ਨਵੀਂ ਦਿੱਲੀ : ਇੱਥੇ ਜੰਤਰ-ਮੰਤਰ ’ਤੇ ਪ੍ਰਦਰਸ਼ਨ ਕਰ ਰਹੇ ਭਲਵਾਨਾਂ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬਿ੍ਰਜ ਭੂਸ਼ਣ ਸ਼ਰਣ ਸਿੰਘ ਨੂੰ ਗਿ੍ਰਫਤਾਰ ਨਾ ਕਰਨ ਖਿਲਾਫ ਵਿਦੇਸ਼ਾਂ ’ਚ ਉਲੰਪਿਕ ਤਮਗਾ ਜੇਤੂਆਂ ਅਤੇ ਖਿਡਾਰੀਆਂ ਨਾਲ ਸੰਪਰਕ ਕਰਕੇ ਆਪਣੇ ਅੰਦੋਲਨ ਨੂੰ ਵਿਸ਼ਵ ਪੱਧਰ ’ਤੇ ਲਿਜਾਣ ਦਾ ਫੈਸਲਾ ਕੀਤਾ ਹੈ। ਉਨ੍ਹਾ ਕਿਹਾ ਕਿ ਅੰਦੋਲਨ ਬਾਰੇ ਵੱਡਾ ਫੈਸਲਾ 21 ਮਈ ਤੋਂ ਬਾਅਦ ਲਿਆ ਜਾਵੇਗਾ।
ਜਕਾਰਤਾ ਏਸ਼ੀਆਈ ਖੇਡਾਂ 2018 ਦੀ ਸੋਨ ਤਮਗਾ ਜੇਤੂ ਵਿਨੇਸ਼ ਫੋਗਾਟ ਨੇ ਕਿਹਾਅਸੀਂ ਇਸ ਲੜਾਈ ਨੂੰ ਵਿਸ਼ਵ ਪੱਧਰ ਤੱਕ ਲੈ ਕੇ ਜਾਵਾਂਗੇ। ਅਸੀਂ ਦੂਜੇ ਦੇਸ਼ਾਂ ਦੇ ਉਲੰਪੀਅਨਾਂ ਅਤੇ ਉਲੰਪਿਕ ਤਮਗਾ ਜੇਤੂਆਂ ਨਾਲ ਸੰਪਰਕ ਕਰਾਂਗੇ। ਅਸੀਂ ਉਨ੍ਹਾਂ ਦਾ ਸਮਰਥਨ ਮੰਗਣ ਲਈ ਉਨ੍ਹਾਂ ਨੂੰ ਪੱਤਰ ਲਿਖਾਂਗੇ।
ਉਸ ਨੇ ਇਹ ਵੀ ਦੋਸ਼ ਲਾਇਆ ਕਿ ਕੁਝ ਲੋਕਾਂ ਨੇ ਐਤਵਾਰ ਰਾਤ ਨੂੰ ਪ੍ਰਦਰਸ਼ਨ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਤੇ ਧਰਨੇ ਵਾਲੀ ਥਾਂ ’ਤੇ ਭਲਵਾਨਾਂ ਦਾ ਪਿੱਛਾ ਕੀਤਾ ਜਾ ਰਿਹਾ ਹੈ। ਉਸ ਨੇ ਕਿਹਾਕੁਝ ਲੋਕ ਸਾਡੇ ਪ੍ਰਦਰਸ਼ਨ ਦੇ ਅਕਸ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹਨ। ਪਿਛਲੀ ਵਾਰ ਅਜਿਹਾ ਉਦੋਂ ਹੋਇਆ, ਜਦੋਂ ਅਸੀਂ ਪ੍ਰਦਰਸ਼ਨ ਵਾਲੀ ਥਾਂ ’ਤੇ ਬਿਸਤਰੇ ਲਿਆ ਰਹੇ ਸੀ। ਸਾਡਾ ਪਿੱਛਾ ਕੀਤਾ ਜਾ ਰਿਹਾ ਹੈ। ਲੋਕ ਰਿਕਾਰਡਿੰਗ ਕਰ ਰਹੇ ਹਨ ਅਤੇ ਤਸਵੀਰਾਂ ਲੈ ਰਹੇ ਹਨ। ਜਦੋਂ ਅਸੀਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਦੇ ਹਾਂ, ਤਾਂ ਉਹ ਸਾਡੀ ਗੱਲ ਨਹੀਂ ਸੁਣਦੇ। ਕੁਝ ਅਣਪਛਾਤੇ ਲੋਕ (ਔਰਤਾਂ) ਵੀ ਇੱਥੇ (ਭਲਵਾਨਾਂ ਦੇ ਤੰਬੂਆਂ ਦੇ ਅੰਦਰ) ਸੌਣ ਦੀ ਕੋਸ਼ਿਸ਼ ਕਰ ਰਹੇ ਸਨ।