ਨਵੀਂ ਦਿੱਲੀ : ਕਰਨਾਟਕ ’ਚ ਵਜ਼ਾਰਤਸਾਜ਼ੀ ਨੂੰ ਲੈ ਕੇ ਸੋਮਵਾਰ ਸ਼ਾਮ ਤੱਕ ਜਿਹੜੇ ਫਾਰਮੂਲੇ ਦੀ ਜ਼ਿਆਦਾ ਚਰਚਾ ਸੀ, ਉਸ ਮੁਤਾਬਕ ਸਿੱਧਾਰਮਈਆ ਦਾ ਨਾਂਅ ਮੁੱਖ ਮੰਤਰੀ ਵਜੋਂ ਸਭ ਤੋਂ ਅੱਗੇ ਸੀ, ਜਦਕਿ ਉਨ੍ਹਾ ਨਾਲ ਤਿੰਨ ਭਾਈਚਾਰਿਆਂ ਦੇ ਉਪ ਮੁੱਖ ਮੰਤਰੀ ਜੋੜੇ ਜਾਣੇ ਸਨ। ਇਨ੍ਹਾਂ ਵਿਚ ਵੋਕਾਲਿੰਗਾ ਭਾਈਚਾਰੇ ਦੇ ਡੀ ਕੇ ਸ਼ਿਵ ਕੁਮਾਰ, ਜਿਹੜੇ ਕਰਨਾਟਕ ਕਾਂਗਰਸ ਦੇ ਪ੍ਰਧਾਨ ਵੀ ਹਨ, ਲਿੰਗਾਯਤ ਭਾਈਚਾਰੇ ਦੇ ਐੱਮ ਬੀ ਪਾਟਿਲ ਅਤੇ ਨਾਇਕ/ ਵਾਲਮੀਕਿ ਭਾਈਚਾਰੇ ਦੇ ਸਤੀਸ਼ ਜਾਰਕੀਹੋਲੀ ਸ਼ਾਮਲ ਹਨ। ਕਰਨਾਟਕ ’ਚ ਕੁਰੁਬਾ ਆਬਾਦੀ 7 ਫੀਸਦੀ, ਲਿੰਗਾਯਤ 16 ਫੀਸਦੀ, ਵੋਕਾਲਿੰਗਾ 11 ਫੀਸਦੀ, ਐੱਸ ਸੀ/ਐੱਸ ਟੀ ਕਰੀਬ 27 ਫੀਸਦੀ ਹੈ। ਪਾਰਟੀ ਨਾਲ ਜੁੜੇ ਲੋਕਾਂ ਨੇ ਜਥੇਬੰਦਕ ਮੁਹਾਰਤ ਨੂੰ ਦੇਖਦਿਆਂ ਸ਼ਿਵ ਕੁਮਾਰ ਨੂੰ ਮੁੱਖ ਮੰਤਰੀ ਬਣਾਉਣ ਦੀ ਵਕਾਲਤ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਧਾਰਮਈਆ ਮੁੱਖ ਮੰਤਰੀ ਤੇ ਆਪੋਜ਼ੀਸ਼ਨ ਦੇ ਆਗੂ ਰਹਿ ਚੁੱਕੇ ਹਨ ਤੇ ਉਨ੍ਹਾ ਦੀ ਉਮਰ ਵੀ ਜ਼ਿਆਦਾ ਹੈ। ਸੂਤਰਾਂ ਮੁਤਾਬਕ ਲੋਕਾਂ ਦੀ ਰਾਇ ਸ਼ਿਵ ਕੁਮਾਰ ਦੇ ਹੱਕ ’ਚ ਹੈ, ਪਰ ਵਿਧਾਇਕ ਸਿੱਧਾਰਮਈਆ ਨਾਲ ਜ਼ਿਆਦਾ ਹਨ।
ਕੁਝ ਸੂਤਰਾਂ ਨੇ ਇਹ ਵੀ ਦੱਸਿਆ ਕਿ ਸਿੱਧਾਰਮਈਆ ਨੇ ਸੁਝਾਅ ਦਿੱਤਾ ਹੈ ਕਿ ਉਹ ਸ਼ਿਵ ਕੁਮਾਰ ਨਾਲ ਮੁੱਖ ਮੰਤਰੀ ਦਾ ਅਹੁਦਾ ਸਾਂਝਾ ਕਰਨ ਲਈ ਤਿਆਰ ਹਨ, ਪਰ ਪਹਿਲਾ ਕਾਰਜਕਾਲ ਉਹ ਚਾਹੁੰਦੇ ਹਨ। ਇਸ ਕਾਰਨ ਲੀਡਰਸ਼ਿਪ ਦੁਚਿੱਤੀ ’ਚ ਫਸੀ ਹੋਈ ਹੈ। ਸਿੱਧਾਰਮਈਆ ਦੇ ਪਹਿਲੇ ਕਾਰਜਕਾਲ ਲਈ ਮੁੱਖ ਮੰਤਰੀ ਬਣਨ ਦੀ ਸੰਭਾਵਨਾ ਕਾਫੀ ਹੈ। ਪਾਰਟੀ ਸੂਤਰਾਂ ਨੇ ਦੱਸਿਆ ਕਿ ਸ਼ਿਵਕੁਮਾਰ ਵੀ ਇਸ ਵਿਵਸਥਾ ਲਈ ਸਹਿਮਤ ਹੋਣਗੇ, ਪਰ ਉਨ੍ਹਾ ਪਾਰਟੀ ਹਾਈ ਕਮਾਂਡ ਨੂੰ ਸਪੱਸ਼ਟ ਤੌਰ ’ਤੇ ਸੂਚਿਤ ਕਰ ਦਿੱਤਾ ਹੈ ਕਿ ਉਨ੍ਹਾ ਨੂੰ ਗ੍ਰਹਿ ਵਿਭਾਗ ਦੇ ਨਾਲ ਇਕੱਲਾ ਉਪ ਮੁੱਖ ਮੰਤਰੀ ਬਣਾਇਆ ਜਾਣਾ ਚਾਹੀਦਾ ਹੈ।
ਬੈਂਗਲੁਰੂ ਵਿਚ ਕਾਂਗਰਸ ਦੇ ਤਿੰਨ ਅਬਜ਼ਰਵਰ ਵਿਧਾਇਕਾਂ ਨਾਲ ਗੱਲਬਾਤ ਕਰਕੇ ਦਿੱਲੀ ਆ ਗਏ ਸਨ। ਕਾਂਗਰਸ ਆਗੂ ਰਣਦੀਪ ਸੂਰਜੇਵਾਲਾ ਮੁਤਾਬਕ ਅਬਜ਼ਰਵਰ ਨੇ ਰਾਤ ਆਪਣੀ ਰਿਪੋਰਟ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਦੇਣੀ ਸੀ। ਇਸੇ ਦੌਰਾਨ ਸਿੱਧਾਰਮਈਆ ਸੋਨੀਆ ਤੇ ਰਾਹੁਲ ਨੂੰ ਮਿਲਣ ਲਈ ਦਿੱਲੀ ਪੁੱਜ ਗਏ ਸਨ।