ਨਵੀਂ ਦਿੱਲੀ : ਅਗਨੀਪੱਥ ਯੋਜਨਾ ਖਿਲਾਫ ਤੇਲੰਗਾਨਾ ਦੇ ਸਿਕੰਦਰਾਬਾਦ ਰੇਲਵੇ ਸਟੇਸ਼ਨ ‘ਤੇ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ‘ਤੇ ਸ਼ੁੱਕਰਵਾਰ ਪੁਲਸ ਗੋਲੀਬਾਰੀ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਤਿੰਨ ਜ਼ਖਮੀ ਹੋ ਗਏ | ਪੁਲਸ ਮੁਤਾਬਕ ਭੜਕੇ ਨੌਜਵਾਨਾਂ ਨੇ ਰੇਲਵੇ ਸਟੇਸ਼ਨ ਦੀ ਭੰਨ-ਤੋੜ ਕੀਤੀ ਅਤੇ ਦੋ ਰੇਲ ਗੱਡੀਆਂ ਨੂੰ ਅੱਗ ਲਗਾ ਦਿੱਤੀ, ਇਸ ਮਗਰੋਂ ਕਾਰਵਾਈ ਕਰਨੀ ਪਈ | ਨੌਜਵਾਨਾਂ ਨੇ ਪੁਲਸ ‘ਤੇ ਵੀ ਪੱਥਰ ਸੁੱਟੇ |
ਬਿਹਾਰ ‘ਚ ਪ੍ਰਦਰਸ਼ਨਕਾਰੀਆਂ ਨੇ ਕਈ ਥਾਈਾ ਰੇਲ ਤੇ ਸੜਕੀ ਆਵਾਜਾਈ ਰੋਕੀ ਅਤੇ ਭਾਗਲਪੁਰ-ਨਵੀਂ ਦਿੱਲੀ ਵਿਕਰਮਸ਼ਿਲਾ ਐਕਸਪ੍ਰੈਸ ਤੇ ਜੰਮੂ ਤਵੀ-ਗੁਹਾਟੀ ਐਕਸਪ੍ਰੈਸ ਗੱਡੀਆਂ ਨੂੰ ਅੱਗ ਲਗਾ ਦਿੱਤੀ | ਲਖੀਸਰਾਏ ਵਿਚ ਵਿਦਿਆਰਥੀਆਂ ਨੇ ਜਿਵੇਂ ਹੀ ਭਾਗਲਪੁਰ-ਨਵੀਂ ਦਿੱਲੀ ਵਿਕਰਮਸ਼ਿਲਾ ਐਕਸਪ੍ਰੈਸ ਗੱਡੀ ਰੇਲਵੇ ਸਟੇਸ਼ਨ ‘ਤੇ ਪਹੁੰਚੀ ਤਾਂ ਉਸ ਨੂੰ ਅੱਗ ਲਗਾ ਦਿੱਤੀ | ਵਿਦਿਆਰਥੀਆਂ ਨੇ ਅੱਗ ਲਾਉਣ ਤੋਂ ਪਹਿਲਾਂ ਸਵਾਰੀਆਂ ਨੂੰ ਉਤਾਰ ਦਿੱਤਾ ਸੀ | ਇਸੇ ਤਰ੍ਹਾਂ ਵਿਦਿਆਰਥੀਆਂ ਨੇ ਬੇਗੂਸਰਾਏ ਵਿਚ ਲਖਮੀਨੀਆ ਰੇਲਵੇ ਸਟੇਸ਼ਨ ਨੂੰ ਅੱਗ ਲਗਾ ਦਿੱਤੀ | ਬਿਹਾਰ ਦੇ ਲੱਗਭੱਗ ਸਾਰੇ ਜ਼ਿਲਿ੍ਹਆਂ ਵਿਚ ਪ੍ਰਦਰਸ਼ਨ ਹੋ ਰਹੇ ਹਨ | ਭੋਜਪੁਰ ਵਿਚ ਬਿਹੀਆ ਸਟੇਸ਼ਨ ਨੂੰ ਅੱਗ ਲਾ ਦਿੱਤੀ ਗਈ | ਖਗਰੀਆ ਵਿਚ ਪੁਰਨੀਆ-ਰਾਂਚੀ ਕੋਸੀ ਐਕਸਪ੍ਰੈਸ ਨੂੰ ਮਨਸੀ ਸਟੇਸ਼ਨ ‘ਤੇ ਰੋਕ ਦਿੱਤਾ | ਵਿਦਿਆਰਥੀ ਰੇਲ ਪਟੜੀਆਂ ‘ਤੇ ਬੈਠੇ ਹੋਏ ਹਨ ਤੇ ਘਰਾਂ ਨੂੰ ਮੁੜ ਨਹੀਂ ਰਹੇ | ਉਨ੍ਹਾਂ ਦਾ ਕਹਿਣਾ ਹੈ ਕਿ ਅਗਨੀਪੱਥ ਯੋਜਨਾ ਉਨ੍ਹਾਂ ਲਈ ਘਾਤਕ ਹੈ |
