ਕੇਂਦਰ ਯੋਜਨਾ ‘ਤੇ ਨਜ਼ਰਸਾਨੀ ਕਰੇ : ਨਿਤਿਸ਼ ਕੁਮਾਰ

0
343

ਪਟਨਾ : ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਸ਼ੁੱਕਰਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਕੇਂਦਰ ਸਰਕਾਰ ਅਗਨੀਪੱਥ ਯੋਜਨਾ ‘ਤੇ ਤੁਰੰਤ ਮੁੜ ਵਿਚਾਰ ਕਰੇ ਅਤੇ ਨੌਜਵਾਨਾਂ ਨੂੰ ਭਰੋਸਾ ਦਿਵਾਏ ਕਿ ਇਸ ਨਵੀਂ ਯੋਜਨਾ ਤਹਿਤ ਫੌਜ ਵਿਚ ਭਰਤੀ ਨਾਲ ਉਨ੍ਹਾਂ ਦੇ ਭਵਿੱਖ ‘ਤੇ ਮਾੜਾ ਅਸਰ ਨਹੀਂ ਪਏਗਾ | ਜਨਤਾ ਦਲ (ਯੂ) ਦੇ ਕੌਮੀ ਪ੍ਰਧਾਨ ਰਾਜੀਵ ਰੰਜਨ ਸਿੰਘ, ਜੋ ਕਿ ਮੁੱਖ ਮੰਤਰੀ ਨਿਤਿਸ਼ ਕੁਮਾਰ ਦੇ ਪੁਰਾਣੇ ਸਾਥੀ ਹਨ, ਨੇ ਇਸ ਸੰਬੰਧ ਵਿੱਚ ਵੀਡੀਓ ਸੁਨੇਹਾ ਜਾਰੀ ਕੀਤਾ ਹੈ | ਉਨ੍ਹਾ ਦੱਸਿਆ ਕਿ ਕੇਂਦਰ ਸਰਕਾਰ ਦੀ ਅਗਨੀਪੱਥ ਯੋਜਨਾ ਨੇ ਬਿਹਾਰ ਸਣੇ ਦੇਸ਼ ਦੇ ਹੋਰਨਾਂ ਸੂਬਿਆਂ ਦੇ ਨੌਜਵਾਨਾਂ ਵਿਚ ਰੋਹ ਦੀ ਭਾਵਨਾ ਪੈਦਾ ਕੀਤੀ ਹੈ | ਇਸ ਲਈ ਕੇਂਦਰ ਸਰਕਾਰ ਨੂੰ ਇਸ ਯੋਜਨਾ ਬਾਰੇ ਤੁਰੰਤ ਮੁੜ ਵਿਚਾਰ ਕਰਨਾ ਚਾਹੀਦਾ ਹੈ | ਜੇਕਰ ਇਹ ਸੰਭਵ ਨਹੀਂ ਹੈ ਤਾਂ ਕੇਂਦਰ ਸਰਕਾਰ ਦੇਸ਼ ਦੇ ਨੌਜਵਾਨਾਂ ਨੂੰ ਭਰੋਸਾ ਦੇਵੇ ਕਿ ਅਗਨੀਪੱਥ ਯੋਜਨਾ ਉਨ੍ਹਾਂ ਦੇ ਭਵਿੱਖ ‘ਤੇ ਮਾੜਾ ਅਸਰ ਨਹੀਂ ਪਾਏਗੀ | ਜ਼ਿਕਰਯੋਗ ਹੈ ਕਿ ਰਾਜੀਵ ਰੰਜਨ ਸਿੰਘ ਨੇ ਵੀਰਵਾਰ ਨੂੰ ਵੀ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਸੀ ਕਿ ਅਗਨੀਪੱਥ ਯੋਜਨਾ ‘ਤੇ ਮੁੜ ਵਿਚਾਰ ਕੀਤਾ ਜਾਵੇ | ਕਾਂਗਰਸ ਨੇ ਅਗਨੀਪੱਥ ਯੋਜਨਾ ਨੂੰ ਦੇਸ਼ ਵਿਰੋਧੀ ਕਰਾਰ ਦਿੰਦਿਆਂ ਇਸ ਯੋਜਨਾ ਨੂੰ ਤੁਰੰਤ ਵਾਪਸ ਲੈਣ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਸਰਕਾਰ ਨੂੰ ਦੇਸ਼ ਦੇ ਨੌਜਵਾਨਾਂ ਤੋਂ ਮੁਆਫੀ ਮੰਗਣ ਲਈ ਕਿਹਾ ਹੈ | ਕਾਂਗਰਸ ਅਨੁਸਾਰ ਸੈਨਾ ਵਿਚ ਭਰਤੀ ਲਈ ਉਮਰ ਸੀਮਾ ‘ਚ ਤਿੰਨ ਸਾਲਾਂ ਦੀ ਛੋਟ ਦਿੱਤੀ ਜਾਵੇ ਅਤੇ ਜ਼ਰੂਰਤ ਪਏ ਤਾਂ ਰੱਖਿਆ ਤੇ ਸੈਨਾ ਨਾਲ ਜੁੜੇ ਮਾਮਲਿਆਂ ਬਾਰੇ ਚਰਚਾ ਲਈ ਸੰਸਦ ਦਾ ਵਿਸ਼ੇਸ਼ ਸੈਸ਼ਨ ਜਾਂ ਸਰਬਪਾਰਟੀ ਬੈਠਕ ਬੁਲਾਈ ਜਾਵੇ | ਇਸੇ ਦੌਰਾਨ ਰਾਹੁਲ ਗਾਂਧੀ ਨੇ ਟਵੀਟ ਕੀਤਾ—ਅਗਨੀਪੱਥ ਨੂੰ ਨੌਜਵਾਨਾਂ ਨੇ ਨਕਾਰਿਆ, ਨੋਟਬੰਦੀ ਨੂੰ ਅਰਥਸ਼ਾਸਤਰੀਆਂ ਨੇ ਨਕਰਾਰਿਆ, ਜੀ ਐੱਸ ਟੀ ਨੂੰ ਵਪਾਰੀਆਂ ਨੇ ਨਕਾਰਿਆ ਤੇ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਨੇ ਨਕਾਰਿਆ |

LEAVE A REPLY

Please enter your comment!
Please enter your name here