ਲੁਧਿਆਣਾ (ਐੱਮ ਐੱਸ ਭਾਟੀਆ, ਗੁਰਮੇਲ ਸਿੰਘ ਮੈਲਡੇ, ਹਰਮਿੰਦਰ ਸੇਠ, ਜਗਦੀਸ਼ ਬੌਬੀ)
ਵਿਗੜ ਰਹੀ ਕਾਨੂੰਨ ਦੀ ਵਿਵਸਥਾ, ਵਧ ਰਹੀ ਮਹਿੰਗਾਈ, ਗ਼ਰੀਬਾਂ ਉੱਪਰ ਅੱਤਿਆਚਾਰ ਅਤੇ ਇਸਤਰੀਆਂ ਦੀ ਅਸੁਰੱਖਿਆ ਦੇ ਕਾਰਨ ਅੱਜ ਦੇਸ਼ ਵਿੱਚ ਹਾਹਾਕਾਰ ਮਚੀ ਹੋਈ ਹੈ ਤੇ ਲੋਕ ਆਪਣਾ ਪੇਟ ਕੱਟ ਕੇ ਗੁਜ਼ਾਰਾ ਕਰਨ ਲਈ ਮਜਬੂਰ ਹਨ। ਇਸ ਕਾਰਨ ਕੁਪੋਸ਼ਣ ਲਗਾਤਾਰ ਵਧ ਰਿਹਾ ਹੈ ਅਤੇ ਭੁੱਖਮਰੀ ਦੇ ਸੂਚਕ ਅੰਕ ਵਿਚ ਭਾਰਤ 120 ਦੇਸ਼ਾਂ ਵਿਚ 107 ਨੰਬਰ ’ਤੇ ਹੋ ਕੇ ਪਾਕਿਸਤਾਨ, ਬੰਗਲਾਦੇਸ਼ ਤੇ ਨੇਪਾਲ ਨਾਲੋਂ ਵੀ ਪਿੱਛੇ ਹੈ। ਸਰਕਾਰੀ ਨੌਕਰੀਆਂ ਖ਼ਤਮ ਕਰਕੇ ਠੇਕੇ ’ਤੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ, ਜਿਸ ਕਰ ਕੇ ਨੌਕਰੀਆਂ ਵੀ ਅਸੁਰੱਖਿਅਤ ਹੋ ਗਈਆਂ ਹਨ । ਇਹ ਗੱਲ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾਈ ਆਗੂ ਤੇ ਪਾਰਟੀ ਦੀ ਕੌਮੀ ਕੌਂਸਲ ਦੇ ਮੈਂਬਰ ਸਾਬਕਾ ਐੱਮ ਐੱਲ ਏ ਹਰਦੇਵ ਅਰਸ਼ੀ ਨੇ ਐਤਵਾਰ ਪਿੰਡ ਪੰਧੇਰ ਖੇੜੀ ਵਿਖੇ ਕਾਮਰੇਡ ਗੁਰਮੇਲ ਸਿੰਘ ਹੂੰਝਣ ਅਤੇ ਜੋਗਿੰਦਰ ਸਿੰਘ ਦੇ ਸ਼ਹੀਦੀ ਸਮਾਗਮ ਮੌਕੇ ਬੋਲਦਿਆਂ ਕਹੀ । ਦੋਵਾਂ ਕਾਮਰੇਡਾਂ ਨੂੰ ਅੱਤਵਾਦੀਆਂ ਨੇ 14 ਮਈ 1989 ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ, ਕਿਉਂਕਿ ਕਾਮਰੇਡ ਹੂੰਝਣ ਦੇਸ਼ ਦੀ ਏਕਤਾ, ਅਖੰਡਤਾ, ਸਮਾਜਕ ਭਾਈਚਾਰੇ ਦੀ ਰਾਖੀ ਲਈ ਅਤੇ ਅੱਤਵਾਦੀਆਂ ਅਤੇ ਖਾਲਿਸਤਾਨ ਦੀ ਲਹਿਰ ਖ਼ਿਲਾਫ਼ ਲਗਾਤਾਰ ਲੋਕਾਂ ਨੂੰ ਲਾਮਬੰਦ ਕਰ ਰਹੇ ਸਨ। ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸਾਰੇ ਜ਼ਿਲ੍ਹੇ ਤੋਂ ਲੋਕ ਸ਼ਾਮਲ ਹੋਏ। ਉਹਨਾ ਕਿਹਾ ਕਿ ਕਿਰਤੀ ਲੋਕਾਂ ਦੇ ਕਿਸੇ ਵੀ ਅਸਲ ਮੁੱਦੇ ਨੂੰ ਸੰਬੋਧਤ ਨਹੀਂ ਕੀਤਾ ਗਿਆ, ਜਿਵੇਂ ਕਿ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨਾ, ਸਭ ਨੂੰ ਸਮਾਜਕ ਸੁਰੱਖਿਆ, ਸਾਰਿਆਂ ਨੂੰ ਪੈਨਸ਼ਨ, ਸਕੀਮ ਵਰਕਰਾਂ ਨੂੰ ਰੈਗੂਲਰ ਕਰਨਾ, ਅਸੰਗਠਿਤ/ ਗੈਰ-ਰਸਮੀ, ਸਨਅਤੀ ਅਤੇ ਖੇਤ ਮਜ਼ਦੂਰਾਂ ਲਈ ਘੱਟੋ-ਘੱਟ ਉਜਰਤਾਂ ਵਿੱਚ ਵਾਧਾ, ਕੇਂਦਰ ਅਤੇ ਰਾਜਾਂ ਵਿੱਚ ਮਨਜ਼ੂਰਸ਼ੁਦਾ ਅਸਾਮੀਆਂ ਨੂੰ ਭਰਨਾ ਆਦਿ। ਦੇਸ਼ ਦੀ 94 ਫੀਸਦੀ ਗੈਰ-ਰਸਮੀ ਆਰਥਿਕਤਾ ਦੀ ਕਾਰਜ ਸ਼ਕਤੀ, ਜੋ ਜੀ ਡੀ ਪੀ ਵਿੱਚ 60 ਫੀਸਦੀ ਯੋਗਦਾਨ ਪਾਉਂਦੀ ਹੈ, ਨੂੰ ਪੂਰੀ ਤਰਾਂ ਅਣਗੌਲਿਆ ਗਿਆ ਹੈ। ਸਾਰੀਆਂ ਨੌਕਰੀਆਂ ਨੂੰ ਸੀਮਤ ਸਮੇਂ ਲਈ ਠੇਕੇ ’ਤੇ ਦਿੱਤਾ ਜਾ ਰਿਹਾ ਹੈ, ਇਥੋਂ ਤੱਕ ਕਿ ਫੌਜ ਵਿਚ ਵੀ ਅਗਨੀਵੀਰਾਂ ਦੀ 4 ਸਾਲ ਲਈ ਭਰਤੀ ਕੀਤੀ ਜਾ ਰਹੀ ਹੈ ਤੇ ਇਹ ਕਹਿ ਕੇ ਕੇ ਇਹਨਾਂ ਨੂੰ ਬਾਅਦ ਵਿੱਚ ਭਾਜਪਾ ਦੇ ਦਫਤਰਾਂ ਤੇ ਗਾਰਡ ਦੀ ਡਿਊਟੀ ਮਿਲ ਜਾਏਗੀ, ਉਹਨਾਂ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ।
ਜਿਸ ਢੰਗ ਦੇ ਨਾਲ ਕਿਸਾਨਾਂ ਬਾਬਤ 3 ਕਾਨੂੰਨ ਬਣਾਏ ਗਏ, ਉਹ ਇਸ ਸਰਕਾਰ ਦੀ ਖੇਤੀਬਾੜੀ ਪ੍ਰਤੀ ਨਕਾਰਾਤਮਕ ਸੋਚ ਦੀ ਮਿਸਾਲ ਹੈ। ਅਸਲ ਵਿੱਚ ਉਹ ਸਾਰੀ ਖੇਤੀਬਾੜੀ ਦੀ ਧਰਤੀ ਨੂੰ ਕਿਸਾਨਾਂ ਤੋਂ ਖੋਹ ਕੇ ਕਾਰਪੋਰੇਟ ਖੇਤਰ ਨੂੰ ਸੌਂਪ ਦੇਣਾ ਚਾਹੁੰਦੇ ਹਨ, ਪਰ ਇਹ ਤਾਂ ਕਿਸਾਨਾਂ ਨੇ ਲਾਮਿਸਾਲ ਅੰਦੋਲਨ ਕਰਕੇ ਮੋਦੀ ਨੂੰ ਕਾਨੂੰਨ ਵਾਪਸ ਲੈਣ ਲਈ ਮਜਬੂਰ ਕੀਤਾ, ਪਰ ਸਰਕਾਰ ਐੱਮ ਅੱੈਸ ਪੀ ਦੀ ਮੰਗ ’ਤੇ ਮੁਕਰ ਗਈ।
ਲੇਬਰ ਕਾਨੂੰਨਾਂ ਨੂੰ ਚਾਰ ਲੇਬਰ ਕੋਡਾਂ ਵਿੱਚ ਬਦਲ ਕੇ ਕਾਮਿਆਂ ਦੇ ਹੱਕਾਂ ’ਤੇ ਸੱਟ ਮਾਰੀ ਹੈ। ਸਾਰੇ ਦੇਸ਼ ਦੇ ਕਾਮੇ ਇਸ ਦੇ ਵਿਰੋਧ ਵਿੱਚ ਅੰਦੋਲਨ ਕਰ ਰਹੇ ਹਨ। ਫਲੋਰ ਲੈਵਲ ਵੇਜ ਨੂੰ ਕੇਵਲ 4628 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ ਹੈ। ਏਨੀ ਥੋੜ੍ਹੀ ਉਜਰਤ ਮਜ਼ਦੂਰਾਂ ਨਾਲ ਇੱਕ ਮਜ਼ਾਕ ਹੈ। ਕੰਮ ਦੇ ਘੰਟੇ ਦਾ ਕਨੂੰਨ ਵੀ ਬਦਲ ਕੇ ਅੱਠ ਘੰਟੇ ਤੋਂ ਇਨਕਾਰ ਕਰ ਦਿੱਤਾ ਗਿਆ ਹੈ।
ਸਾਥੀ ਅਰਸ਼ੀ ਨੇ ਕਿਹਾ ਕਿ ਸਰਕਾਰ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ ਅਤੇ ਹੁਣ ਆਪਣੀਆਂ ਕਮਜ਼ੋਰੀਆਂ ਨੂੰ ਛੁਪਾਉਣ ਲਈ ਉਹ ਹੋਛੀਆਂ ਹਰਕਤਾਂ ’ਤੇ ਉਤਰ ਆਈ ਹੈ। ਕਰਨਾਟਕ ਦੀਆਂ ਚੋਣਾਂ ਵਿਚ ਜਿਸ ਢੰਗ ਨਾਲ ਨਰਿੰਦਰ ਮੋਦੀ ਨੇ ਅੱਤ ਦੇ ਫਿਰਕੂ ਲੀਹਾਂ ’ਤੇ ਵੰਡ ਭਾਊ ਭਾਸ਼ਣ ਦਿੱਤੇ, ਉਸ ਨਾਲ ਉਨ੍ਹਾਂ ਦਾ ਜ਼ਹਿਰੀਲਾ ਚਿਹਰਾ ਸਾਹਮਣੇ ਆ ਗਿਆ ਹੈ, ਪਰ ਕਰਨਾਟਕ ਦੇ ਲੋਕਾਂ ਨੇ ਇਨ੍ਹਾਂ ਗੱਲਾਂ ਵਿਚ ਨਾ ਆ ਕੇ ਮੋਦੀ ਦੇ ਜ਼ਹਿਰ ਉਗਲਣ ਤੇ ਚੋਣ ਕਮਿਸ਼ਨ ਦੇ ਬਾਵਜੂਦ ਅਤੇ ਈ ਵੀ ਐੱਮ ਦੀ ਨਾਜਾਇਜ਼ ਵਰਤੋਂ ਦੇ ਬਾਵਜੂਦ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ।
