39.2 C
Jalandhar
Saturday, July 27, 2024
spot_img

ਗੈਸ ਲੀਕ ਹੋਣ ਕਾਰਨ ਕਈ ਬੱਚੇ ਬੇਹੋਸ਼

ਰੋਪੜ (ਬਿੰਦਰਾ)-ਨੰਗਲ ਵਿੱਚ ਇੱਕ ਫੈਕਟਰੀ ਵਿੱਚ ਵੀਰਵਾਰ ਗੈਸ ਲੀਕ ਹੋਣ ਕਾਰਨ ਇਕ ਸਕੂਲ ਦੇ ਕਰੀਬ ਦੋ ਦਰਜਨ ਬੱਚੇ ਬੇਹੋਸ਼ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਇਕ ਬੱਚੀ ਨੂੰ ਪੀ ਜੀ ਆਈ ਰੈਫਰ ਕਰਨਾ ਪਿਆ। ਫੈਕਟਰੀ ਨੇੜੇ ਸੇਂਟ ਸੋਲਜਰ ਸਕੂਲ ਵਿੱਚ ਕਰੀਬ 2400 ਬੱਚੇ ਪੜ੍ਹਦੇ ਹਨ। ਬੱਚਿਆਂ ਨੇ ਸਿਰ ਅਤੇ ਗਲੇ ਵਿੱਚ ਦਰਦ ਦੀ ਸ਼ਿਕਾਇਤ ਕੀਤੀ। ਘਟਨਾ ਦੀ ਜਾਣਕਾਰੀ ਮਿਲਣ ’ਤੇ ਸਰਕਾਰੀ ਅਧਿਕਾਰੀਆਂ ਵਿੱਚ ਅਫਰਾ-ਤਫਰੀ ਫੈਲ ਗਈ। ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਅਤੇ ਐੱਸ ਐੱਸ ਪੀ ਰੋਪੜ ਵਿਵੇਕਸ਼ੀਲ ਸੋਨੀ ਦੂਜੇ ਅਫਸਰਾਂ ਨਾਲ ਮੌਕੇ ’ਤੇ ਪੁੱਜ ਗਏ। ਨੇੜ-ਤੇੜ ਤੋਂ ਐਂਬੂਲੈਂਸਾਂ ਤੇ ਮੈਡੀਕਲ ਸਟਾਫ ਵੀ ਬੁਲਾਇਆ ਗਿਆ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੋ ਇਸ ਹਲਕੇ ਤੋਂ ਵਿਧਾਇਕ ਹਨ, ਵੀ ਮੌਕੇ ’ਤੇ ਪੁੱਜ ਗਏ ਅਤੇ ਬੱਚਿਆਂ ਅਤੇ ਸਟਾਫ ਦੀ ਸਹਾਇਤਾ ਦੇ ਕੰਮ ਦੀ ਨਿਗਰਾਨੀ ਕੀਤੀ। ਡਿਪਟੀ ਕਮਿਸ਼ਨਰ ਨੇ ਕਿਹਾ ਹੈ ਕਿ 24 ਬੱਚਿਆਂ ਅਤੇ ਇਕ ਟੀਚਰ ਨੂੰ ਹਸਪਤਾਲ ਪੁਜਾਇਆ ਗਿਆ। 18/19 ਬੱਚਿਆਂ ਨੂੰ ਮੁਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। 4/5 ਬੱਚਿਆਂ ਨੂੰ ਅੰਡਰ ਆਬਜ਼ਰਵੇਸ਼ਨ ਰੱਖਿਆ ਗਿਆ ਹੈ। ਉਹਨਾਂ ਕਿਹਾ ਕਿ ਪੀ ਜੀ ਆਈ ਭੇਜੀ ਗਈ ਬੱਚੀ ਦੀ ਹਾਲਤ ਸਥਿਰ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਹੈ ਕਿ ਇਕ ਕਮੇਟੀ ਬਣਾਈ ਗਈ ਹੈ, ਜੋ ਗੈਸ ਲੀਕ ਹੋਣ ਦੇ ਕਾਰਨਾਂ ਦਾ ਪਤਾ ਕਰੇਗੀ। ਇਸ ਕਮੇਟੀ ਵਿੱਚ ਉੱਚ ਅਧਿਕਾਰੀਆਂ ਤੋਂ ਇਲਾਵਾ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਮਾਹਿਰ ਵੀ ਸ਼ਾਮਲ ਹਨ। ਕਮੇਟੀ ਨੂੰ ਜਾਂਚ ਰਿਪੋਰਟ ਛੇਤੀ ਦੇਣ ਨੂੰ ਕਿਹਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਫਵਾਹਾਂ ਤੋਂ ਬਚਣ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਕੂਲ ਖਾਲੀ ਕਰਵਾ ਕੇ ਬੱਚਿਆਂ ਨੂੰ ਘਰਾਂ ਨੂੰ ਭੇਜਿਆ। ਸਕੂਲ ਨੇੜੇ ਨੈਸ਼ਨਲ ਫਰਟੀਲਾਈਜ਼ਰ ਅਤੇ ਪੰਜਾਬ ਅਲਕਲਈਜ਼ ਐਂਡ ਕੈਮੀਕਲ ਫੈਕਟਰੀਆਂ ਸਥਿਤ ਹਨ।
ਭਲਾਣ (ਹਰਭਜਨ ਢਿੱਲੋਂ) : ਘਟਨਾ ’ਤੇ ਚਿੰਤਾ ਪ੍ਰਗਟਾਉਂਦਿਆਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਸਰਕਾਰ ਤੇ ਪ੍ਰਦੂਸ਼ਣ ਕੰਟਰੋਲ ਵਿਭਾਗ ’ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ। ਉਨ੍ਹਾ ਸਰਕਾਰ ਤੋਂ ਮੰਗ ਕੀਤੀ ਕਿ ਨੰਗਲ ਇੱਕ ਬਹੁਤ ਹੀ ਸੰਵੇਦਨਸ਼ੀਲ ਖੇਤਰ ਹੈ ਅਤੇ ਇਸ ਤਰ੍ਹਾਂ ਫੈਕਟਰੀ ਵਿਚੋਂ ਗੈਸ ਲੀਕੇਜ ਹੋਣਾ ਬਹੁਤ ਹੀ ਚਿੰਤਾ ਵਾਲੀ ਗੱਲ ਹੈ, ਜਿਸ ਨੂੰ ਲੈ ਕੇ ਸੂਬਾ ਸਰਕਾਰ ਨੂੰ ਸੁਚੇਤ ਹੋਣ ਦੀ ਲੋੜ ਹੈ।
ਉਨ੍ਹਾ ਮੰਗ ਕੀਤੀ ਕਿ ਇਸ ਘਟਨਾ ਦੀ ਗੰਭੀਰਤਾ ਨਾਲ ਸਰਕਾਰ ਵੱਲੋਂ ਜਾਂਚ ਕਰਵਾਈ ਜਾਵੇ, ਤਾਂ ਜੋ ਅੱਗਿਓਂ ਅਜਿਹੀ ਸਥਿਤੀ ਪੈਦਾ ਨਾ ਹੋਵੇ ਤੇ ਲਾਪਰਵਾਹ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ।

Related Articles

LEAVE A REPLY

Please enter your comment!
Please enter your name here

Latest Articles