ਭਿੱਖੀਵਿੰਡ : ਮਹਿੰਗਾਈ, ਭਿ੍ਰਸ਼ਟਾਚਾਰ ਤੇ ਭਾਜਪਾ ਦੀ ਫਿਰਕੂ ਤੇ ਭਰਾ ਨੂੰ ਭਰਾ ਨਾਲ ਲੜਾਉਣ ਵਾਲੀ ਨੀਤੀ ਵਿਰੁੱਧ ਸੀ ਪੀ ਆਈ ਦੀ ਦੇਸ਼ ਭਰ ਵਿੱਚ ਪਦ ਯਾਤਰਾ ਤਹਿਤ ਸੋਮਵਾਰ ਹਿੰਦ-ਪਾਕਿ ਬਾਰਡਰ ਦੇ ਕਸਬਾ ਖਾਲੜਾ ਤੋਂ ਪਦ ਯਾਤਰਾ ਦੀ ਸ਼ੁਰੂਆਤ ਕੀਤੀ ਗਈ, ਜਿਸ ਦੀ ਅਗਵਾਈ ਸੀ ਪੀ ਆਈ ਦੇ ਬਲਾਕ ਸਕੱਤਰ ਨਰਿੰਦਰ ਸਿੰਘ ਅਲਗੋਂ, ਮੀਤ ਸਕੱਤਰ ਰਸ਼ਪਾਲ ਸਿੰਘ ਬਾਠ ਤੇ ਟਹਿਲ ਸਿੰਘ ਲੱਧੂ ਨੇ ਕੀਤੀ। ਖਾਲੜਾ ਤੋਂ ਅੱਗੇ ਮਾੜੀਮੇਘਾ, ਅਲਗੋਂ ਖੁਰਦ, ਅਲਗੋਂ ਅੱਡਾ, ਭਾਈ ਲੱਧੂ, ਕਲਸੀਆਂ ਕਲਾਂ, ਭਗਵਾਨਪੁਰਾ, ਸਾਂਡਪੁਰਾ ਤੇ ਚੇਲਾ ਕਾਲੋਨੀ ਭਿੱਖੀਵਿੰਡ ਵਿਖੇ ਪ੍ਰੋਗਰਾਮ ਕੀਤੇ ਗਏ।
ਜਲਸਿਆਂ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਤੇ ਜ਼ਿਲ੍ਹਾ ਮੀਤ ਸਕੱਤਰ ਗੁਰਦਿਆਲ ਸਿੰਘ ਖਡੂਰ ਸਾਹਿਬ ਨੇ ਕਿਹਾ ਕਿ ਕਰਨਾਟਕ ਦੀ ਚੋਣ ਨੇ ਇਹ ਦੱਸ ਦਿੱਤਾ ਹੈ ਕਿ ਦੇਸ਼ ਦੇ ਲੋਕ ਜਾਗਦੇ ਹਨ, ਉਹ ਮੋਦੀ ਦੀ ਫਿਰਕੂ, ਪਾੜਾ ਪਾਊ ਤੇ ਦੇਸ਼ ਨੂੰ ਵੇਚਣ ਦੀ ਨੀਤੀ ਨਹੀਂ ਚੱਲਣ ਦੇਣਗੇ। ਮਾੜੀਮੇਘਾ ਨੇ ਕਿਹਾ ਕਿ ਦੇਸ਼ ਦਾ ਨੌਜਵਾਨ ਰੁਜ਼ਗਾਰ ਮੰਗਦਾ ਹੈ, ਉਹ ਵਿਦੇਸ਼ਾਂ ਵਿੱਚ ਜ਼ਿੰਦਗੀ ਰੋਲਣਾ ਨਹੀਂ ਚਾਹੁੰਦਾ, ਉਹ ਮਿਹਨਤ-ਮੁਸ਼ੱਕਤ ਕਰਕੇ ਦੇਸ਼ ਦੀ ਤਰੱਕੀ ਚਾਹੁੰਦਾ ਹੈ। ਉਹ ਚਾਹੁੰਦਾ ਹੈ ਕਿ ਸਾਡੇ ਦੇਸ਼ ਦੇ ਹਰੇਕ ਬੱਚੇ ਨੂੰ ਮੁਫਤ ਤੇ ਯਕੀਨੀ ਵਿਦਿਆ ਮਿਲੇ। ਉਹ ਚਾਹੁੰਦਾ ਹੈ ਕੋਈ ਵੀ ਵਿਅਕਤੀ ਛੱਤ ਤੋਂ ਬਗੈਰ ਜ਼ਿੰਦਗੀ ਨਾ ਗੁਜ਼ਾਰੇ। ਐਸ ਵੇਲੇ ਇਹ ਹਾਲਾਤ ਹਨ ਕਿ ਦੇਸ਼ ਦੀ ਵੱਡੀ ਵਸੋਂ ਛੱਤ ਤੋਂ ਬਗੈਰ ਖੁੱਲ੍ਹੇ ਅਸਮਾਨ ਥੱਲੇ ਜ਼ਿੰਦਗੀ ਗੁਜ਼ਾਰ ਰਹੀ ਹੈ। ਲੋਕ ਚਾਹੁੰਦੇ ਹਨ ਕਿ ਸਾਡੇ ਦੇਸ਼ ਵਿੱਚ ਵੀ ਮੁਫਤ ਇਲਾਜ ਦੇ ਪ੍ਰਬੰਧ ਯਕੀਨੀ ਹੋਣੇ ਚਾਹੀਦੇ ਹਨ। ਅਜੋਕੀ ਪ੍ਰਸਥਿਤੀ ਇਹ ਹੈ ਕਿ ਜਿਸ ਕੋਲ ਪੈਸਾ ਹੈ, ਉਹ ਹੀ ਇਲਾਜ ਕਰਵਾ ਸਕਦਾ ਹੈ, ਦੂਜਾ ਹਟਕੋਰੇ ਲੈਂਦਾ ਮੌਤ ਨੂੰ ਪਿਆਰਾ ਹੋ ਜਾਂਦਾ ਹੈ। ਇਸ ਲਈ ਪਦ ਯਾਤਰਾ ਦਾ ਸੁਨੇਹਾ ਹੈ ਕਿ ਦੇਸ਼ ਨੂੰ ਅਮੀਰ, ਖੁਸ਼ਹਾਲ ਤੇ ਤੰਦਰੁਸਤ ਬਣਾਉਣ ਵਾਸਤੇ ਜਥੇਬੰਦ ਹੋਈਏ। ਸੀ ਪੀ ਆਈ ਦੀ ਮੈਂਬਰਸ਼ਿਪ ਲੈ ਕੇ ਪਾਰਟੀ ਨੂੰ ਮਜ਼ਬੂਤ ਕਰੀਏ। ਸਰਕਾਰ ਨੇ ਕਣਕ ਤਾਂ ਖਰੀਦ ਲਈ ਹੈ, ਪਰ ਚੁੱਕੀ ਨਹੀਂ ਜਾ ਰਹੀ। ਸਰਕਾਰ ਤੇ ਆੜ੍ਹਤੀਆਂ ਨੇ ਜ਼ਬਰਦਸਤੀ ਪੱਲੇਦਾਰਾਂ ਨੂੰ ਰਾਖੀ ਬਿਠਾਇਆ ਹੈ। ਜੇ ਕਣਕ ਚੋਰੀ ਹੋ ਗਈ ਤਾਂ ਪੱਲੇਦਾਰਾਂ ਦੇ ਜ਼ਿੰਮੇ ਪਾ ਦਿੱਤੀ ਜਾਂਦੀ ਹੈ। ਮਜ਼ਦੂਰਾਂ ਨੂੰ ਕਣਕ ਦੀ ਰਾਖੀ ਦਾ ਮੁਆਵਜ਼ਾ ਦਿੱਤਾ ਜਾਵੇ, ਜੇ ਨਾ ਦਿੱਤਾ ਗਿਆ ਤਾਂ ਦੋ ਦਿਨਾ ਬਾਅਦ ਖਾਲੜਾ ਵਿਖੇ ਟਰੈਫਿਕ ਰੋਕੀ ਜਾਵੇਗੀ।