ਪਾਰਟੀ ਦੇ ਜ਼ਿਲ੍ਹਾ ਸਕੱਤਰ ਡੀ ਪੀ ਮੌੜ ਨੇ ਕਿਹਾ ਕਿ ਪੰਜਾਬ ਸਰਕਾਰ ਕੀਤੇ ਵਾਅਦਿਆਂ ਨੂੰ ਨਿਭਾਏ ਅਤੇ ਖਾਸ ਤੌਰ ’ਤੇ ਬੇਰੁਜ਼ਗਾਰ ਨੌਜਵਾਨਾਂ ਲਈ ਨੌਕਰੀਆਂ ਦਾ ਪ੍ਰਬੰਧ ਕਰੇ। ਪੰਜਾਬ ਦੇ ਵਿਕਾਸ ਲਈ ਸਿੱਖਿਆ ਅਤੇ ਸਿਹਤ ਉੱਪਰ ਜ਼ਿਆਦਾ ਧਿਆਨ ਦਿੱਤਾ ਜਾਏ। ਖੇਤੀਬਾੜੀ ਦੇ ਵਿਕਾਸ ਲਈ ਕਿਸਾਨ ਜਥੇਬੰਦੀਆਂ ਨਾਲ ਬੈਠ ਕੇ ਗੱਲਬਾਤ ਕੀਤੀ ਜਾਏ ਅਤੇ ਇਸੇ ਢੰਗ ਨਾਲ ਹੀ ਉਦਯੋਗਪਤੀਆਂ ਨਾਲ ਗੱਲਬਾਤ ਕਰਕੇ ਉਦਯੋਗਾਂ ਬਾਰੇ ਮਸਲੇ ਹੱਲ ਕੀਤੇ ਜਾਣ।
ਸੰਗਠਿਤ ਤੇ ਗੈਰ-ਸੰਗਠਿਤ ਕਾਮਿਆਂ ਬਾਰੇ ਟਰੇਡ ਯੂਨੀਅਨਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਮਸਲਿਆਂ ਦੀ ਸੁਣਵਾਈ ਕੀਤੀ ਜਾਏ ਅਤੇ ਹੱਲ ਕੀਤੇ ਜਾਣ। ਪਾਰਟੀ ਦੀ ਕੌਮੀ ਕੌਂਸਲ ਦੇ ਮੈਂਬਰ ਡਾਕਟਰ ਅਰੁਣ ਮਿੱਤਰਾ ਨੇ ਜੰਤਰ ਮੰਤਰ ’ਤੇ ਬੈਠੀਆਂ ਇਸਤਰੀ ਭਲਵਾਨਾਂ ਦੇ ਸਮਰਥਨ ਵਿੱਚ ਇੱਕ ਮਤਾ ਪੇਸ਼ ਕੀਤਾ, ਜਿਸ ਨੂੰ ਕੇ ਸਮਾਗਮ ਵਿਚ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਸਮਾਗਮ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਸ਼ਾਮਲ ਸਨ ਪਾਰਟੀ ਦੇ ਲੁਧਿਆਣਾ ਦੇ ਸ਼ਹਿਰੀ ਸਕੱਤਰ ਐੱਮ ਐੱਸ ਭਾਟੀਆ, ਦੇਵੀ ਕੁਮਾਰੀ ਸੂਬਾਈ ਜਨਰਲ ਸਕੱਤਰ ਖੇਤ ਮਜ਼ਦੂਰ ਸਭਾ, ਰਮੇਸ਼ ਰਤਨ, ਚਮਕੌਰ ਸਿੰਘ ਸਹਾਇਕ ਸਕੱਤਰ ਜ਼ਿਲ੍ਹਾ ਪਾਰਟੀ, ਵਿਜੇ ਕੁਮਾਰ, ਪਿ੍ਰੰਸੀਪਲ ਜਗਜੀਤ ਸਿੰਘ ਰਾਮਗੜ੍ਹ ਸਰਦਾਰਾਂ, ਨਵਲ ਛਿੱਬੜ, ਗੁਰਮੇਲ ਸਿੰਘ ਮੇਹਲੀ, ਕਾਮੇਸ਼ਵਰ ਯਾਦਵ ਤੇ ਜਸਬੀਰ ਸਿੰਘ ਝੱਜ ਸ਼ਾਮਲ ਸਨ।
ਸਟੇਜ ਦੀ ਕਾਰਵਾਈ ਡਾਕਟਰ ਗੁਲਜ਼ਾਰ ਪੰਧੇਰ ਨੇ ਬਾਖੂਬੀ ਨਿਭਾਈ। ਆਏ ਹੋਏ ਸਾਥੀਆਂ ਦਾ ਸੁਆਗਤ ਡੇਹਲੋਂ ਅਤੇ ਮਲੌਦ ਦੇ ਬਲਾਕ ਸਕੱਤਰ ਭਗਵਾਨ ਸਿੰਘ ਸੋਮਲਖੇੜੀ ਨੇ ਕੀਤਾ।
ਕਾਮਰੇਡ ਗੁਰਮੇਲ ਦੇ ਭਰਾ ਕੁਲਵੰਤ ਸਿੰਘ ਨੇ ਸਭ ਸਾਥੀਆਂ ਦਾ ਧੰਨਵਾਦ ਕੀਤਾ। ਸ਼ਹੀਦੀ ਸਮਾਗਮ ਦੀ ਪ੍ਰਧਾਨਗੀ ਬੀਬੀ ਹਰਬੰਸ ਕੌਰ ਅਤੇ ਕੁਲਵੰਤ ਸਿੰਘ ਨੇ ਸਾਂਝੇ ਤੌਰ ’ਤੇ ਕੀਤੀ। ਪਾਰਟੀ ਦੀ ਜ਼ਿਲ੍ਹਾ ਕਮੇਟੀ ਦੇ ਮੈਂਬਰ ਕੇਵਲ ਸਿੰਘ ਬਨਵੈਤ, ਗੁਰਨਾਮ ਸਿੰਘ ਸਿਧਵਾਂ ਬੇਟ, ਕੁਲਵੰਤ ਕੌਰ ਸਿੱਧੂ, ਦੀਪਕ ਕੁਮਾਰ, ਪਰਮਜੀਤ ਐਡਵੋਕੇਟ, ਅਵਤਾਰ ਚਿੱਬੜ, ਨਿਰੰਜਨ ਸਿੰਘ ਤੇ ਕਰਤਾਰ ਰਾਮ ਹਾਜ਼ਰ ਸਨ। ਬਲਾਕ ਕਮੇਟੀ ਮੈਂਬਰ ਨਛੱਤਰ ਸਿੰਘ ਪੰਧੇਰ ਖੇੜੀ, ਰਣਜੀਤ ਸਿੰਘ ਪੰਧੇਰ ਖੇੜੀ, ਸਾਧੂ ਸਿੰਘ ਸਰਪੰਚ ਸਿਆੜ, ਸੁਦਾਗਰ ਸਿੰਘ ਸਿਆੜ, ਮਲਕੀਤ ਸਿੰਘ ਰਾਮਗੜ੍ਹ ਸਰਦਾਰਾਂ, ਦਰਬਾਰਾ ਸਿੰਘ ਰਾਮਗੜ੍ਹ ਸਰਦਾਰਾਂ, ਹਰਚੰਦ ਸਿੰਘ ਰਾਮਗੜ੍ਹ ਸਰਦਾਰਾਂ, ਹਰਬੰਸ ਸਿੰਘ ਗੋਰਾ, ਜੰਗ ਸਿੰਘ ਸਿਰਥਲਾ ਨੇ ਕਾਰਜ ਨੂੰ ਨੇਪਰੇ ਚਾੜ੍ਹਨ ਵਿੱਚ ਭਰਪੂਰ ਯੋਗਦਾਨ ਪਾਇਆ। ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਸਾਰਿਆਂ ਨੇ ਕਾਮਰੇਡ ਗੁਰਮੇਲ ਸਿੰਘ ਹੂੰਝਣ ਅਤੇ ਜੋਗਿੰਦਰ ਸਿੰਘ ਦੀ ਯਾਦ ਵਿੱਚ ਬਣੀ ਲਾਟ ’ਤੇ ਸ਼ਰਧਾ ਦੇ ਫੁੱਲ ਅਰਪਣ ਕੀਤੇ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਪ੍ਰਣ ਨੂੰ ਦੁਹਰਾਇਆ।
ਭਜਨ ਸਿੰਘ ਅਤੇ ਮਲਕੀਤ ਸਿੰਘ ਮਾਲੜਾ ਨੇ ਕਵਿਤਾ ਪਾਠ ਕੀਤੇ। ਇਪਟਾ ਮੋਗਾ ਦੀ ਟੀਮ ਵੱਲੋਂ ਸ਼ਹੀਦ ਭਗਤ ਸਿੰਘ ਦੀ ਜੀਵਨੀ ’ਤੇ ਅਧਾਰਤ ਨਾਟਕ ‘ਛਿਪਣ ਤੋਂ ਪਹਿਲਾਂ’ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ।





