ਜਲੰਧਰ : ਜਮਹੂਰੀ ਹੱਕਾਂ ਦੀ ਜੱਦੋ-ਜਹਿਦ ਅਤੇ ਦਿੱਲੀ ਕਿਸਾਨ ਸੰਘਰਸ਼ ਮੌਕੇ ਵਿਸ਼ੇਸ਼ ਕਰਕੇ ਬੁੱਧੀਜੀਵੀਆਂ, ਵਿਗਿਆਨਕ, ਲੋਕ-ਪੱਖੀ ਲਹਿਰ ਅੰਦਰ ਮਾਣਮੱਤੀ ਭੂਮਿਕਾ ਅਦਾ ਕਰਨ ਵਾਲੀ ਵਿਦਵਾਨ ਲੇਖਕ ਅਤੇ ਸਮਾਜਕ ਕਾਰਕੁਨ ਡਾ. ਨਵਸ਼ਰਨ ਨੂੰ ਮੋਦੀ ਹਕੂਮਤ ਦੇ ਇਸ਼ਾਰਿਆਂ ’ਤੇ ਮਾਨਸਕ ਤੌਰ ’ਤੇ ਤੰਗ-ਪ੍ਰੇਸ਼ਾਨ ਕਰਨ ਅਤੇ ਝੂਠੇ ਕੇਸਾਂ ’ਚ ਉਲਝਾਉਣ ਲਈ ਏਜੰਸੀਆਂ ਵੱਲੋਂ ਇੰਟਰੋਗੇਟ ਕਰਨ ਦੀ ਕਾਰਵਾਈ ਦੀ ਦੇਸ਼ ਭਗਤ ਯਾਦਗਾਰ ਕਮੇਟੀ ਨੇ ਤਿੱਖੀ ਆਲੋਚਨਾ ਕੀਤੀ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਗ਼ਦਰੀ ਬਾਬਿਆਂ ਦੇ ਮੇਲੇ ਦੀ ਮੁੱਖ ਵਕਤਾ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਮੈਂਬਰ ਅਤੇ ਸ਼੍ਰੋਮਣੀ ਨਾਟਕਕਾਰ ਗੁਰਸ਼ਰਨ ਸਿੰਘ ਦੀ ਧੀ ਡਾ. ਨਵਸ਼ਰਨ ਸਿੰਘ ਨੂੰ ਮਨਘੜਤ ਕੇਸਾਂ ਵਿੱਚ ਉਲਝਾਉਣ ਲਈ ਰੱਸੇ ਪੈੜੇ ਵੱਟਣਾ, ਵਿਅਕਤੀਗਤ ਜਾਂ ਇੱਕਾ-ਦੁੱਕਾ ਮਾਮਲਾ ਨਹੀਂ, ਇਹ ਤਾਂ ਕੇਂਦਰ ਸਰਕਾਰ ਵੱਲੋਂ ਲੋਕਾਂ ਦੇ ਪੱਖ ’ਚ ਖੜ੍ਹੇ ਹੋਣ ਵਾਲਿਆਂ ਨੂੰ ਚਿਤਾਵਨੀ ਦੇਣਾ ਹੈ ਕਿ ਜੇਕਰ ਕੋਈ ਵੀ ਬੁੱਧੀਮਾਨ ਲੇਖਕ, ਸਾਹਿਤਕਾਰ, ਜਮਹੂਰੀ ਕਾਮਾ ਸਮਾਜਕ ਸਰੋਕਾਰਾਂ ਦੇ ਫ਼ਿਕਰਾਂ ਦੀ ਬਾਂਹ ਫੜਨ ਦੀ ਜੁਰਅਤ ਕਰੇਗਾ ਤਾਂ ਉਹਨੂੰ ਇਸ ਤਰ੍ਹਾਂ ਪ੍ਰੇਸ਼ਾਨ ਕਰਨ ਅਤੇ ਸੀਖ਼ਾਂ ਪਿੱਛੇ ਡੱਕਣ ਦੇ ਧੱਕੜ ਕਦਮ ਚੁੱਕੇ ਜਾਣਗੇ।
ਇਹ ਅਣਕਹੇ ਹੀ ਬੁੱਧੀਜੀਵੀਆਂ ਦੀ ਜ਼ੁਬਾਨਬੰਦੀ ਦਾ ਮਾਹੌਲ ਸਿਰਜਣਾ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਮੂਹ ਇਨਸਾਫ਼ਪਸੰਦ, ਜਮਹੂਰੀ, ਲੋਕ-ਹਿਤੈਸ਼ੀ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਅਪੀਲ ਕੀਤੀ ਹੈ ਕਿ ਜ਼ੋਰਦਾਰ ਆਵਾਜ਼ ਬੁਲੰਦ ਕਰਕੇ ਭਾਜਪਾ ਦੀ ਕੇਂਦਰੀ ਹਕੂਮਤ ਨੂੰ ਸੁਣਾਉਣੀ ਕਰਨੀ ਚਾਹੀਦੀ ਹੈ ਕਿ ਉਹ ਡਾ. ਨਵਸ਼ਰਨ ਨੂੰ ਝੂਠੇ ਕੇਸਾਂ ’ਚ ਫਸਾਉਣ ਤੋਂ ਆਪਣੇ ਹੱਥ ਪਿੱਛੇ ਕਰੇ। ਕਮੇਟੀ ਦਾ ਵਿਚਾਰ ਹੈ ਕਿ ’ਕੱਲੇ ’ਕੱਲੇ ਮਾਰ ਖਾਣ ਦੀ ਬਜਾਏ ਸਭਨਾਂ ਲੋਕ ਹਿਤੈਸ਼ੀ ਸੰਸਥਾਵਾਂ ਨੂੰ ਅਜੇਹੇ ਧੱਕੜ ਕਦਮਾਂ ਖਿਲਾਫ਼ ਆਵਾਜ਼ ਬੁਲੰਦ ਕਰਨ ਦੀ ਲੋੜ ਹੈ।