ਨਵੀਂ ਦਿੱਲੀ : ਜੰਤਰ ਮੰਤਰ ’ਤੇ ਐਤਵਾਰ ਭਲਵਾਨਾਂ ਦਾ ਪੁਲਸ ਨਾਲ ਤਕਰਾਰ ਹੋ ਗਿਆ। ਪੁਲਸ ਨੇ ਕੌਮਾਂਤਰੀ ਭਲਵਾਨ ਬਜਰੰਗ ਪੂਨੀਆ, ਵਿਨੇਸ਼ ਫੋਗਾਟ, ਸੰਗੀਤਾ ਫੋਗਾਟ ਤੇ ਸਾਕਸ਼ੀ ਮਲਿਕ ਨੂੰ ਹਿਰਾਸਤ ਵਿਚ ਲੈ ਲਿਆ ਤੇ ਭਲਵਾਨਾਂ ਦੇ ਟੈਂਟ ਪੁੱਟ ਦਿੱਤੇ।
ਭਲਵਾਨਾਂ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬਿ੍ਰਜ ਭੂਸ਼ਣ ਸ਼ਰਣ ਸਿੰਘ ਦੀ ਗਿ੍ਰਫਤਾਰੀ ਦੀ ਮੰਗ ’ਤੇ ਜ਼ੋਰ ਪਾਉਣ ਲਈ ਜੰਤਰ ਮੰਤਰ ਤੋਂ ਸੰਸਦ ਭਵਨ ਵੱਲ ਮਾਰਚ ਕਰਨਾ ਸੀ। ਭਲਵਾਨਾਂ ਨੇ ਕਿਹਾ ਕਿ ਉਹ ਸ਼ਾਂਤੀਪੂਰਵਕ ਮਾਰਚ ਕੱਢਣਾ ਚਾਹੁੰਦੇ ਸਨ, ਪਰ ਪੁਲਸ ਨੇ ਉਨ੍ਹਾਂ ਦੀ ਇਕ ਨਾ ਸੁਣੀ। ਇਸ ਤੋਂ ਪਹਿਲਾਂ ਭਲਵਾਨਾਂ ਨੇ ਸੰਸਦ ਭਵਨ ਵੱਲ ਮਾਰਚ ਕੱਢਣ ਦੀ ਕੋਸ਼ਿਸ਼ ਕਰਦਿਆਂ ਪੁਲਸ ਦੀ ਬੈਰੀਕੇਡਿੰਗ ਤੋੜ ਦਿੱਤੀ।
ਮਹਿਲਾ ਭਲਵਾਨਾਂ ਦੇ ਸ਼ੋਸ਼ਣ ਦੇ ਖਿਲਾਫ ਪੰਜਾਬ, ਹਰਿਆਣਾ ਤੇ ਪੱਛਮੀ ਯੂ ਪੀ ਤੋਂ ਵੱਡੀ ਗਿਣਤੀ ’ਚ ਕਿਸਾਨ ਧਰਨਾ ਸਥਾਨ ’ਤੇ ਪੁੱਜੇ। ਕਿਸਾਨਾਂ ਨੂੰ ਦਿੱਲੀ ਆਉਣ ਤੋਂ ਰੋਕਣ ਲਈ ਗਾਜ਼ੀਪੁਰ ਸਰਹੱਦ ’ਤੇ ਵੱਡੀ ਗਿਣਤੀ ਪੁਲਸ ਤੇ ਰੈਪਿਡ ਐਕਸ਼ਨ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਸਨ। ਹਰਿਆਣਾ ਪੁਲਸ ਨੇ ਵੀ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਵੱਡੇ ਪੱਧਰ ’ਤੇ ਬੈਰੀਕੇਡਿੰਗ ਕੀਤੀ ਅਤੇ ਕਿਸਾਨ ਤੇ ਖਾਪ ਆਗੂਆਂ ਹਰਦੀਪ ਅਹਿਲਾਵਤ ਤੇ ਮਹਿੰਦਰ ਨੰਦਾਲ ਨੂੰ ਹਿਰਾਸਤ ਵਿਚ ਲੈ ਲਿਆ। ਦਿੱਲੀ ਮੈਟਰੋ ਪੁਲਸ ਦੀਆਂ ਹਦਾਇਤਾਂ ਤੋਂ ਬਾਅਦ ਕੇਂਦਰੀ ਸਕੱਤਰੇਤ ਅਤੇ ਉਦਯੋਗ ਭਵਨ ਮੈਟਰੋ ਸਟੇਸ਼ਨਾਂ ਦੇ ਸਾਰੇ ਪ੍ਰਵੇਸ਼ ਅਤੇ ਨਿਕਾਸੀ ਗੇਟਾਂ ਨੂੰ ਯਾਤਰੀਆਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ।
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਕਈ ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਯੂਨੀਵਰਸਿਟੀ ਅਧਿਕਾਰੀਆਂ ਨੇ ਕੈਂਪਸ ’ਚ ਸੁਰੱਖਿਆ ਵਧਾ ਕੇ ਉਨ੍ਹਾਂ ਨੂੰ ‘ਮਹਿਲਾ ਮਹਾਂ ਪੰਚਾਇਤ’ ’ਚ ਹਿੱਸਾ ਲੈਣ ਤੋਂ ਰੋਕਿਆ। ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਈਸਾ) ਨੇ ਦਾਅਵਾ ਕੀਤਾ ਕਿ ਕੈਂਪਸ ’ਚ ਧਾਰਾ 144 ਲਾਗੂ ਕਰ ਦਿੱਤੀ ਗਈ।
