39.2 C
Jalandhar
Saturday, July 27, 2024
spot_img

ਭਾਜਪਾ ਲਈ ਦੱਖਣੀ ਦਰਵਾਜ਼ਾ ਬੰਦ

ਦੱਖਣ ਦਾ ਦਰਵਾਜ਼ਾ ਕਹੇ ਜਾਂਦੇ ਕਰਨਾਟਕ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਭਾਜਪਾ ਨੂੰ ਲੱਕ ਤੋੜਵੀਂ ਹਾਰ ਦੇ ਦਿੱਤੀ ਹੈ। ਇਨ੍ਹਾਂ ਚੋਣਾਂ ਦਾ ਦੇਸ਼ ਦੀ ਹੋਣੀ ਲਈ ਵਿਸ਼ੇਸ਼ ਮਹੱਤਵ ਸੀ। ਇਹ ਚੋਣਾਂ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲੇ ਸਾਲ ਹੋ ਰਹੀਆਂ ਸਨ ਤੇ ਇਨ੍ਹਾਂ ਨੂੰ ਲੋਕ ਸਭਾ ਚੋਣਾਂ ਦੇ ਸੈਮੀਫਾਇਨਲ ਵਜੋਂ ਦੇਖਿਆ ਜਾ ਰਿਹਾ ਸੀ। ਇਸ ਤੋਂ ਇਲਾਵਾ ਵੀ ਇਨ੍ਹਾਂ ਚੋਣਾਂ ਨੇ ਕਈ ਸਵਾਲਾਂ ਦਾ ਜਵਾਬ ਦੇਣਾ ਸੀ। ਇਨ੍ਹਾਂ ਵਿੱਚ ਇੱਕ ਇਹ ਕਿ ਇਹ ਚੋਣ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਤੋਂ ਬਾਅਦ ਪਹਿਲੀ ਚੋਣ ਸੀ ਤੇ ਇਸ ਨੇ ਉਸ ਯਾਤਰਾ ਵਿੱਚੋਂ ਉਭਰੇ ਨਾਅਰੇ ‘ਨਫ਼ਰਤ ਦੇ ਬਜ਼ਾਰ ਵਿੱਚ ਮੁਹੱਬਤ ਦੀ ਦੁਕਾਨ’ ਦੀ ਸਫ਼ਲਤਾ ਉੱਤੇ ਮੋਹਰ ਲਾਉਣੀ ਸੀ। ਦੂਜਾ, ਇਹ ਚੋਣ ਅਜ਼ਾਦ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਦਲਿਤ ਆਗੂ ਦੇ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਦੇ ਫ਼ੈਸਲੇ ਦੀ ਸਵੀਕਾਰਤਾ ਦੀ ਵੀ ਪ੍ਰੀਖਿਆ ਸੀ। ਤੀਜਾ, ਇਹ ਚੋਣ ਕਾਂਗਰਸ ਦੇ ਰਾਏਪੁਰ ਸੰਮੇਲਨ ਦੌਰਾਨ ਆਰ ਐੱਸ ਐੱਸ ਦੇ ਹਿੰਦੂਤਵ ਵਿਰੁੱਧ ਵਿਚਾਰਧਾਰਕ ਲੜਾਈ ਦੇ ਅਹਿਦ ਦੀ ਕਾਮਯਾਬੀ ਦਾ ਵੀ ਇਮਤਿਹਾਨ ਸੀ।
ਉਪਰੋਕਤ ਸਾਰੇ ਸਵਾਲਾਂ ਨੂੰ ਮੁੱਖ ਰੱਖ ਕੇ ਕਾਂਗਰਸ ਵੱਲੋਂ ਲੜੇ ਗਏ ਚੋਣ ਯੁੱਧ ਵਿੱਚ ਜਨਤਾ ਨੇ ਉਸ ਨੂੰ ਵਧੀਆ ਨੰਬਰਾਂ ਵਿੱਚ ਪਾਸ ਕੀਤਾ ਹੈ। ਆਖਰੀ ਗਿਣਤੀ ਬਾਅਦ ਕਾਂਗਰਸ ਪਾਰਟੀ ਨੇ ਲੜੀਆਂ ਗਈਆਂ 223 ਸੀਟਾਂ ਵਿੱਚੋਂ 135 ਸੀਟਾਂ ਹਾਸਲ ਕਰ ਲਈਆਂ ਹਨ। ਇੱਕ ਸੀਟ ਕਾਂਗਰਸ ਨੇ ਸਥਾਨਕ ਪਾਰਟੀ ਸਰਵੋਦਿਆ ਕਰਨਾਟਕ ਪਕਸ਼ਾ ਨੂੰ ਛੱਡੀ ਸੀ, ਜੋ ਉਸ ਨੇ ਜਿੱਤ ਲਈ ਹੈ। ਭਾਜਪਾ ਨੂੰ 66, ਜਨਤਾ ਦਲ ਸੈਕੂਲਰ ਨੂੰ 19, ਦੋ ਅਜ਼ਾਦ ਤੇ 1 ਸੀਟ ਇੱਕ ਸਥਾਨਕ ਪਾਰਟੀ ਨੂੰ ਮਿਲੀ ਹੈ। ਜੇਕਰ ਪਿਛਲੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਉਸ ਵੇਲੇ ਭਾਜਪਾ ਨੂੰ 104, ਕਾਂਗਰਸ ਨੂੰ 80 ਤੇ ਜਨਤਾ ਦਲ ਸੈਕੂਲਰ ਨੂੰ 37 ਸੀਟਾਂ ਮਿਲੀਆਂ ਸਨ। ਇਸ ਤਰ੍ਹਾਂ ਇਨ੍ਹਾਂ ਚੋਣਾਂ ਵਿੱਚ ਕਾਂਗਰਸ ਨੂੰ 55 ਸੀਟਾਂ ਦਾ ਫਾਇਦਾ ਹੋਇਆ। ਉਸ ਨੇ 38 ਸੀਟਾਂ ਭਾਜਪਾ ਤੋਂ ਖੋਹੀਆਂ ਤੇ 18 ਸੀਟਾਂ ਸਮੇਤ ਸਹਿਯੋਗੀ ਪਾਰਟੀ ਦੇ ਜੇ ਡੀ ਐੱਸ ਤੋਂ ਖੋਹੀਆਂ ਹਨ। ਵੋਟ ਫੀਸਦੀ ਦੀ ਗੱਲ ਕਰੀਏ ਤਾਂ ਕਾਂਗਰਸ ਨੂੰ 42.88 ਫੀਸਦੀ, ਭਾਜਪਾ ਨੂੰ 36 ਫ਼ੀਸਦੀ ਤੇ ਜਨਤਾ ਦਲ ਸੈਕੂਲਰ ਨੂੰ 13.29 ਫੀਸਦੀ ਵੋਟ ਮਿਲੇ ਹਨ।
ਇਨ੍ਹਾਂ ਚੋਣਾਂ ਵਿੱਚ ਸਭ ਤੋਂ ਬੁਰੀ ਹਾਲਤ ਭਾਜਪਾ ਦੀ ਹੋਈ ਹੈ। ਉਹ ਬਹੁਤੀਆਂ ਸੀਟਾਂ ਕਾਂਗਰਸ ਤੇ ਜਨਤਾ ਦਲ ਸੈਕੂਲਰ ਵਿੱਚ ਵੋਟਾਂ ਵੰਡੇ ਜਾਣ ਕਾਰਨ ਜਿੱਤੀ ਹੈ, ਨਹੀਂ ਤਾਂ ਉਸ ਦਾ ਜਲੂਸ ਨਿਕਲ ਜਾਣਾ ਸੀ। ਭਾਜਪਾ 45 ਸੀਟਾਂ ਉੱਤੇ ਤੀਜੇ ਨੰਬਰ ਉੱਤੇ ਆਈ ਹੈ, ਜਿਨ੍ਹਾਂ ਵਿੱਚੋਂ 30 ਉੱਤੇ ਉਹ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੀ। ਇੱਥੋਂ ਤੱਕ ਕਿ ਭਾਜਪਾ ਵੱਲੋਂ ਹਿੰਦੂਤਵ ਦੀ ਪ੍ਰਯੋਗਸ਼ਾਲਾ ਬਣਾਏ ਗਏ ਕੋਡਾਗੂ ਤੇ ਚਿਕਮਗਲੂਰ ਜ਼ਿਲ੍ਹਿਆਂ ਦੇ ਹਲਕਿਆਂ ਵਿੱਚ ਵੀ ਉਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ।
ਪਹਾੜੀ ਕੋਡਾਗੂ ਜ਼ਿਲ੍ਹੇ ਦੇ ਦੋ ਵਿਧਾਨ ਸਭਾ ਹਲਕੇ ਮਾਡੀਕੇਰੀ ਤੇ ਵਿਰਾਜਪੇਟ ਹਨ। ਇਹ ਦੋਵੇਂ ਹਲਕੇ ਪਿਛਲੇ 20 ਸਾਲਾਂ ਤੋਂ ਭਾਜਪਾ ਦਾ ਗੜ੍ਹ ਰਹੇ ਹਨ। ਵਿਰਾਜਪੇਟ ਉੱਤੇ ਭਾਜਪਾ ਦੇ ਕੇ ਜੀ ਬੋਪਈਆ ਦਾ ਕਬਜ਼ਾ ਸੀ, ਪਰ ਇਸ ਵਾਰ ਉਹ ਕਾਂਗਰਸ ਦੇ ਏ ਐੱਸ ਪੋਨਾਨਾ ਤੋਂ ਹਾਰ ਗਏ ਹਨ। ਇਸੇ ਤਰ੍ਹਾਂ ਮਾਡੀਕੇਰੀ ਸੀਟ ਤੋਂ ਭਾਜਪਾ ਦੇ ਅਪਾਚੂ ਰੰਜਨ ਦਾ ਚੌਥੀ ਵਾਰ ਸੀਟ ਜਿੱਤਣ ਦਾ ਸੁਫ਼ਨਾ ਕਾਂਗਰਸ ਦੇ ਮੰਤਰ ਗੌੜਾ ਨੇ ਤੋੜ ਦਿੱਤਾ ਹੈ। ਚਿਕਮਗਲੂਰ ਨੂੰ ਵੀ ਭਾਜਪਾ ਦਾ ਕਿਲ੍ਹਾ ਕਿਹਾ ਜਾਂਦਾ ਸੀ। ਭਾਜਪਾ ਨੇ ਸਥਾਨਕ ਆਸਥਾ ਦੇ ਕੇਂਦਰ ਗੁਰੂ ਦੱਤਾਤ੍ਰੇ ਮੰਦਰ, ਬਾਬਾ ਬੁਦਾਨ ਸਵਾਮੀ ਦਰਗਾਹ ਤੇ ਬਾਬਾ ਬੁਦਨਗਿਰੀ ਨੂੰ ਹਿੰਦੂ ਪੂਜਾ ਸਥਾਨ ਐਲਾਨੇ ਜਾਣ ਲਈ ਅੰਦੋਲਨ ਚਲਾਇਆ ਸੀ। 2018 ਵਿੱਚ ਭਾਜਪਾ ਨੇ ਇਸ ਜ਼ਿਲ੍ਹੇ ਦੀਆਂ ਪੰਜ ਸੀਟਾਂ ਵਿੱਚੋਂ 4 ਉੱਤੇ ਜਿੱਤ ਪ੍ਰਾਪਤ ਕੀਤੀ ਸੀ। ਇਸ ਵਾਰ ਭਾਜਪਾ ਇਹ ਸਾਰੀਆਂ ਹਾਰ ਗਈ, ਜਿਸ ਵਿੱਚ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਸੀ ਟੀ ਰਵੀ ਵੀ ਸ਼ਾਮਲ ਹਨ। ਸੀ ਟੀ ਰਵੀ ਲਗਾਤਾਰ 4 ਵਾਰ ਵਿਧਾਇਕ ਚੁਣੇ ਜਾਂਦੇ ਰਹੇ ਹਨ ਤੇ ਇਸ ਵਾਰ ਕਾਂਗਰਸ ਹੱਥੋਂ ਹਾਰ ਗਏ ਹਨ। ਚੋਣਾਂ ਵਿੱਚ ਭਾਜਪਾ ਦੇ ਤੀਜਾ ਹਿੱਸਾ ਮੰਤਰੀਆਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ, ਜਿਨ੍ਹਾਂ ਵਿੱਚ ਉਹ ਸਿੱਖਿਆ ਮੰਤਰੀ ਬੀ ਸੀ ਨਾਗੇਸ਼ ਵੀ ਸ਼ਾਮਲ ਹੈ, ਜਿਸ ਨੇ ਸੂਬੇ ਅੰਦਰ ਸਿੱਖਿਆ ਦੇ ਭਗਵਾਂਕਰਨ ਦੀ ਮੁਹਿੰਮ ਵਿੱਢ ਕੇ ਮੁਸਲਿਮ ਵਿਦਿਆਰਥਣਾਂ ਦੇ ਹਿਜਾਬ ਪਹਿਨਣ ਵਿਰੁੱਧ ਭੀੜਾਂ ਨੂੰ ਉਤਸ਼ਾਹਤ ਕੀਤਾ ਸੀ। ਇੱਕ ਮੰਤਰੀ ਵੀ ਸੋਮੰਨਾ ਦੋ ਸੀਟਾਂ ਚਾਮਰਾਜਨਗਰ ਤੇ ਵਰੁਣਾ ਤੋਂ ਚੋਣ ਲੜੇ ਸਨ, ਪਰ ਦੋਵਾਂ ਸੀਟਾਂ ਤੋਂ ਹਾਰ ਗਏ।
ਕਰਨਾਟਕ ਦੀਆਂ ਚੋਣਾਂ ਵਿੱਚ ਬਹੁਤ ਕੁਝ ਅਜਿਹਾ ਵਾਪਰਿਆ ਹੈ, ਜਿਸ ਨੇ ਕਈ ਸਵਾਲ ਖੜ੍ਹੇ ਕੀਤੇ ਹਨ। ਕਾਂਗਰਸ ਨੇ ਕਿਵੇਂ ਲੜਾਈ ਲੜੀ, ਭਾਜਪਾ ਆਗੂਆਂ ਸਮੇਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਸਫ਼ਲਤਾ ਦੇ ਕੀ ਕਾਰਨ ਰਹੇ ਤੇ ਇਸ ਚੋਣ ਦੇ ਕੌਮੀ ਰਾਜਨੀਤੀ ਲਈ ਕੀ ਮਾਇਨੇ ਹਨ, ਇਨ੍ਹਾਂ ਸਾਰੇ ਸਵਾਲਾਂ ਬਾਰੇ ਅਸੀਂ ਫਿਰ ਗੱਲ ਕਰਾਂਗੇ।
-ਚੰਦ ਫਤਿਹਪੁਰੀ

Related Articles

LEAVE A REPLY

Please enter your comment!
Please enter your name here

Latest Articles