37.6 C
Jalandhar
Friday, March 29, 2024
spot_img

ਕਾਬੁਲ ਦੇ ਗੁਰਦੁਆਰੇ ‘ਚ ਅੱਤਵਾਦੀ ਹਮਲਾ, 2 ਮੌਤਾਂ

ਕਾਬੁਲ : ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਗੁਰਦੁਆਰੇ ‘ਕਰਤੇ ਪ੍ਰਵਾਨ’ ‘ਚ ਸ਼ਨੀਵਾਰ ਸਵੇਰੇ ਆਈ ਐੱਸ ਆਈ ਐੱਸ (ਖੁਰਾਸਾਨ) ਨਾਲ ਸੰਬੰਧਤ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕਰ ਦਿੱਤਾ, ਜਿਸ ‘ਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ 5 ਤੋਂ ਜ਼ਿਆਦਾ ਜ਼ਖ਼ਮੀ ਹਨ | ਹਮਲੇ ‘ਚ 60 ਸਾਲਾ ਸਵਿੰਦਰ ਸਿੰਘ ਅਤੇ ਇੱਕ ਸੁਰੱਖਿਆ ਮੁਲਾਜ਼ਮ ਦੀ ਮੌਤ ਹੋ ਗਈ ਅਤੇ ਤਾਲਿਬਾਨ ਦੇ ਦਿੰਨ ਲੜਾਕੇ ਜ਼ਖ਼ਮੀ ਹੋਏ | ਇਸ ਹਮਲੇ ਪਿੱਛੇ ਇਸਲਾਮਿਕ ਸਟੇਟ ਆਫ਼ ਖੁਰਾਸਨ ਦਾ ਹੱਥ ਹੋਣ ਦਾ ਖਦਸ਼ਾ ਹੈ | ਤਾਲਿਬਾਨ ਦੇ ਅੰਦੂਰਨੀ ਮੰਤਰਾਲੇ ਦੇ ਬੁਲਾਰੇ ਅਬਦੁਲ ਨਫੀ ਤਾਕੋਰ ਨੇ ਇਸ ਹਮਲੇ ਦੀ ਪੁਸ਼ਟੀ ਕੀਤੀ |
ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਇਸ ਮਾਮਲੇ ਬਾਰੇ ਕਿਹਾ ਕਿ ਅਸੀਂ ਗੁਰਦੁਆਰਾ ਕਰਤੇ-ਪ੍ਰਵਾਨ ‘ਤੇ ਕਾਇਰਾਨਾ ਹਮਲੇ ਦੀ ਸਖਤ ਨਿੰਦਾ ਕਰਦੇ ਹਾਂ | ਜਦੋਂ ਤੋਂ ਸਾਨੂੰ ਹਮਲੇ ਦੀ ਖਬਰ ਮਿਲੀ ਹੈ, ਅਸੀਂ ਘਟਨਾਕ੍ਰਮ ‘ਤੇ ਨਜ਼ਰ ਰੱਖ ਰਹੇ ਹਾਂ | ਸਿੱਖ ਕੌਮ ਦੀ ਸੁਰੱਖਿਆ ਸਾਡੀ ਪਹਿਲ ਹੈ | ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਅਬਦੁਲ ਨਫ਼ੀ ਨੇ ਕਿਹਾ ਕਿ ਗੁਰਦੁਆਰੇ ਦੇ ਬਾਹਰ ਕਈ ਧਮਾਕੇ ਹੋਏ, ਜਿਸ ਤੋਂ ਬਾਅਦ ਕਈ ਹਥਿਆਰਬੰਦ ਕੱਟੜਪੰਥੀ ਗੁਰਦੁਆਰੇ ਅੰਦਰ ਚਲੇ ਗਏ |
ਮੁੱਖ ਮੰਤਰੀ ਭਗਵੰਤ ਮਾਨ ਨੇ ਕਾਬੁਲ ਦੇ ਗੁਰਦੁਆਰੇ ‘ਤੇ ਹੋਏ ਹਮਲੇ ਦੀ ਨਿਖੇਧੀ ਕਰਦਿਆਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਾਬੁਲ ਵਿੱਚ ਰਹਿ ਰਹੇ ਘੱਟ ਗਿਣਤੀ ਵਰਗ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਫੌਰੀ ਮਦਦ ਕੀਤੀ ਜਾਵੇ | ਸ੍ਰੀ ਮਾਨ ਨੇ ਟਵੀਟ ਕੀਤਾ— ਗੁਰਦੁਆਰਾ ਕਰਤੇ ਪ੍ਰਵਾਨ ‘ਤੇ ਹਮਲੇ ਦੀ ਨਿੰਦਾ ਕੀਤੀ ਜਾਂਦੀ ਹੈ | ਖਬਰ ਮਿਲੀ ਹੈ ਕਿ ਹਮਲਾਵਰਾਂ ਨੇ ਸ਼ਰਧਾਲੂਆਂ ‘ਤੇ ਗੋਲੀਆਂ ਚਲਾਈਆਂ ਹਨ | ਮੈਂ ਹਰ ਵਿਅਕਤੀ ਦੀ ਸੁਰੱਖਿਆ ਲਈ ਅਰਦਾਸ ਕਰਦਾ ਹਾਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕਰਦਾ ਹਾਂ ਕਿ ਕਾਬੁਲ ‘ਚ ਰਹਿ ਰਹੇ ਘੱਟ ਗਿਣਤੀ ਵਰਗ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ | ਇਹ ਗੁਰਦੁਆਰਾ ਅਫਗਾਨਿਸਤਾਨ ‘ਚ ਬਚਿਆ ਆਖਰੀ ਗੁਰਦੁਆਰਾ ਹੈ | ਅਫਗਾਨਿਸਤਾਨ ‘ਚ ਸਿੱਖ ਭਾਈਚਾਰੇ ਦੇ ਲੋਕਾਂ ਨੇ ਹਾਲ ਹੀ ‘ਚ ਦੱਸਿਆ ਸੀ ਕਿ ਉਥੇ ਕੇਵਲ 140 ਸਿੱਖ ਰਹਿ ਗਏ ਹਨ, ਜਦਕਿ 1970 ਦੇ ਦਹਾਕੇ ‘ਚ ਉਥੇ ਲੱਗਭੱਗ ਇੱਕ ਲੱਖ ਸਿੱਖ ਰਿਹਾ ਕਰਦੇ ਸਨ | ਭਾਜਪਾ ‘ਚੋਂ ਮੁਅੱਤਲ ਨੇਤਾ ਨੂਪੁਰ ਦੀ ਪੈਗਬੰਰ ਮੁਹੰਮਦ ਖਿਲਾਫ਼ ਟਿੱਪਣੀ ਤੋਂ ਬਾਅਦ ਇਸ ਤਰ੍ਹਾਂ ਦੇ ਹਮਲੇ ਦੀ ਚੇਤਾਵਨੀ ਦਿੱਤੀ ਗਈ ਸੀ | ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨਾਲ ਜੁੜੇ ਇਸਲਾਮਿਕ ਖੁਰਾਸਾਨ ਪ੍ਰਾਂਤ ਦੇ ਮੀਡੀਆ ਵਿੰਗ ਨੇ ਇੱਕ ਵੀਡੀਓ ਜਾਰੀ ਕਰਕੇ ਧਮਕੀ ਦਿੱਤੀ ਸੀ | ਇਸ ‘ਚ ਕਿਹਾ ਗਿਆ ਸੀ ਕਿ 2020 ਦੇ ਗੁਰਦੁਆਰਾ ਹਮਲੇ ਨੂੰ ਦੁਹਰਾਇਆ ਜਾਵੇਗਾ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਬੁਲ ਦੇ ਗੁਰਦੁਆਰੇ ਕਰਤੇ ਪ੍ਰਵਾਨ ‘ਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ | ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਅਫਗਾਨਿਸਤਾਨ ਦੀ ਧਰਤੀ ‘ਤੇ ਘੱਟ ਗਿਣਤੀ ਵਰਗ, ਖਾਸਕਰ ਸਿੱਖਾਂ ਨਾਲ ਵੱਡੇ ਪੱਧਰ ‘ਤੇ ਵਿਤਕਰਾ ਹੋ ਰਿਹਾ ਹੈ | ਉਨ੍ਹਾ ਕਿਹਾ ਕਿ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਸਿੱਖਾਂ ਨੂੰ ਅਫਗਾਨਿਸਤਾਨ ਤੋਂ ਵਾਪਸ ਲਿਆਉਣ ਲਈ ਈ-ਵੀਜ਼ਾ ਜਾਰੀ ਕਰਨ ਅਤੇ ਉਨ੍ਹਾਂ ਦੇ ਮੁੜ ਵਸੇਬੇ ਲਈ ਕਈ ਵਾਰ ਬੇਨਤੀਆਂ ਕੀਤੀਆ ਜਾ ਚੁੱਕੀਆਂ ਹਨ, ਪਰ ਸੁਣਵਾਈ ਨਹੀਂ ਹੋ ਰਹੀ |

Related Articles

LEAVE A REPLY

Please enter your comment!
Please enter your name here

Latest Articles