ਪ੍ਰੋਗਰਾਮਾਂ ਨੂੰ ਮਾੜੀਮੇਘਾ ਤੋਂ ਇਲਾਵਾ ਪੂਰਨ ਸਿੰਘ ਮਾੜੀਮੇਘਾ, ਬਲਦੇਵ ਰਾਜ ਭਿੱਖੀਵਿੰਡ, ਸਰੋਜ ਮਲਹੋਤਰਾ, ਕਾਬਲ ਸਿੰਘ ਖਾਲੜਾ, ਸੁਖਦੇਵ ਰਾਜ ਦੋਦੇ, ਪਰਮਜੀਤ ਕੌਰ ਮਾੜੀਮੇਘਾ, ਗੁਰਮੀਤ ਕੌਰ ਅਲਗੋਂ, ਹਰਜਿੰਦਰ ਕੌਰ ਅਲਗੋਂ, ਬੀਬੀ ਵੀਰੋ ਸਾਂਡਪੁਰਾ, ਬਲਵੀਰ ਬੱਲੂ, ਜਸਪਾਲ ਸਿੰਘ ਕਲਸੀਆਂ, ਡਾਕਟਰ ਰਸਾਲ ਸਿੰਘ ਪਹੂਵਿੰਡ ਤੇ ਜਸਪਾਲ ਸਿੰਘ ਭਿੱਖੀਵਿੰਡ ਨੇ ਵੀ ਸੰਬੋਧਨ ਕੀਤਾ।
ਤਰਨ ਤਾਰਨ (ਪੱਤਰ ਪ੍ਰੇਰਕ) : ਪਿੰਡ ਸਰਹਾਲੀ ਕਲਾਂ ਵਿਖੇ ਜਨ ਸੰਪਰਕ ਮੁਹਿੰਮ ਤਹਿਤ ਇਕੱਠ ਕੀਤਾ ਗਿਆ। ਇਸ ਦੀ ਅਗਵਾਈ ਕਾਮਰੇਡ ਕਰਮ ਸਿੰਘ, ਕਾਮਰੇਡ ਜਗੀਰ ਸਿੰਘ ਸਰਹਾਲੀ ਕਲਾਂ ਨੇ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਮਿਊਨਿਸਟ ਪਾਰਟੀ ਦੇ ਨੈਸ਼ਨਲ ਕੌਂਸਲ ਮੈਂਬਰ ਕਾਮਰੇਡ ਪਿ੍ਰਥੀਪਾਲ ਸਿੰਘ ਮਾੜੀ ਮੇਘਾ, ਭਾਰਤੀ ਕਮਿਊਨਿਸਟ ਪਾਰਟੀ ਦੀ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਦੇਵੀ ਕੁਮਾਰੀ ਸਰਹਾਲੀ ਕਲਾਂ, ਜ਼ਿਲ੍ਹਾ ਸਹਾਇਕ ਸਕੱਤਰ ਕਾਮਰੇਡ ਗੁਰਦਿਆਲ ਸਿੰਘ ਖਡੂਰ ਸਾਹਿਬ ਅਤੇ ਬਲਾਕ ਸਕੱਤਰ ਕਾਮਰੇਡ ਬਲਵਿੰਦਰ ਸਿੰਘ ਦਦੇਹਰ ਸਾਹਿਬ ਨੇ ਆਪਣੇ ਸਾਂਝੇ ਬਿਆਨ ਵਿੱਚ ਕਿਹਾ ਕਿ ਕੇਂਦਰ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਜਦੋਂ ਦੀ ਸੱਤਾ ਵਿੱਚ ਆਈ ਹੈ, ਆਮ ਲੋਕਾਂ ਦਾ ਜਿਊਣਾ ਦੁੱਭਰ ਹੋ ਗਿਆ ਹੈ, ਦੇਸ਼ ਦੀ ਡਿੱਗ ਰਹੀ ਆਰਥਿਕਤਾ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਲੋਕਾਂ ਨੂੰ ਫਿਰਕੂ ਲੀਹਾਂ ’ਤੇ ਵੰਡਿਆ ਜਾ ਰਿਹਾ ਹੈ। ਲਗਾਤਾਰ ਵਧ ਰਹੀ ਮਹਿੰਗਾਈ, ਬੇਰੋਜ਼ਗਾਰੀ, ਨੋਟਬੰਦੀ, ਜੀ ਐੱਸ ਟੀ, ਕੋਰੋਨਾ ਦੌਰਾਨ ਕੁਪ੍ਰਬੰਧ ਨੇ ਆਮ ਲੋਕਾਂ ਤੇ ਛੋਟੇ ਕਾਰੋਬਾਰੀਆਂ ਨੂੰ ਹੋਰ ਹਾਸ਼ੀਏ ’ਤੇ ਧੱਕ ਦਿੱਤਾ ਹੈ। ਖਾਣ-ਪੀਣ ਵਾਲੀਆਂ ਵਸਤੂਆਂ ਦੇ ਅਸਮਾਨੀ ਛੂੰਹਦੇ ਭਾਅ ਗਰੀਬ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਏ ਹਨ। ਮੋਦੀ ਸਰਕਾਰ ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ਨੂੰ ਤਹਿਸ-ਨਹਿਸ ਕਰਕੇ ਦੇਸ਼ ਨੂੰ ਤਾਨਾਸ਼ਾਹੀ ਵੱਲ ਲਿਜਾ ਰਿਹਾ ਹੈ। ਆਮ ਜਨਤਾ ਖੇਤ ਮਜ਼ਦੂਰ, ਕਿਸਾਨ, ਮਨਰੇਗਾ ਮਜ਼ਦੂਰ, ਨੌਜਵਾਨ, ਔਰਤਾਂ ਅਤੇ ਛੋਟੇ ਕਾਰੋਬਾਰੀ ਲੋਕਾਂ ਦੀਆਂ ਜਾਇਜ਼ ਮੰਗਾਂ ਛੱਡ ਕੇ ਸਿਰਫ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਏ ਜਾ ਰਹੇ ਹਨ। ਦੇਸ਼ ਦਾ ਸਰਮਾਇਆ ਅਡਾਨੀਆਂ-ਅੰਬਾਨੀਆਂ ਨੂੰ ਲੁਟਾਇਆ ਜਾ ਰਿਹਾ ਹੈ। ਦੇਸ਼ ਵਿੱਚ 35 ਫੀਸਦੀ ਅਬਾਦੀ ਦਲਿਤ ਲੋਕਾਂ ਦੀ ਹੈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਖੇਤ ਮਜ਼ਦੂਰ ਹਨ। ਮਸ਼ੀਨੀਕਰਨ ਹੋਣ ਕਰਕੇ ਗਰੀਬ ਲੋਕਾਂ ਦਾ ਰੋਜ਼ਗਾਰ ਛੁੱਟ ਗਿਆ। ਸਰਕਾਰ ਨੇ ਇਹਨਾ ਕਾਮਿਆਂ ਲਈ ਕਿਸੇ ਬਦਲਵੇਂ ਕੰਮ ਦਾ ਪ੍ਰਬੰਧ ਨਹੀਂ ਕੀਤਾ। ਇਹਨਾ ਮਜ਼ਦੂਰਾਂ ਲਈ ਮਨਰੇਗਾ ਇੱਕ ਸਹਾਰਾ ਹੈ। ਮੋਦੀ ਸਰਕਾਰ ਨੇ ਮਨਰੇਗਾ ਵਰਕਰਾਂ ਦੇ ਬੱਜਟ ਵਿੱਚ 35 ਫੀਸਦੀ ਕਟੌਤੀ ਕਰਕੇ ਗਰੀਬ ਲੋਕਾਂ ਨਾਲ ਬਹੁਤ ਵੱਡਾ ਧੱਕਾ ਕੀਤਾ ਹੈ। ਇਹਨਾ ਖੇਤ ਮਜ਼ਦੂਰਾਂ ਦੇ ਭਖਦੇ ਮਸਲਿਆਂ ਨੂੰ ਲੈ ਕੇ ਭਾਰਤੀ ਖੇਤ ਮਜ਼ਦੂਰ ਯੂਨੀਅਨ ਵੱਲੋਂ 30 ਮਈ ਨੂੰ ਦਿੱਲੀ ਦੇ ਜੰਤਰ-ਮੰਤਰ ਵਿਖੇ ਦੇਸ਼ ਵਿਆਪੀ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿੱਚ ਮਨਰੇਗਾ ਮਜ਼ਦੂਰਾਂ ਨੂੰ ਪੂਰਾ ਸਾਲ ਕੰਮ ਅਤੇ ਕੰਮ ਦਿਹਾੜੀ ਸੱਤ ਸੌ ਰੁਪਏ ਦਿੱਤੀ ਜਾਵੇ। ਕੰਮ ਮੰਗਣ ’ਤੇ ਕੰਮ ਅਤੇ ਕੀਤੇ ਹੋਏ ਕੰਮ ਦਾ ਭੁਗਤਾਨ ਪੰਦਰਾਂ ਦਿਨ ਦੇ ਅੰਦਰ-ਅੰਦਰ ਕੀਤਾ ਜਾਵੇ। ਮਜ਼ਦੂਰਾਂ ਸਿਰ ਚੜ੍ਹਿਆ ਕਰਜ਼ਾ ਮਾਈਕਰੋ ਫਾਇਨਾਂਸ ਕੰਪਨੀਆਂ ਸਮੇਤ ਮੁਆਫ ਕੀਤਾ ਜਾਵੇ। ਅਤੇ ਵਿਧਵਾ ਤੇ ਬੁਢਾਪਾ ਪੈਨਸ਼ਨ ਪੰਜ ਹਜ਼ਾਰ ਰੁਪਏ ਕੀਤੀ ਜਾਵੇ। ਉਹਨਾਂ ਪਿੰਡਾਂ ਦੇ ਕਾਮੇ ਲੋਕਾਂ ਨੂੰ ਅਪੀਲ ਕੀਤੀ ਕਿ 30 ਮਈ ਨੂੰ ਵੱਡੀ ਗਿਣਤੀ ਵਿੱਚ ਦਿੱਲੀ ਦੇ ਜੰਤਰ-ਮੰਤਰ ਵਿਖੇ ਪਹੁੰਚ ਕੇ ਰੈਲੀ ਨੂੰ ਕਾਮਯਾਬ ਕੀਤਾ ਜਾਵੇ ਅਤੇ ਪੂੰਜੀਪਤੀਆਂ ਦਾ ਰਾਜ ਪ੍ਰਬੰਧ ਖਤਮ ਕਰਕੇ ਕਿਰਤੀ ਲੋਕਾਂ ਦਾ ਰਾਜ ਪ੍ਰਬੰਧ ਕਾਇਮ ਕੀਤਾ ਜਾਵੇ।
ਇਸ ਮੌਕੇ ਹਾਜ਼ਰ ਆਗੂ ਕਾਮਰੇਡ ਸੇਵਾ ਸਿੰਘ ਦਦੇਹਰ ਸਾਹਿਬ, ਕਾਮਰੇਡ ਜੱਸਾ ਸਿੰਘ ਖਡੂਰ ਸਾਹਿਬ, ਕਾਮਰੇਡ ਸਾਬੀ, ਸਤਨਾਮ ਸਿੰਘ, ਦਇਆ ਮੈਂਬਰ, ਰਾਜਵਿੰਦਰ ਕੌਰ ਰੀਨਾ ਸਰਹਾਲੀ ਕਲਾਂ ਆਦਿ ਹਾਜ਼ਰ ਸਨ।
