ਨਵੀਂ ਦਿੱਲੀ : ਯੌਨ ਸ਼ੋਸ਼ਣ ਦੇ ਮਾਮਲੇ ਵਿਚ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਤੇ ਭਾਜਪਾ ਸਾਂਸਦ ਬਿ੍ਜ ਭੂਸ਼ਣ ਸ਼ਰਣ ਦੀ ਗਿ੍ਫਤਾਰੀ ਲਈ ਜੰਤਰ-ਮੰਤਰ ਵਿਚ ਧਰਨਾ ਦੇ ਰਹੇ ਭਲਵਾਨਾਂ ਦੇ ਸਮਰਥਨ ‘ਚ ਐਤਵਾਰ ਹੋਣ ਵਾਲੀ ਕਿਸਾਨਾਂ ਦੀ ਮੀਟਿੰਗ ਦੇ ਮੱਦੇਨਜਰ ਦਿੱਲੀ ਪੁਲਸ ਨੇ ਜੰਤਰ-ਮੰਤਰ ਦੀ ਪ੍ਰਦਰਸ਼ਨ ਵਾਲੀ ਥਾਂ ਅਤੇ ਰਾਜਧਾਨੀ ਦੀਆਂ ਸਰਹੱਦਾਂ ‘ਤੇ ਬੰਦੋਬਸਤ ਵਧਾ ਦਿੱਤੇ ਹਨ | ਦਿੱਲੀ ‘ਚ ਦਾਖਲ ਹੋਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾਵੇਗੀ ਅਤੇ ਸਰਹੱਦੀ ਇਲਾਕਿਆਂ ‘ਚ ਨਾਕੇ ਲਾਏ ਜਾਣਗੇ | ਪ੍ਰਦਰਸ਼ਨਕਾਰੀ ਭਲਵਾਨਾਂ ਨੂੰ ਸਲਾਹ ਦੇਣ ਵਾਲੀ 31 ਮੈਂਬਰੀ ਕਮੇਟੀ ਨੇ 7 ਮਈ ਨੂੰ ਕਿਹਾ ਸੀ ਕਿ ਜੇ ਬਿ੍ਜ ਭੂਸ਼ਣ ਨੂੰ 21 ਮਈ ਤੱਕ ਗਿ੍ਫਤਾਰ ਨਾ ਕੀਤਾ ਗਿਆ ਤਾਂ ਉਹ ‘ਅਹਿਮ ਫੈਸਲਾ’ ਲਵੇਗੀ | ਇਸੇ ਦੌਰਾਨ ਸ਼ੁੱਕਰਵਾਰ ਕਾਂਗਰਸ ਦੇ ਨੇਤਾ ਸਚਿਨ ਪਾਇਲਟ ਪ੍ਰਦਰਸ਼ਨਕਾਰੀ ਭਲਵਾਨਾਂ ਕੋਲ ਪੁੱਜੇ ਤੇ ਉਨ੍ਹਾਂ ਨਾਲ ਇਕਮੁੱਠਤਾ ਜ਼ਾਹਰ ਕੀਤੀ | ਉਨ੍ਹਾ ਤੋਂ ਇਲਾਵਾ ਕਈ ਮਹਿਲਾ ਜਥੇਬੰਦੀਆਂ ਨੇ ਵੀ ਭਲਵਾਨਾਂ ਦੇ ਹੱਕ ‘ਚ ਪ੍ਰਦਰਸ਼ਨ ਕੀਤਾ |