ਅੰਮਿ੍ਰਤਸਰ ਧਮਾਕਿਆਂ ਦੇ ਸੰਬੰਧ ’ਚ ਪੰਜ ਗਿ੍ਰਫ਼ਤਾਰ

0
190

ਅੰਮਿ੍ਰਤਸਰ (ਜਸਬੀਰ ਸਿੰਘ ਪੱਟੀ)
ਇੱਥੇ ਦਰਬਾਰ ਸਾਹਿਬ ਕੰਪਲੈਕਸ ਨੇੜੇ ਧਮਾਕਿਆਂ ਦੇ ਸੰਬੰਧ ’ਚ 5 ਜਣੇ ਕਾਬੂ ਕਰ ਲਏ ਗਏ ਹਨ। ਇਨ੍ਹਾਂ ਨੂੰ ਫੜਾਉਣ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਨੇ ਅਹਿਮ ਰੋਲ ਨਿਭਾਇਆ। ਡੀ ਜੀ ਪੀ ਗੌਰਵ ਯਾਦਵ ਨੇ ਸ਼ੋ੍ਰਮਟੀ ਕਮੇਟੀ ਦੀ ਪ੍ਰਸੰਸਾ ਵੀ ਕੀਤੀ ਹੈ।
ਬੀਤੇ ਦਿਨਾਂ ਵਿਚ ਹੋਏ ਦੋ ਧਮਾਕਿਆਂ ਤੋਂ ਬਾਅਦ ਸ੍ਰੀ ਗੁਰੂ ਰਾਮਦਾਸ ਸਰਾਂ ਦੇ ਨੇੜੇ ਬੁੱਧਵਾਰ ਰਾਤ ਸਾਢੇ 12 ਵਜੇ ਇਕ ਹੋਰ ਧਮਾਕਾ ਹੋਇਆ, ਹਾਲਾਂਕਿ ਇਸ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਫੜੇ ਗਏ ਮੁਲਜ਼ਮਾਂ ਦੀ ਪਛਾਣ ਬਾਬਾ ਬਕਾਲਾ ਦੇ ਪਿੰਡ ਵਡਾਲਾ ਕਲਾਂ ਦੇ ਆਜ਼ਾਦ ਵੀਰ ਸਿੰਘ, ਗੁਰਦਾਸਪੁਰ ਦੇ ਪਿੰਡ ਦੁਬੜੀ ਦੇ ਅਮਰੀਕ ਸਿੰਘ, 88 ਫੁੱਟੀ ਰੋਡ ਦੇ ਧਰਮਿੰਦਰ ਸਿੰਘ ਤੇ ਹਰਜੀਤ ਸਿੰਘ ਅਤੇ ਗੇਟ ਹਕੀਮਾ ਖੇਤਰ ਦੇ ਸਾਹਿਬ ਸਿੰਘ ਵਜੋਂ ਹੋਈ ਹੈ। ਡੀ ਜੀ ਪੀ ਗੌਰਵ ਯਾਦਵ ਨੇ ਵੀਰਵਾਰ ਪੱਤਰਕਾਰਾਂ ਨੂੰ ਦੱਸਿਆ ਕਿ ਆਜ਼ਾਦ ਵੀਰ ਅਤੇ ਅਮਰੀਕ ਸਿੰਘ ਨੇ ਧਮਾਕਾਖੇਜ਼ ਸਮੱਗਰੀ ਇਕੱਠੀ ਕੀਤੀ ਸੀ, ਜਦਕਿ ਧਮਾਕਾਖੇਜ਼ ਸਮੱਗਰੀ ਦੀ ਸਪਲਾਈ ਕਰਨ ਅਤੇ ਮੁਹੱਈਆ ਕਰਵਾਉਣ ’ਚ ਧਰਮਿੰਦਰ ਸਿੰਘ, ਹਰਜੀਤ ਸਿੰਘ ਅਤੇ ਸਾਹਿਬ ਸਿੰਘ ਸ਼ਾਮਲ ਹਨ। ਡੀ ਜੀ ਪੀ ਨੇ ਦੱਸਿਆ ਕਿ ਸਾਹਿਬ ਸਿੰਘ ਪਟਾਕਿਆਂ ਦੇ ਨਿਰਮਾਣ ਲਈ ਵਰਤੇ ਜਾਣ ਵਾਲੇ ਵਿਸਫੋਟਕਾਂ ਦਾ ਲਾਇਸੈਂਸ ਧਾਰਕ ਹੈ। ਪੁਲਸ ਨੇ ਇੱਕ ਔਰਤ ਨੂੰ ਵੀ ਗਿ੍ਰਫਤਾਰ ਕੀਤਾ ਹੈ, ਜਿਸ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਇਨ੍ਹਾਂ ਦੇ ਕਬਜ਼ੇ ’ਚੋਂ 1.1 ਕਿਲੋਗ੍ਰਾਮ ਧਮਾਕਾਖੇਜ਼ ਸਮੱਗਰੀ ਤੋਂ ਇਲਾਵਾ ਕੁਝ ਕੱਟੜਪੰਥੀ ਸਾਹਿਤ ਵੀ ਬਰਾਮਦ ਕੀਤਾ ਹੈ। ਆਜ਼ਾਦ ਵੀਰ ਅਤੇ ਅਮਰੀਕ ਸਿੰਘ ਕਈ ਦਿਨਾਂ ਤੋਂ ਹਰਿਮੰਦਰ ਸਾਹਿਬ ਕੰਪਲੈਕਸ ਸਥਿਤ ਗੁਰੂ ਰਾਮਦਾਸ ਸਰਾਂ ’ਚ ਸਨ। ਉਨ੍ਹਾਂ ਨੇ ਦੇਸੀ ਬੰਬ ਬਣਾਇਆ। ਡੀ ਜੀ ਪੀ ਨੇ ਕਿਹਾ ਕਿ ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਨੂੰ ਇਨ੍ਹਾਂ ਮਾਮਲਿਆਂ ਦੀ ਜਾਂਚ ਲਈ ਐੱਸ ਆਈ ਟੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾ ਦੱਸਿਆ ਕਿ ਆਜ਼ਾਦ ਵੀਰ ਸਿੰਘ ਨੇ ਬੁੱਧਵਾਰ ਰਾਤ ਸਰਾਂ ਦੇ ਬਾਥਰੂਮ ’ਚ ਜਾ ਕੇ ਪਿੱਛੇ ਗਲਿਆਰੇ ਵਾਲੇ ਪਾਸੇ ਬੰਬ ਸੁੱਟਿਆ। ਮੁਲਜ਼ਮਾਂ ਨੇ ਪਹਿਲਾਂ ਵੀ ਹੈਰੀਟੇਜ ਸਟਰੀਟ ’ਤੇ ਹੋਏ ਧਮਾਕਿਆਂ ਦੀ ਗੱਲ ਕਬੂਲੀ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੀਡੀਆ ਨੂੰ ਦੱਸਿਆ ਕਿ ਦਰਬਾਰ ਸਾਹਿਬ ਵਿਚਲੇ ਸੀ ਸੀ ਟੀ ਵੀ ਕੈਮਰਿਆਂ ਰਾਹੀਂ ਨਿਗਰਾਨੀ ਕਰ ਰਹੀ ਟੀਮ ਦੀ ਚੌਕਸੀ ਕਾਰਨ ਇਹ ਵਿਅਕਤੀ ਕਾਬੂ ਕੀਤੇ ਗਏ ਹਨ। ਸਰਾਂ ਦੇ ਪਿੱਛੇ ਧਮਾਕਾ ਹੋਣ ਤੋਂ ਬਾਅਦ ਟੀਮ ਨੇ ਸੀ ਸੀ ਟੀ ਵੀ ਕੈਮਰਿਆਂ ਰਾਹੀਂ ਘਟਨਾ ਦਾ ਪਤਾ ਲਾਇਆ। ਇਸ ਮਾਮਲੇ ਵਿਚ ਸ੍ਰੀ ਗੁਰੂ ਰਾਮਦਾਸ ਸਰਾਂ ਦੀ ਦੂਜੀ ਮੰਜ਼ਲ ਤੋਂ ਇਕ ਵਿਅਕਤੀ ਨੂੰ ਕਾਬੂ ਕੀਤਾ, ਜੋ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਸਰਾਂ ਦੇ ਵਰਾਂਡੇ ਵਿਚ ਆ ਕੇ ਲੇਟ ਗਿਆ ਸੀ। ਉਸ ਦੀ ਨਿਸ਼ਾਨਦੇਹੀ ’ਤੇ ਬਾਅਦ ਵਿਚ ਇਕ ਜੋੜੇ ਨੂੰ ਕਾਬੂ ਕੀਤਾ, ਜਿਸ ਦਾ ਨਵਾਂ ਵਿਆਹ ਹੋਇਆ ਸੀ ਅਤੇ ਸਰਾਂ ਦੇ ਕਮਰੇ ’ਚ ਠਹਿਰਿਆ ਹੋਇਆ ਸੀ। ਟੀਮ ਨੇ ਘਟਨਾ ਸਥਾਨ ਤੋਂ ਕੁੱਝ ਕਾਗਜ਼ ਦੇ ਟੁਕੜੇ ਅਤੇ ਇਸ ਵਿਅਕਤੀ ਕੋਲੋਂ ਬੈਗ ਵੀ ਬਰਾਮਦ ਕੀਤਾ, ਜੋ ਪੁਲਸ ਨੂੰ ਸੌਂਪ ਦਿੱਤਾ ਗਿਆ। ਇਨ੍ਹਾਂ ਵਿੱਚੋਂ ਇਕ ਵਿਅਕਤੀ 40 ਵਰ੍ਹਿਆਂ ਦਾ ਹੈ ਅਤੇ ਬਾਕੀ 2 ਉਸ ਤੋਂ ਘੱਟ ਉਮਰ ਦੇ ਹਨ। ਧਾਮੀ ਨੇ ਕਾਬੂ ਕੀਤੇ ਵਿਅਕਤੀਆਂ ਅਤੇ ਉਨ੍ਹਾਂ ਕੋਲੋਂ ਬਰਾਮਦ ਹੋਏ ਸਾਮਾਨ ਬਾਰੇ ਕੁਝ ਹੋਰ ਖੁਲਾਸਾ ਕਰਨ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਜਾਂਚ ਦਾ ਮਾਮਲਾ ਹੈ ਤੇ ਇਸ ਬਾਰੇ ਪੁਲਸ ਹੀ ਖੁਲਾਸਾ ਕਰੇਗੀ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਅਤੇ ਪੁਲਸ ਇਨ੍ਹਾਂ ਧਮਾਕਿਆਂ ਨੂੰ ਰੋਕਣ ’ਚ ਅਸਫਲ ਰਹੀ ਹੈ। ਇਸ ਘਟਨਾ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਦਰਬਾਰ ਸਾਹਿਬ ਸਮੂਹ ’ਚ ਸਕੈਨਰ ਅਤੇ ਸੁਰੱਖਿਆ ਪ੍ਰਬੰਧ ਤੇ ਚੌਕਸੀ ਨੂੰ ਹੋਰ ਮਜ਼ਬੂਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਹ ਬੇਹੱਦ ਚਿੰਤਾਜਨਕ ਹੈ ਕਿ ਪੰਜਾਬ ਦੇ ਹਾਲਾਤ ਖਰਾਬ ਕਰਨ ਦੀਆਂ ਕਾਰਵਾਈਆਂ ਹੋ ਰਹੀਆਂ ਹਨ। ਉਨ੍ਹਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਜ਼ਦੀਕ ਅਜਿਹੀਆਂ ਘਟਨਾਵਾਂ ਨੂੰ ਕਿਸੇ ਡੂੰਘੀ ਸਾਜ਼ਿਸ਼ ਦਾ ਹਿੱਸਾ ਹੋਣ ਦਾ ਵੀ ਖਦਸ਼ਾ ਪ੍ਰਗਟਾਇਆ। ਐਡਵੋਕੇਟ ਧਾਮੀ ਨੇ ਕਿਹਾ ਕਿ ਸਰਕਾਰ ਇਸ ’ਤੇ ਗਹਿਰਾ ਚਿੰਤਨ ਕਰੇ ਅਤੇ ਆਪਣੀ ਬਣਦੀ ਜ਼ੁੰਮੇਵਾਰੀ ਨਿਭਾਵੇ। ਉਨ੍ਹਾ ਸੰਗਤ ਨੂੰ ਅਪੀਲ ਕੀਤੀ ਕਿ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਬਿਨਾਂ ਡਰ-ਭੈਅ ਦੇ ਨਤਮਸਤਕ ਹੋਣ ਲਈ ਆਉਣ। ਉਨ੍ਹਾ ਸਰਕਾਰ ਨੂੰ ਵਿਰਾਸਤੀ ਮਾਰਗ ਅਤੇ ਗਲਿਆਰੇ ਦੇ ਵਿਕਾਸ ਅਤੇ ਰੱਖ-ਰਖਾਵ ਵੱਲ ਵਿਸ਼ੇਸ਼ ਤਵੱਜੋ ਦੇਣ ਲਈ ਕਿਹਾ।

LEAVE A REPLY

Please enter your comment!
Please enter your name here