ਭਲਾਣ (ਢਿੱਲੋਂ) : ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਰੋਪੜ ਨੇ ਤਹਿਸੀਲ ਆਨੰਦਪੁਰ ਸਾਹਿਬ ਅਤੇ ਤਹਿਸੀਲ ਨੰਗਲ ਵਿਚ ਜਨ-ਸੰਪਰਕ ਮੁਹਿੰਮ ਦੇ ਹਿੱਸੇ ਵਜੋਂ ਜਨ ਸਭਾਵਾਂ ਕੀਤੀਆਂ, ਜਿਹਨਾਂ ਦੀ ਅਗਵਾਈ ਦਵਿੰਦਰ ਕੁਮਾਰ ਨੰਗਲੀ ਜ਼ਿਲ੍ਹਾ ਸਕੱਤਰ, ਰਾਮਪਾਲ ਤਹਿਸੀਲ ਸਕੱਤਰ ਅਤੇ ਗੁਰਨਾਮ ਸਿੰਘ ਔਲਖ ਨੇ ਕੀਤੀ। ਨਰਿੰਦਰ ਸੋਹਲ ਨੈਸ਼ਨਲ ਕੌਂਸਲ ਮੈਂਬਰ ਸੀ ਪੀ ਆਈ ਅਤੇ ਸਕੱਤਰੇਤ ਮੈਂਬਰ ਪੰਜਾਬ ਸੀ ਪੀ ਆਈ ਵਿਸ਼ੇਸ਼ ਤੌਰ ’ਤੇ ਇਸ ਮੁਹਿੰਮ ਵਿਚ ਸ਼ਾਮਲ ਹੋਏ। ਇਹ ਜਨ-ਸੰਪਰਕ ਮੁਹਿੰਮ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਨੈਸ਼ਨਲ ਪੱਧਰ ’ਤੇ ਪੂਰੇ ਦੇਸ਼ ਵਿਚ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ, ਕਾਰਪੋਰੇਟ ਪੱਖੀ, ਫਾਸ਼ਿਸਟ ਤਰੀਕੇ ਦੀਆਂ ਸੰਵਿਧਾਨ ਵਿਰੋਧੀ ਨੀਤੀਆਂ ਵਿਰੁੱਧ ਚਲਾਈ ਜਾ ਰਹੀ ਹੈ, ਤਾਂ ਕਿ ਆਉਣ ਵਾਲੀਆਂ 2024 ਦੀਆਂ ਪਾਰਲੀਮਾਨੀ ਚੋਣਾਂ ਵਿਚ ਮੋਦੀ ਸਰਕਾਰ ਨੂੰ ਚਲਦਾ ਕੀਤਾ ਜਾ ਸਕੇ। ਦੋ ਦਿਨਾਂ ਦੌਰਾਨ ਪਿੰਡ ਨਾਨੋਵਾਲ, ਤਾਰਾਪੁਰ, ਥੱਲੇਵਾਲ, ਮੋਹੀਵਾਲ, ਕੋਟਲਾ ਪਾਵਰ ਹਾਊਸ, ਜਿੰਦਵੜੀ, ਕੁਲਗਰਾਂ, ਗਲੋਨੀ ਆਦਿ ਵਿਚ ਭਰਵੀਆਂ ਜਨ-ਸਭਾਵਾਂ ਕੀਤੀਆਂ ਗਈਆਂ, ਜਿਸ ਨੂੰ ਨਰਿੰਦਰ ਸੋਹਲ ਕੌਮੀ ਕੌਂਸਲ ਮੈਂਬਰ ਸੀ ਪੀ ਆਈ, ਦਵਿੰਦਰ ਨੰਗਲੀ ਜ਼ਿਲ੍ਹਾ ਸਕੱਤਰ, ਰਾਮਪਾਲ ਤਹਿਸੀਲ ਸਕੱਤਰ, ਗੁਰਨਾਮ ਸਿੰਘ ਔਲਖ, ਹਰੀ ਚੰਦ, ਮਹਿੰਗਾ ਰਾਮ, ਹਰੀ ਮਿੱਤਲ, ਜਸਬੀਰ ਸਿੰਘ ਕੁਲਗਰਾਂ ਤੇ ਗੁਲਜ਼ਾਰ ਸਿੰਘ ਆਦਿ ਨੇ ਸੰਬੋਧਨ ਕੀਤਾ। ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦਾ ਨਾਹਰਾ ਲਾਉਣ ਵਾਲਿਆਂ ਵੱਲੋਂ ਪੀੜਤ ਪਹਿਲਵਾਨ ਲੜਕੀਆਂ ਨਾਲ ਹੋਏ ਦੁਰਵਿਹਾਰ ਸੰਬੰਧੀ ਵੱਟੀ ਚੁੱਪ ਦੀ ਸਖਤ ਨਿੰਦਾ ਕੀਤੀ। ਬੁਲਾਰਿਆਂ ਮੰਗ ਕੀਤੀ ਕਿ ਬਿ੍ਰਜ ਭੂਸ਼ਣ ਨੂੰ ਫੌਰੀ ਤੌਰ ’ਤੇ ਗਿ੍ਰਫਤਾਰ ਕੀਤਾ ਜਾਏ। ਬੁਲਾਰਿਆਂ ਨੋਟਬੰਦੀ, ਜੀ ਐੱਸ ਟੀ, ਨਾਗਰਿਕਤਾ ਕਾਨੰੂਨ ਅਤੇ ਹੋਰ ਸਰਕਾਰੀ ਛੜਯੰਤਰਾਂ ਰਾਹੀਂ ਆਈਆਂ ਲੋਕਾਂ ਨੂੰ ਦਰਪੇਸ਼ ਮੁਸੀਬਤਾਂ ’ਤੇ ਚਾਨਣਾ ਪਾਇਆ ਅਤੇ ਐਲਾਨ ਕੀਤਾ ਕਿ ਆਉਣ ਵਾਲੀਆਂ 2024 ਦੀਆਂ ਚੋਣਾਂ ਵਿਚ ਮੋਦੀ ਸਰਕਾਰ ਨੂੰ ਚਲਦਾ ਕੀਤਾ ਜਾਏਗਾ।
ਇਸ ਦੌਰਾਨ ਮਤਾ ਪਾਸ ਕਰਕੇ ਮੰਗ ਕੀਤੀ ਕਿ ਨੰਗਲ ਫਲਾਈਓਵਰ ਫੌਰੀ ਤੌਰ ’ਤੇ ਚਾਲੂ ਕੀਤਾ ਜਾਏ, ਨਹੀਂ ਤਾਂ ਪਾਰਟੀ ਸੰਘਰਸ਼ ਕਰਨ ਲਈ ਮਜਬੂਰ ਹੋਏਗੀ। ਇਕ ਹੋਰ ਮਤੇ ਰਾਹੀਂ ਮੰਗ ਕੀਤੀ ਗਈ ਕਿ ਸੇਂਟ ਸੋਲਜਰ ਸਕੂਲ ਨੰਗਲ ਵਿਖੇ ਗੈਸ ਲੀਕੇਜ ਦੀ ਘਟਨਾ ਦੀ ਇਨਕੁਆਰੀ ਕੀਤੀ ਜਾਵੇ ਅਤੇ ਸੱਚ ਲੋਕਾਂ ਸਾਹਮਣੇ ਲਿਆਂਦਾ ਜਾਏ। ਅੱਗੇ ਤੋਂ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਏ।