ਲੋਕਾਂ ਦੀ ਮੁਕਤੀ ਲਈ ਅੱਜ ਵੀ ਪ੍ਰਸੰਗਕ ਹੈ ਮਾਰਕਸੀ ਫਲਸਫ਼ਾ

0
216

ਜਲੰਧਰ : ਕਾਰਲ ਮਾਰਕਸ ਦੇ 205ਵੇਂ ਜਨਮ ਦਿਹਾੜੇ ਮੌਕੇ ਸ਼ੱੁਕਰਵਾਰ ਦੇਸ਼ ਭਗਤ ਯਾਦਗਾਰ ਹਾਲ ‘ਚ ‘ਮਾਰਕਸਵਾਦ ਅਤੇ ਅਜੋਕੇ ਸਰੋਕਾਰ’ ਵਿਸ਼ੇ ‘ਤੇ ਗੰਭੀਰ ਵਿਚਾਰ-ਚਰਚਾ ਕੀਤੀ ਗਈ | ਸੈਮੀਨਾਰ ਦੇ ਮੰਚ ‘ਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਵਿੱਤ ਸਕੱਤਰ ਸੀਤਲ ਸਿੰਘ ਸੰਘਾ, ਸਮਾਗਮ ਦੇ ਮੁੱਖ ਵਕਤਾ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਦਰਸ਼ਨ ਖਟਕੜ ਅਤੇ ਅਮੋਲਕ ਸਿੰਘ ਸੁਸ਼ੋਭਤ ਸਨ |
ਵਿਚਾਰ-ਚਰਚਾ ‘ਚ ਜੁੜੇ ਲੋਕਾਂ ਨੂੰ ਕਮੇਟੀ ਦੇ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ ਨੇ ਜੀ ਆਇਆਂ ਕਹਿੰਦਿਆਂ ਕਿਹਾ ਕਿ 205 ਵਰੇ੍ਹ ਬੀਤ ਜਾਣ ‘ਤੇ ਮਾਰਕਸੀ ਫਲਸਫ਼ਾ ਹੋਰ ਵੀ ਪ੍ਰਸੰਗਕ ਹੁੰਦਾ ਜਾ ਰਿਹਾ ਹੈ | ਇਹੋ ਫਲਸਫ਼ਾ ਹੈ ਜੋ ਲੁੱਟ, ਜਬਰ ਤੇ ਟਿਕੇ ਨਿਜ਼ਾਮ ਨੂੰ ਮੂਲੋਂ ਬਦਲ ਕੇ ਲੁੱਟ, ਵਿਤਕਰੇ ਅਤੇ ਜਬਰ ਰਹਿਤ ਨਿਜ਼ਾਮ ਸਿਰਜਣ ਦਾ ਮਾਰਗ ਦਰਸ਼ਕ ਹੈ | ਚਰੰਜੀ ਲਾਲ ਕੰਗਣੀਵਾਲ ਦੁਆਰਾ ਰਚਿਤ ਪੁਸਤਕ ‘ਗ਼ਦਰੀ ਬਾਬਾ ਕੇਸਰ ਸਿੰਘ ਠੱਠਗੜ੍ਹ : ਜੀਵਨ ਸੰਗਰਾਮ’ ਇਸ ਮੌਕੇ ਲੋਕ ਅਰਪਣ ਕੀਤੀ ਗਈ | ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਇਸ ਪੁਸਤਕ ‘ਤੇ ਵਿਚਾਰ ਕੇਂਦਰਤ ਰੱਖਦਿਆਂ, ਕਮੇਟੀ ਦੇ ਆਗੂ ਰਹੇ ਨੌਨਿਹਾਲ ਸਿੰਘ ਨੂੰ ਸਲਾਮ ਕਰਦਿਆਂ ਕਿਹਾ ਕਿ ਗ਼ਦਰੀ ਦੇਸ਼ ਭਗਤਾਂ ਦਾ ਇਤਿਹਾਸ ਖੋਜਣ, ਸੰਭਾਲਣ ਅਤੇ ਲੋਕਾਂ ਵਿੱਚ ਲਿਜਾਣ ਦੀ ਕੜੀ ਵਜੋਂ ਬਾਬਾ ਕੇਸਰ ਸਿੰਘ ਠੱਠਗੜ੍ਹ ਸੰਬੰਧੀ ਲੋਕ ਅਰਪਣ ਹੋਈ ਪੁਸਤਕ ਮੁੱਲਵਾਨ ਭੂਮਿਕਾ ਅਦਾ ਕਰੇਗੀ | ਸਮਾਗਮ ਦੇ ਮੁੱਖ ਵਕਤਾ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਦਰਸ਼ਨ ਸਿੰਘ ਖਟਕੜ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਮਾਰਕਸ ਸਾਨੂੰ ਇਹ ਦਿ੍ਸ਼ਟੀ ਦਿੰਦਾ ਹੈ ਕਿ ਪੂੰਜੀਵਾਦੀ ਵਿਵਸਥਾ ਕਿਵੇਂ ਰੱਤ-ਨਿਚੋੜੂ ਹੈ ਅਤੇ ਇਸ ਤੋਂ ਕਿਵੇਂ ਮੁਕਤੀ ਹਾਸਲ ਹੋ ਸਕਦੀ ਹੈ | ਦਰਸ਼ਨ ਖਟਕੜ ਨੇ ਕਿਹਾ ਕਿ ਸਮਾਜ ਵਿੱਚ ਫੈਲੀ ਹਫ਼ੜਾ-ਦਫ਼ੜੀ, ਬੇਰੁਜ਼ਗਾਰੀ, ਭੁੱਖਮਰੀ, ਗ਼ਰੀਬੀ, ਮਹਿੰਗਾਈ, ਲੁੱਟ-ਖਸੁੱਟ, ਜਬਰ-ਜ਼ੁਲਮ ਸਭ ਕੁਝ ਪੂੰਜੀਵਾਦ ਦੀ ਦੇਣ ਹੈ | ਇਸ ਕਰਕੇ ਹੀ ਲੋਕ ਕਿਸੇ ਨਾ ਕਿਸੇ ਰੂਪ ਵਿੱਚ ਅਸੰਤੋਸ਼, ਨਾਬਰੀ, ਵਿਦਰੋਹ ਅਤੇ ਲੋਕ ਸੰਘਰਸ਼ ‘ਚ ਪ੍ਰਗਟਾਵਾ ਕਰਦੇ ਆ ਰਹੇ ਹਨ ਅਤੇ ਕਰਦੇ ਰਹਿਣਗੇ |
ਜਦੋਂ ਤੱਕ ਸਾਮਰਾਜ ਦੀ ਦੂਜੇ ਮੁਲਕਾਂ, ਮਜ਼ਦੂਰ ਜਮਾਤ ‘ਤੇ ਦਾਬਾ ਅਤੇ ਟੱਕਰ ਹੈ, ਉਸੇ ਵੇਲੇ ਤੱਕ ਲਿਆਂਦੇ ਜਾ ਰਹੇ ਵੰਨ-ਸੁਵੰਨੇ ਸਿਧਾਂਤ ਅਰਥਹੀਣ ਨਿਰਾਰਥਕ ਰਹਿਣਗੇ, ਕਿਉਂਕਿ ਜੇ ਸਾਮਰਾਜੀ ਲੁੱਟ ਅਤੇ ਕੁੱਟ ਰਹੇਗੀ ਤਾਂ ਇਸ ਸੰਸਾਰ ਪ੍ਰਬੰਧ ਖਿਲਾਫ਼ ਟੱਕਰ ਵੀ ਜਾਰੀ ਰਹੇਗੀ | ਵਿਸ਼ਵਾਮਿੱਤਰ, ਕੁਲਵੰਤ ਸੰਧੂ, ਡਾ. ਸੈਲੇਸ਼, ਹਰਬੰਸ ਹਮਾਇਤੀ ਅਤੇ ਸੁਖਦੇਵ ਸਿੰਘ ਫਗਵਾੜਾ ਵੱਲੋਂ ਕੀਤੇ ਸੁਆਲਾਂ ਦੇ ਬਾ-ਦਲੀਲ ਜਵਾਬ ਦਿੱਤੇ | ਇਸ ਸਮਾਗਮ ‘ਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ, ਰਣਜੀਤ ਸਿੰਘ ਔਲਖ, ਦੇਵ ਰਾਜ ਨਈਅਰ, ਵਿਜੈ ਬੰਬੇਲੀ, ਪ੍ਰੋ. ਗੋਪਾਲ ਬੁੱਟਰ, ਹਰਮੇਸ਼ ਮਾਲੜੀ, ਡਾ. ਤੇਜਿੰਦਰ ਵਿਰਲੀ ਤੋਂ ਇਲਾਵਾ ਡਾ. ਹਰਜੀਤ ਸਿੰਘ, ਕਸ਼ਮੀਰ ਸਿੰਘ ਘੁੱਗਸ਼ੋਰ, ਜਸਬੀਰ ਜੱਸੀ, ਪੁਸ਼ਕਰ, ਕੁਲਵਿੰਦਰ ਵੜੈਚ, ਅਵਤਾਰ ਸਿੰਘ, ਸੁਖਦੇਵ ਸਿੰਘ ਸਿੱਧੂ, ਮੋਹਣ ਸਿੰਘ ਬੱਲ, ਡਾ. ਜਗਜੀਤ ਸਿੰਘ ਚੀਮਾ, ਨਿਰਮਲਜੀਤ ਕੌਰ, ਗੁਰਦੀਪ ਸਿੰਘ, ਕੇਸਰ ਹਾਜ਼ਰ ਸਨ | ਸਮਾਗਮ ‘ਚ ਮੰਚ ਸੰਚਾਲਨ ਦੀ ਭੂਮਿਕਾ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਨਿਭਾਈ |

LEAVE A REPLY

Please enter your comment!
Please enter your name here