ਚੰਡੀਗੜ੍ਹ (ਗੁਰਜੀਤ ਬਿੱਲਾ)
ਲੋਕ ਸੰਪਰਕ ਅਤੇ ਬਾਗਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਗਰਮੀਆਂ ਦੇ ਮੌਸਮ ਵਿੱਚ ਦਫਤਰਾਂ ਦਾ ਸਮਾਂ ਬਦਲਣ ਦੇ ਫੈਸਲੇ ਦੀ ਸਲਾਘਾ ਕੀਤੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ 2 ਮਈ ਤੋਂ ਦਫਤਰਾਂ ਦਾ ਸਮਾਂ ਬਦਲ ਕੇ ਸਵੇਰੇ 7:30 ਵਜੇ ਤੋਂ ਦੁਪਹਿਰ 2:00 ਵਜੇ ਤੱਕ ਕਰ ਦਿੱਤਾ ਹੈ ਜੋ 15 ਜੁਲਾਈ ਤੱਕ ਲਾਗੂ ਰਹੇਗਾ। ਜੌੜਾਮਾਜਰਾ ਨੇ ਸਰਕਾਰ ਦੇ ਇਸ ਭਵਿੱਖਮੁਖੀ ਕਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਦੋਂ ਤੋਂ ਪੰਜਾਬ ਵਿੱਚ ਦਫਤਰਾਂ ਦਾ ਸਮਾਂ ਬਦਲਿਆ ਗਿਆ ਹੈ, ਉਦੋਂ ਤੋਂ ਆਮ ਲੋਕਾਂ ਦੇ ਨਾਲ-ਨਾਲ ਮੁਲਾਜਮ ਵੀ ਖੁਸ਼ ਹਨ। ਉਨ੍ਹਾ ਕਿਹਾ ਕਿ ਪੰਜਾਬੀ ਲੋਕ ਪੁਰਾਣੇ ਸਮਿਆਂ ਤੋਂ ਹੀ ਸਵੇਰੇ ਜਲਦੀ ਉੱਠਦੇ ਰਹੇ ਹਨ ਅਤੇ ਸਰਕਾਰ ਦਾ ਇਹ ਕਦਮ ਉਨ੍ਹਾਂ ਨੂੰ ਫਿਰ ਤੋਂ ਇਹ ਚੰਗੀਆਂ ਆਦਤਾਂ ਪਾਉਣ ਵਿੱਚ ਸਹਾਈ ਸਿੱਧ ਹੋਵੇਗਾ। ਇਸ ਕਦਮ ਦੇ ਫਾਇਦਿਆਂ ਬਾਰੇ ਬੋਲਦਿਆਂ ਜੌੜਾਮਾਜਰਾ ਨੇ ਕਿਹਾ ਕਿ ਦਫਤਰੀ ਸਮੇਂ ’ਚ ਇਹ ਤਬਦੀਲੀ ਇੱਕ ਵਿਗਿਆਨਕ ਅਤੇ ਵਾਤਾਵਰਣ ਅਨੁਕੂਲ ਫੈਸਲਾ ਹੈ ਜਿਸ ਨਾਲ ਜ਼ਿਆਦਾਤਰ ਕੰਮ ਦਿਨ ਵੇਲੇ ਹੀ ਨੇਪਰੇ ਚੜ੍ਹਨ ਨਾਲ ਬਿਜਲੀ ਦੀ ਕਾਫੀ ਬੱਚਤ ਹੋਵੇਗੀ। ਜ਼ਿਆਦਾਤਰ ਵਿਕਸਿਤ ਦੇਸ਼ਾਂ ’ਚ ਇਹੀ ਰੁਝਾਨ ਅਪਣਾਇਆ ਜਾਂਦਾ ਹੈ ਕਿਉਂਕਿ ਗਰਮੀਆਂ ਦੇ ਮੌਸਮ ਵਿੱਚ ਦਿਨ ਜਲਦੀ ਸ਼ੁਰੂ ਹੁੰਦਾ ਹੈ। ਜੌੜਾਮਾਜਰਾ ਨੇ ਕਿਹਾ ਕਿ ਚੰਡੀਗੜ੍ਹ ਦੇ ਲੋਕਾਂ ਨੂੰ ਵੀ ਇਸ ਦਾ ਫਾਇਦਾ ਹੋਇਆ ਹੈ ਕਿਉਂਕਿ ਪੰਜਾਬ ਸਰਕਾਰ ਦੇ ਦਫਤਰਾਂ ਦਾ ਸਮਾਂ ਯੂਟੀ ਜਾਂ ਕੇਂਦਰ ਦੇ ਦਫਤਰਾਂ ਦੇ ਸਮੇਂ ਤੋਂ ਵੱਖੋ-ਵੱਖਰਾ ਹੋਣ ਕਰਕੇ ਸਵੇਰੇ 9 ਜਾਂ ਸਾਮ 5 ਵਜੇ ਦੇ ਸਮੇਂ ਦੌਰਾਨ ਟਰੈਫਿਕ ਬਹੁਤ ਘੱਟ ਗਿਆ ਹੈ ਜਿਸ ਨਾਲ ਵਾਹਨਾਂ ਦੀ ਆਵਾਜਾਈ ਸੁਖਾਲੀ ਹੋ ਗਈ ਹੈ।