ਦੋਹਾ : ਦੇਸ਼ ਨੂੰ ਓਲੰਪਿਕ , ਵਰਲਡ ਚੈਂਪੀਅਨਸ਼ਿਪ ਅਤੇ ਡਾਇਮੰਡ ਲੀਗ ਵਰਗੇ ਵੱਡੇ ਮੁਕਾਬਲਿਆਂ ’ਚ ਤਮਗਾ ਦਿਵਾਉਣ ਵਾਲੇ ਨੀਰਜ ਚੋਪੜਾ ਨੇ ਇੱਕ ਹੋਰ ਕਾਰਨਾਮਾ ਕਰ ਦਿੱਤਾ। ਨੀਰਜ ਚੋਪੜਾ ਡਾਇਮੰਡ ਲੀਗ ’ਚ ਲਗਾਤਾਰ ਦੂਜਾ ਸੋਨੇ ਦਾ ਤਮਗਾ ਜਿੱਤਣ ਵਾਲੇ ਪਹਿਲੀ ਖਿਡਾਰੀ ਬਣ ਗਏ ਹਨ। 25 ਸਾਲਾ ਨੀਰਜ ਚੋਪੜਾ ਨੇ ਦੋਹਾ ’ਚ ਚੱਲ ਰਹੇ ਮੁਕਾਬਲੇ ’ਚ ਭਾਲਾ ਸੁੱਟਣ ਦੇ ਮੁਕਾਬਲੇ ਦੇ ਫਾਇਨਲ ’ਚ ਪਹਿਲੀ ਹੀ ਕੋਸ਼ਿਸ਼ ’ਚ 88.67 ਮੀਟਰ ਦੂਰੀ ਤੱਕ ਭਾਲਾ ਸੁੱਟਿਆ ਅਤੇ ਇਹ ਦੂਰੀ ਅੰਤ ’ਚ ਫੈਸਲਾਕੁੰਨ ਸਾਬਿਤ ਹੋਈ। ਨੀਰਜ ਨੇ 88.67 ਮੀਟਰ ਦੀ ਥਰੋ ਦੇ ਨਾਲ ਸੋਨੇ ਦਾ ਤਮਗਾ ਜਿੱਤਿਆ, ਜਦਕਿ ਦੂਜੇ ਸਥਾਨ ’ਤੇ ਰਹੇ ਯਾਕੂਬ ਵਡਲੇਜਚ ਨੇ 88.63 ਮੀਟਰ ਥਰੋਅ ਸੁੱਟੀ। ਪਿਛਲੇ ਸਾਲ ਨੀਰਜ ਨੇ ਜਿਊਰਿਖ ’ਚ ਡਾਇਮੰਡ ਲੀਗ ’ਚ ਪਹਿਲਾ ਗੋਲਡ ਤਮਗਾ ਜਿੱਤਿਆ ਸੀ। 2022 ’ਚ ਨੀਰਜ ਨੇ ਵਰਲਡ ਚੈਂਪੀਅਨਸ਼ਿਪ ’ਚ ਵੀ ਭਾਰਤ ਨੂੰ ਸਿਲਵਰ ਤਮਗਾ ਦਿਵਾਇਆ ਸੀ।