵੇਗਾ ਕਿ ਆਪ ਦੇ ਹਲਕਾ ਇੰਚਾਰਜ ਨੂੰ ਬਦਲਣ ਦੀ ਚਰਚਾ ਅਕਸਰ ਹੁੰਦੀ ਰਹਿੰਦੀ ਹੈ | ਹਲਕਾ ਇੰਚਾਰਜ ਰਤਨ ਸਿੰਘ ਕਾਕੜ ਕਲਾਂ ਦੀ ਰਾਣਾ ਹਰਦੀਪ ਸਿੰਘ ਦੀ ਹਲਕੇ ਵਿੱਚ ਸਿਆਸੀ ਛਲਾਂਗ ਤੋਂ ਬਾਅਦ ਵੀ ਲਗਾਤਾਰ ਸਿਆਸੀ ਸਰਗਰਮੀ ਜਾਰੀ ਹੈ | ਇਸ ਸੰਦਰਭ ਵਿੱਚ ਲੋਕ ਕਿਆਫੇ ਲਾ ਰਹੇ ਹਨ ਕਿ ਰਾਣਾ ਹਰਦੀਪ ਸਿੰਘ ਨੂੰ ਪੰਜਾਬ ਪੱਧਰ ਦੀ ਕੋਈ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ ਤੇ ਰਤਨ ਸਿੰਘ ਕਾਕੜ ਕਲਾਂ ਹਲਕਾ ਇੰਚਾਰਜ ਬਣੇ ਰਹਿਣਗੇ | ਸ਼ਾਹਕੋਟ ਵਿੱਚ ਇਹ ਪ੍ਰਭਾਵ ਕਿ ਰਾਣਾ ਦੇ ਆਉਣ ਨਾਲ ਸ਼ਹਿਰ ਦੇ ਸਾਰੇ ਸਥਾਨਕ ਆਗੂ ਸ਼ੇਰੋਵਾਲੀਆ ਨੂੰ ਛੱਡੀ ਜਾਂਦੇ ਹਨ, ਉਸ ਵੇਲੇ ਮੱਧਮ ਪੈ ਗਿਆ ਜਦੋਂ ਹਲਕਾ ਵਿਧਾਇਕ ਦੀਆਂ ਕੋਸ਼ਿਸ਼ਾਂ ਨਾਲ ਕੁਝ ਆਗੂਆਂ ਦੀ ‘ਘਰ ਵਾਪਸੀ’ ਹੋ ਗਈ ਹੈ | ਇਹ ਵੀ ਜ਼ਿਕਰਯੋਗ ਹੈ ਕਿ 2019 ਵਿੱਚ ਸਵਰਗੀ ਚੌਧਰੀ ਸੰਤੋਖ ਸਿੰਘ ਨੂੰ ਸੰਸਦ ਦੀ ਸੀਟ ਸ਼ਾਹਕੋਟੀਆਂ ਦੇ ਵੱਡੇ ਯੋਗਦਾਨ ਕਾਰਨ ਹੀ ਨਸੀਬ ਹੋਈ ਸੀ | ਇੱਥੋਂ ਚੌਧਰੀ ਸਾਹਿਬ ਨੂੰ ਸਾਢੇ ਉੱਨੀ ਹਜ਼ਾਰ ਵੋਟਾਂ ਵਿਰੋਧੀ ਨਾਲੋਂ ਵੱਧ ਮਿਲੀਆਂ ਸਨ | ਹਰੇਕ ਸਿਆਸੀ ਪਾਰਟੀ ਨੇ ਸ਼ਾਹਕੋਟ ਨੂੰ ਮਹੱਤਤਾ ਦੇ ਰੱਖੀ ਹੈ | ਰਾਣਾ ਹਰਦੀਪ ਸਿੰਘ ਦਾ ਸ਼ਾਹਕੋਟ ਦੀ ‘ਆਪ’ ਸਿਆਸਤ ਵਿੱਚ ਪ੍ਰਵੇਸ਼ ਵੀ ਇਸੇ ਸੰਦਰਭ ਵਿੱਚ ਵੇਖਿਆ ਜਾ ਰਿਹਾ ਹੈ | ਇਹ ਨਿਰਸੰਕੋਚ ਕਿਹਾ ਜਾ ਸਕਦਾ ਹੈ ਕਿ ਰਾਣਾ ਹਰਦੀਪ ਸਿੰਘ ਦੀ ਤੇਜ਼-ਤਰਾਰ ਚੋਣ ਸ਼ੈਲੀ ਨਾਲ ਸ਼ਾਹਕੋਟ ਦੀ ‘ਆਪ’ ਵਿੱਚ ਉਭਾਰ ਆਇਆ ਹੈ | ਨਾਲ ਹੀ ਦੋ ਸਕੇ ਸੋਧਰੇ ਰਾਣਿਆਂ ਦੀ ਆਪਸੀ ਸਿਆਸੀ ਟੱਕਰ ਦਾ ਜ਼ਿਕਰ ਵੀ ਸ਼ਾਹਕੋਟ ਦੀ ਹਰ ਗਲੀ, ਮੋੜ ‘ਤੇ ਹੋ ਰਿਹਾ ਹੈ | ਇਸ ਸਮਾਗਮ ਵਿੱਚ ਕਮਲਜੀਤ ਲਾਲੀ ਪੀ.ਏ, ਹਰਦੇਵ ਸਿੰਘ ਪੀਟਾ, ਸਤੀਸ਼ ਰਿਹਾਨ ਸਾਬਕਾ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਪ੍ਰਵੀਨ ਗਰੋਵਰ, ਡਾ. ਨਰੇਸ਼ ਸੱਗੂ, ਗੁਰਮੁਖ ਸਿੰਘ ਕੋਟਲਾ, ਸੇਰਾ ਕੰਨੀਆਂ ਕਲਾਂ, ਸੁੱਖਾ ਢੇਸੀ, ਦਲਬੀਰ ਸਿੰਘ ਜਾਫਰਵਾਲ, ਰਾਜ ਕੁਮਾਰ ਰਾਜੂ ਸਾਬਕਾ ਮੈਂਬਰ ਨਗਰ ਪੰਚਾਇਤ ਸ਼ਾਹਕੋਟ, ਨਿਰਮਲ ਸਿੰਘ ਸਰਾਭਾ, ਅਨਿਲ ਕੁਮਾਰ ਮਲਸੀਆਂ, ਮਨਜੀਤ ਸਿੰਘ ਸੈਦਪੁਰ ਆਦਿ ਮੌਜੂਦ ਸਨ |