ਬਿਹਾਰ ਦੇ ਪੱਛਮੀ ਚੰਪਾਰਨ ਜ਼ਿਲ੍ਹੇ ਦੇ ਬੇਤੀਆ ਵਿਚ ਉਪ ਮੁੱਖ ਮੰਤਰੀ ਰੇਣੂ ਦੇਵੀ ਦੀ ਕੋਠੀ ਨੂੰ ਨਿਸ਼ਾਨਾ ਬਣਾਇਆ ਗਿਆ | ਯੂ ਪੀ ਦੇ ਬਲੀਆ ਵਿਚ ਭਾਰਤ ਮਾਤਾ ਕੀ ਜੈ ਤੇ ਅਗਨੀਪੱਥ ਵਾਪਸ ਲਓ ਦੇ ਨਾਅਰੇ ਲਾਉਂਦਿਆਂ ਨੌਜਵਾਨਾਂ ਨੇ ਖਾਲੀ ਟਰੇਨ ਨੂੰ ਅੱਗ ਲਾ ਦਿੱਤੀ | ਬਲੀਆ-ਵਾਰਾਨਸੀ ਮੇਮੂ ਤੇ ਬਲੀਆ-ਸਾਹਾਗੰਜ ਟਰੇਨਾਂ ਦੀ ਭੰਨਤੋੜ ਕੀਤੀ | ਨੌਜਵਾਨਾਂ ਨੇ ਯਮੁਨਾ ਐਕਸਪ੍ਰੈਸ ਵੇਅ ‘ਤੇ ਕਈ ਥਾਈਾ ਧਰਨੇ ਦਿੱਤੇ | ਵਾਰਾਨਸੀ, ਫਿਰੋਜ਼ਾਬਾਦ ਤੇ ਅਮੇਠੀ ਵਿਚ ਸਰਕਾਰੀ ਬੱਸਾਂ ਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ ਗਿਆ | ਅਲੀਗੜ੍ਹ ਵਿਚ ਭਾਜਪਾ ਆਗੂ ਦੀ ਕਾਰ ਸਾੜ ਦਿੱਤੀ ਗਈ | ਹਰਿਆਣਾ ਵਿਚ ਕਿਸਾਨ ਜਥੇਬੰਦੀਆਂ ਤੇ ਖਾਪ ਪੰਚਾਇਤਾਂ ਵੀ ਅੰਦੋਲਨ ਵਿਚ ਕੁੱਦ ਪਈਆਂ ਹਨ | ਬੀ ਕੇ ਯੂ (ਚੜੂਨੀ) ਦੇ ਆਗੂ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਵਿਚ ਕਿਸਾਨਾਂ ਨੇ ਰੋਹਤਕ ਵਿਚ ਭਾਜਪਾ ਦੇ ਦਫਤਰ ਅੱਗੇ ਪ੍ਰੋਟੈੱਸਟ ਕੀਤਾ, ਜਿਸ ਵਿਚ ਹਜ਼ਾਰਾਂ ਵਿਦਿਆਰਥੀ ਤੇ ਨੌਜਵਾਨ ਖੁੱਲ੍ਹੀਆਂ ਜੀਪਾਂ ਤੇ ਟਰੈਕਟਰ-ਟਰਾਲੀਆਂ ‘ਤੇ ਸਵਾਰ ਹੋ ਕੇ ਪੁੱਜੇ | ਉਹ ਭਾਜਪਾ ਸਰਕਾਰ ਤੇ ਅਗਨੀਪੱਥ ਸਕੀਮ ਖਿਲਾਫ ਨਾਅਰੇ ਲਾ ਰਹੇ ਸਨ | ਚੜੂਨੀ ਨੇ ਅਗਨੀਪੱਥ ਸਕੀਮ ਨੂੰ ਦੇਸ਼ ਵਿਰੋਧੀ ਤੇ ਸੁਰੱਖਿਆ ਲਈ ਖਤਰਾ ਦੱਸਦਿਆਂ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ | ਉਨ੍ਹਾ ਕਿਹਾ ਕਿ ਭਾਜਪਾ ਸਰਕਾਰ ਦਾ ਕਿਸਾਨਾਂ ਤੇ ਮਜ਼ਦੂਰਾਂ ਉੱਤੇ ਦੂਜਾ ਹਮਲਾ ਹੈ, ਜਿਨ੍ਹਾਂ ਦੇ ਬੇਟੇ ਫੌਜ ਵਿਚ ਭਰਤੀ ਹੁੰਦੇ ਹਨ | ਉਨ੍ਹਾ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਖੁਦਕੁਸ਼ੀਆਂ ਤੇ ਹਿੰਸਾ ਨਾ ਕਰਨ, ਸਗੋਂ ਪੁਰਅਮਨ ਪ੍ਰੋਟੈੱਸਟ ਕਰਨ | ਆਲ ਇੰਡੀਆ ਕਿਸਾਨ ਸਭਾ ਦੇ ਹਰਿਆਣਾ ਚੈਪਟਰ ਦੇ ਉਪ ਪ੍ਰਧਾਨ ਪ੍ਰੀਤ ਸਿੰਘ ਤੇ ਹੁੱਡਾ ਖਾਪ ਦੇ ਪ੍ਰਧਾਨ ਓਮ ਪ੍ਰਕਾਸ਼ ਹੁੱਡਾ ਨੇ ਵੀ ਮੌਕੇ ‘ਤੇ ਪੁੱਜ ਕੇ ਹਮਾਇਤ ਦਾ ਐਲਾਨ ਕੀਤਾ | ਨੌਜਵਾਨਾਂ ਨੇ ਰਾਜੀਵ ਗਾਂਧੀ ਸਟੇਡੀਅਮ ਨੇੜੇ ਤੇ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ ਅੱਗੇ ਵੀ ਮੁਜ਼ਾਹਰਾ ਕੀਤਾ |
ਦੇਸ਼ ਦੇ ਕਈ ਸ਼ਹਿਰਾਂ ਵਿਚ ਪ੍ਰਦਰਸ਼ਨਾਂ ਕਾਰਨ ਹੁਣ ਤੱਕ 200 ਰੇਲ ਗੱਡੀਆਂ ਦੀ ਆਵਾਜਾਈ ‘ਚ ਵਿਘਨ ਪਿਆ ਹੈ | ਰੇਲਵੇ ਵਿਭਾਗ ਨੇ ਸ਼ੁੱਕਰਵਾਰ ਦੱਸਿਆ ਕਿ ਬੀਤੇ ਬੁੱਧਵਾਰ ਤੋਂ ਸ਼ੁਰੂ ਹੋਏ ਇਨ੍ਹਾਂ ਰੋਸ ਪ੍ਰਦਰਸ਼ਨਾਂ ਕਾਰਨ 35 ਰੇਲ ਗੱਡੀਆਂ ਦੀ ਆਵਾਜਾਈ ਰੱਦ ਕੀਤੀ ਗਈ ਹੈ ਤੇ 13 ਰੇਲ ਗੱਡੀਆਂ ਦੀ ਆਵਾਜਾਈ ਥੋੜ੍ਹੇ ਸਮੇਂ ਲਈ ਰੋਕੀ ਗਈ ਹੈ | ਰੋਸ ਪ੍ਰਦਰਸ਼ਨਾਂ ਦਾ ਸਭ ਤੋਂ ਜ਼ਿਆਦਾ ਅਸਰ ਬਿਹਾਰ, ਝਾਰਖੰਡ ਅਤੇ ਉੱਤਰ ਪ੍ਰਦੇਸ਼ ਦੀਆਂ ਰੇਲ ਸੇਵਾਵਾਂ ‘ਤੇ ਪਿਆ ਹੈ |





