21.5 C
Jalandhar
Sunday, December 22, 2024
spot_img

ਬਿਜਲੀ ਕਾਮੇ ਹੁਣ 25 ਨੂੰ ਦੇਣਗੇ ਅੰਮਿ੍ਰਤਸਰ ’ਚ ਸੂਬਾ ਪੱਧਰੀ ਧਰਨਾ

ਪਟਿਆਲਾ/ਸਮਰਾਲਾ (ਸੁਰਜੀਤ ਸਿੰਘ)-ਪੰਜਾਬ ਦੇ ਸਮੁੱਚੇ ਬਿਜਲੀ ਕਾਮੇ 17 ਮਈ ਦੀ ਥਾਂ 25 ਮਈ ਨੂੰ ਬਿਜਲੀ ਮੰਤਰੀ ਪੰਜਾਬ ਦੀ ਰਿਹਾਇਸ਼ ਅੰਮਿ੍ਰਤਸਰ ਵਿਖੇ ਸੂਬਾ ਪੱਧਰੀ ਰੋਸ ਧਰਨਾ ਦੇਣਗੇ। ਇਹ ਫੈਸਲਾ ਸਾਥੀ ਰਤਨ ਸਿੰਘ ਮਜਾਰੀ ਦੀ ਪ੍ਰਧਾਨਗੀ ਹੇਠ ਹੋਈ ਪੀ.ਐੱਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਦੀ ਮੀਟਿੰਗ ਵਿੱਚ ਕੀਤਾ ਗਿਆ। ਮੀਟਿੰਗ ਵਿੱਚ ਸ਼ਾਮਲ ਬਿਜਲੀ ਮੁਲਾਜ਼ਮਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਟੈਕਨੀਕਲ ਸਰਵਿਸਿਜ਼ ਯੂਨੀਅਨ, ਪੀ.ਐੱਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ, ਇੰਪਲਾਈਜ਼ ਫੈਡਰੇਸ਼ਨ (ਸੁਰਿੰਦਰ ਸਿੰਘ), ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ, ਵਰਕਰਜ਼ ਫੈਡਰੇਸ਼ਨ (ਇੰਟਕ), ਇੰਪਲਾਈਜ਼ ਫੈਡਰੇਸ਼ਨ (ਫਲਜੀਤ ਸਿੰਘ), ਥਰਮਲਜ਼ ਇੰਪਲਾਈਜ਼ ਕੋਆਰਡੀਨੇਸ਼ਨ ਕਮੇਟੀ, ਮਨਿਸਟਰੀਅਲ ਸਰਵਿਸਜ਼ ਯੂਨੀਅਨ, ਹੈੱਡ ਆਫਿਸ ਇੰਪਲਾਈਜ਼ ਫੈਡਰੇਸ਼ਨ ਅਤੇ ਸਬ ਸਟੇਸ਼ਨ ਸਟਾਫ ਵੈਲਫੇਅਰ ਐਸੋਸੀਏਸ਼ਨ ਦੇ ਆਗੂਆਂ ਸਰਬ ਸਾਥੀ ਕਰਮਚੰਦ ਭਾਰਦਵਾਜ, ਰਤਨ ਸਿੰਘ ਮਜਾਰੀ, ਕੁਲਵਿੰਦਰ ਸਿੰਘ ਢਿੱਲੋਂ, ਬਲਵਿੰਦਰ ਸਿੰਘ ਸੰਧੂ, ਬਲਦੇਵ ਸਿੰਘ ਮਢਾਲੀ, ਜਗਰੂਪ ਸਿੰਘ ਮਹਿਮਦਪੁਰ, ਰਵੇਲ ਸਿੰਘ ਸਹਾਏਪੁਰ, ਹਰਪਾਲ ਸਿੰਘ, ਅਵਤਾਰ ਸਿੰਘ ਕੈਂਥ, ਜਗਜੀਤ ਸਿੰਘ ਕੋਟਲੀ, ਰਘਵੀਰ ਸਿੰਘ, ਕੌਰ ਸਿੰਘ ਸੋਹੀ, ਲਖਵਿੰਦਰ ਸਿੰਘ, ਸਿਕੰਦਰ ਨਾਥ, ਸਰਬਜੀਤ ਸਿੰਘ ਭਾਣਾ, ਲਖਵੰਤ ਸਿੰਘ ਦਿਓਲ ਨੇ ਦੱਸਿਆ ਕਿ ਪਾਵਰਕਾਮ ਅਤੇ ਟਰਾਂਸਕੋ ਦੀਆਂ ਮੈਨੇਜਮੈਂਟਾਂ ਮੁਲਾਜ਼ਮ ਜਥੇਬੰਦੀਆਂ ਨਾਲ ਕੀਤੇ ਸਮਝੌਤੇ ਅਤੇ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਲਗਾਤਾਰ ਟਾਲ-ਮਟੋਲ ਕਰ ਰਹੀਆਂ ਹਨ। ਮੈਨੇਜਮੈਂਟ ਨੇ 28 ਅਪ੍ਰੈਲ ਨੂੰ ਜੁਆਇੰਟ ਫੋਰਮ ਨੂੰ ਮੁਲਾਜ਼ਮ ਮਸਲਿਆਂ ਸਬੰਧੀ ਦਿੱਤੀ ਮੀਟਿੰਗ ਰੱਦ ਕਰ ਦਿੱਤੀ ਹੈ ਅਤੇ ਹੁਣ 18 ਮਈ ਨੂੰ ਮੀਟਿੰਗ ਦਿੱਤੀ ਹੈ, ਜਿਸ ’ਤੇ ਰੋਸ ਪ੍ਰਗਟ ਕਰਦਿਆਂ ਜੁਆਇੰਟ ਫੋਰਮ ਨੇ ਕਿਹਾ ਕਿ ਮੈਨੇਜਮੈਂਟ ਮਸਲੇ ਹੱਲ ਕੀਤੇ ਬਗੈਰ ਡੰਗ ਟਪਾਉਣਾ ਚਾਹੁੰਦੀ ਹੈ। ਮੁਲਾਜ਼ਮ ਮਸਲੇ ਜਿਵੇਂ ਪੇ ਕਮਿਸ਼ਨ ਵੱਲੋਂ ਮੁਲਾਜ਼ਮਾਂ ਨੂੰ ਸੋਧੇ ਪੇਅ ਸਕੇਲ ਦੇਣ, ਤਨਖਾਹਾਂ ਸਕੇਲਾਂ ਦੀਆਂ ਅਨਾਮਲੀਜ਼ ਦੂਰ ਕਰਨ, ਵੇਜ ਫਾਰਮੂਲੇਸ਼ਨ ਕਮੇਟੀ ਵਿੱਚ ਜਥੇਬੰਦੀ ਨੂੰ ਨੁਮਾਇੰਦਗੀ ਦੇਣਾ, ਪਰਖ ਕਾਲ ਸਮਾਂ ਪੂਰਾ ਕਰ ਚੁੱਕੇ ਮੁਲਾਜ਼ਮਾਂ ਨੂੰ ਪੂਰਾ ਤਨਖਾਹ ਸਕੇਲ ਦੇਣ, ਸੀ.ਆਰ.ਏ. 259/19 ਰਾਹੀਂ ਭਰਤੀ ਸਹਾਇਕ ਲਾਈਨਮੈਨਾਂ ਖਿਲਾਫ ਦਰਜ ਕੇਸ ਵਾਪਸ ਲੈਣ, ਉਹਨਾਂ ਨੂੰ ਇਨਕੁਆਰੀ ਦੇ ਨਾਂਅ ’ਤੇ ਤੰਗ ਪ੍ਰੇਸ਼ਾਨ ਕਰਨ, ਡੀ.ਏ. ਦੀਆਂ ਕਿਸ਼ਤਾਂ ਸਮੇਤ ਬਕਾਇਆ ਦੇਣ, ਰਹਿੰਦੇ ਭੱਤਿਆਂ ਵਿੱਚ ਯੋਗ ਵਾਧਾ ਕਰਨ, ਧੱਕੇ ਨਾਲ ਮੋਬਾਇਲ ਅਲਾਊਂਸ ਬੰਦ ਕਰਕੇ ਜੀਓ ਦੇ ਸਿੰਮ ਦੇਣਾ, ਕੱਚੇ ਕਾਮੇ, ਪੀ.ਟੀ.ਐੱਸ., ਮੀਟਰ ਰੀਡਰ, ਬਿਲ ਵੰਡਕ, ਸੀ.ਐੱਚ.ਵੀ. ਆਦਿ ਪੱਕੇ ਕਰਨ ਸਮੇਤ ਮੰਨੀਆਂ ਮੰਗਾਂ ਲਾਗੂ ਕਰਨ ਦੀ ਮੰਗ ਕੀਤੀ। ਮੀਟਿੰਗ ਨੇ ਮੈਨੇਜਮੈਂਟ ਦੀ ਮੁਲਾਜ਼ਮ ਵਿਰੋਧੀ ਨੀਤੀ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਮੈਨੇਜਮੈਂਟਾਂ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਦੀ ਥਾਂ ਮੁਲਾਜ਼ਮਾਂ ਤੋਂ ਅਣਉਚਿਤ ਡਿਊਟੀਆਂ ਲੈ ਕੇ ਵਿੱਤੀ ਲਾਭ ਦੇਣ ਤੋਂ ਇਨਕਾਰੀ ਹਨ। ਗਰਿਡ ਸਬ ਸਟੇਸ਼ਨਾਂ ਅਤੇ ਮੁਲਾਜ਼ਮਾਂ ਦੀ ਸੁਰੱਖਿਆ ਕਰਨ ਵਿੱਚ ਕੁਤਾਹੀ ਕਰ ਰਹੀਆਂ ਹਨ। ਰਹਿੰਦੀਆਂ ਕੈਟੇਗਰੀਆਂ ਓ.ਸੀ., ਆਰ.ਟੀ.ਐਮ. ਆਦਿ ਨੂੰ ਪੇ ਬੈਂਡ ਵਿੱਚ ਵਾਧਾ ਦੇਣ ਅਤੇ ਸੇਵਾ ਮੁਕਤ ਮੁਲਾਜ਼ਮਾਂ ਸਮੇਤ ਰੈਗੂਲਰ ਮੁਲਾਜ਼ਮਾਂ ਦੇ ਬਣਦੇ ਲਾਭ ਦੇਣ ਤੋਂ ਆਨਾਕਾਨੀ ਕਰ ਰਹੀਆਂ ਹਨ। ਆਗੂਆਂ ਨੇ ਮੰਗ ਕੀਤੀ ਕਿ 50 ਨੁਕਾਤੀ ਮੰਗ ਪੱਤਰ ਅਨੁਸਾਰ ਮੁਲਾਜ਼ਮਾਂ ਦੀਆਂ ਮੰਗਾਂ ਮੰਨ ਕੇ ਲਾਗੂ ਕੀਤੀਆਂ ਜਾਣ। ਮੁਲਾਜ਼ਮਾਂ ਤੋਂ ਵਾਧੂ ਡਿਊਟੀਆਂ ਲਈਆਂ ਜਾ ਰਹੀਆਂ ਹਨ, ਜਿਸ ਕਰਕੇ ਬਿਜਲੀ ਕਾਮਿਆਂ ਵਿੱਚ ਸਖਤ ਰੋਸ ਹੈ ਅਤੇ ਉਹ ਸੰਘਰਸ਼ ਦੇ ਰਾਹ ਤੇ ਹਨ। ਜਿਸ ਅਨੁਸਾਰ ਉਹ ਪਹਿਲਾਂ ਦਿੱਤੇ ਸੰਘਰਸ਼ ਪ੍ਰੋਗਰਾਮ ਲਾਗੂ ਕਰਦੇ ਹੋਏ ਜਿਵੇਂ 31-5-2023 ਤੱਕ ਦੋਨੋਂ ਕਾਰਪੋਰੇਸ਼ਨਾਂ ਦੇ ਚੇਅਰਮੈਨਾਂ ਅਤੇ ਡਾਇਰੈਕਟਰਜ਼ ਵਿਰੁੱਧ ਫੀਲਡ ਵਿੱਚ ਦੌਰਿਆਂ ਸਮੇਂ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਕਰਨਗੇ। ਜੂਨ 2023 ਵਿੱਚ ਪੈਡੀ ਸੀਜ਼ਨ ਸ਼ੁਰੂ ਹੋਣ ਵਾਲੇ ਦਿਨ ਸੂਬਾ ਪੱਧਰ ’ਤੇ ਇੱਕ ਰੋਜਾ ਹੜਤਾਲ ਕੀਤੀ ਜਾਵੇਗੀ। 25 ਮਈ ਨੂੰ ਬਿਜਲੀ ਮੰਤਰੀ ਪੰਜਾਬ ਦੀ ਰਿਹਾਇਸ਼ ਅੱਗੇ ਜੰਡਿਆਲਾ ਗੁਰੂ ਦੀ ਥਾਂ ਨਿਊ ਅੰਮਿ੍ਰਤਸਰ ਏ ਬਲਾਕ ਜਲੰਧਰ ਰੋਡ ਵਿਖੇ ਸੂਬਾ ਪੱਧਰੀ ਰੋਸ ਧਰਨਾ ਦਿੱਤਾ ਜਾਵੇਗਾ। ਮੁੱਖ ਮੰਤਰੀ ਪੰਜਾਬ ਦੇ ਨਾਂਅ ਵਿਧਾਇਕਾਂ ਅਤੇ ਮੰਤਰੀਆਂ ਰਾਹੀਂ ਮੈਮੋਰੰਡਮ ਦੇਣੇ ਜਾਰੀ ਰਹਿਣਗੇ।
ਇਹ ਜਾਣਕਾਰੀ ਸਾਥੀ ਕਰਮਚੰਦ ਭਾਰਦਵਾਜ ਨੇ ਦਿੰਦਿਆਂ ਦੱਸਿਆ ਕਿ ਜੇਕਰ ਫਿਰ ਵੀ ਮਸਲੇ ਹੱਲ ਨਾ ਹੋਏ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।

Related Articles

LEAVE A REPLY

Please enter your comment!
Please enter your name here

Latest Articles