ਜਲੰਧਰ : 24 ਮਈ 1896 ਨੂੰ ਪਿੰਡ ਸਰਾਭਾ (ਲੁਧਿਆਣਾ) ਵਿਖੇ ਜਨਮੇ ਗਦਰ ਪਾਰਟੀ ਦੇ ਬਾਲ ਜਰਨੈਲ ਕਰਤਾਰ ਸਿੰਘ ਸਰਾਭਾ ਨੂੰ 16 ਨਵੰਬਰ 1915 ਨੂੰ ਲਾਹੌਰ ਕੇਂਦਰੀ ਜੇਲ੍ਹ ’ਚ ਫਾਂਸੀ ਲਗਾ ਦਿੱਤਾ ਗਿਆ ਸੀ।
ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ 24 ਮਈ ਸਵੇਰੇ 10:30 ਵਜੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕਰਤਾਰ ਸਿੰਘ ਸਰਾਭਾ ਦੇ 127ਵੇਂ ਜਨਮ ਦਿਹਾੜੇ ਮੌਕੇ ਵਿਚਾਰ ਚਰਚਾ ਕੀਤੀ ਜਾਏਗੀ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਕੌਮਾਂਤਰੀ ਪੱਧਰ ’ਤੇ ਜਾਣੀਆਂ-ਪਹਿਚਾਣੀਆਂ ਭਲਵਾਨ ਖਿਡਾਰਨਾਂ ਦੀ ਜੰਤਰ ਮੰਤਰ ਦਿੱਲੀ ਤੋਂ ਉੱਠੀ ਆਵਾਜ਼ ਸੰਗ ਆਵਾਜ਼ ਮਿਲਾਉਂਦੇ ਹੋਏ ਅਤੇ ਡਾ. ਨਵਸ਼ਰਨ ਨੂੰ ਮੋਦੀ ਹਕੂਮਤ ਦੀਆਂ ਏਜੰਸੀਆਂ ਵੱਲੋਂ ਖੱਜਲ-ਖੁਆਰ ਕੀਤੇ ਜਾਣ ਵਰਗੇ ਸੁਆਲਾਂ ਉਪਰ ਵੀ ਗੰਭੀਰਤਾ-ਪੂਰਵਕ ਚਰਚਾ ਕੀਤੀ ਜਾਏਗੀ। ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਮੂਹ ਲੋਕ-ਪੱਖੀ ਸੰਸਥਾਵਾਂ, ਵਿਅਕਤੀਆਂ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਜਨਮ ਦਿਵਸ ਸਮਾਗਮ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।