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਨੂੰ ਦਿੱਲੀ ਪੁਲਸ ਨੇ ਗਾਜ਼ੀਪੁਰ ਸਰਹੱਦ ’ਤੇ ਰੋਕ ਦਿੱਤਾ।
ਕਿਸਾਨ ਯੂਨੀਅਨ ਏਕਤਾ ਆਜ਼ਾਦ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੇ ਕਾਫਲੇ ਨੂੰ ਖਨੌਰੀ ਪੰਜਾਬ-ਹਰਿਆਣਾ ਬਾਰਡਰ ’ਤੇ ਰੋਕ ਲਿਆ ਗਿਆ। ਦਿੱਲੀ ਵਿਚ ਔਰਤ ਸਨਮਾਨ ਮਹਾਂ ਪੰਚਾਇਤ ਦੇ ਸੱਦੇ ਨੂੰ ਸਫਲ ਬਣਾਉਣ ਲਈ ਪੰਜਾਬ ਤੋਂ ਕਿਸਾਨ ਜਥੇਬੰਦੀਆਂ ਦੇ ਵੱਡੇ ਕਾਫਲੇ ਦਿੱਲੀ ਜਾ ਰਹੇ ਸਨ। ਖਨੌਰੀ ਬਾਰਡਰ ’ਤੇ ਸਖਤ ਨਾਕਾਬੰਦੀ ਕਰਕੇ ਹਰਿਆਣਾ ਪੁਲਸ ਵਲੋਂ ਰੋਕਣ ’ਤੇ ਕਿਸਾਨਾਂ ਨੇ ਮੋਦੀ ਤੇ ਖੱਟਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਰੋਸ ਧਰਨਾ ਲਗਾ ਦਿੱਤਾ। ਉਨ੍ਹਾਂ ਕਿਹਾਸਰਕਾਰ ਦਾ ਬੇਟੀ ਬਚਾਓ, ਬੇਟੀ ਪੜ੍ਹਾਓ ਦਾ ਨਾਅਰਾ ਅੱਜ ਝੂਠਾ ਸਾਬਤ ਹੋ ਰਿਹਾ ਹੈ, ਕਿਉਂਕਿ ਦੇਸ਼ ਦਾ ਨਾਂਅ ਰੌਸ਼ਨ ਕਰਨ ਵਾਲੀਆਂ ਧੀਆਂ ਇਨਸਾਫ ਲਈ ਸੜਕਾਂ ’ਤੇ ਰੁਲ ਰਹੀਆਂ ਹਨ।
ਦਿੱਲੀ ਪੁਲਸ ਵਲੋਂ ਭਲਵਾਨਾਂ ਦੇ ਸੰਘਰਸ਼ ਤੇ ਉਨ੍ਹਾਂ ਨੂੰ ਹਿਰਾਸਤ ਵਿਚ ਲੈਣ ਤੋਂ ਬਾਅਦ ਸਿੰਘੂ ਬਾਰਡਰ ’ਤੇ ਆਰਜ਼ੀ ਜੇਲ੍ਹ ਬਣਾਉਣ ਦਾ ਐਲਾਨ ਕੀਤਾ ਗਿਆ, ਪਰ ਦਿੱਲੀ ਦੀ ਮੇਅਰ ਸ਼ੈਲੀ ਵਾਲੀਆ ਨੇ ਪੱਤਰ ਜਾਰੀ ਕਰ ਕੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਦਿੱਲੀ ਦੇ ਕੰਝਾਂਵਾਲਾ ਚੌਕ ਦੇ ਪ੍ਰਾਇਮਰੀ ਸਕੂਲ ਨੂੰ ਆਰਜ਼ੀ ਜੇਲ੍ਹ ਬਣਾਇਆ ਜਾ ਰਿਹਾ ਹੈ, ਪਰ ਅਜਿਹੀ ਕੋਈ ਵੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਕਾਂਗਰਸ ਦੀ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਨੇ ਕਿਹਾ ਕਿ ਭਾਜਪਾ ਸਰਕਾਰ ਦਾ ਹੰਕਾਰ ਏਨਾ ਵਧ ਗਿਆ ਹੈ ਕਿ ਉਹ ਮਹਿਲਾ ਖਿਡਾਰੀਆਂ ਦੀ ਆਵਾਜ਼ ਨੂੰ ਪੈਰਾਂ ਹੇਠ ਰੋਲ ਰਹੀ ਹੈ। ਉਨ੍ਹਾ ਟਵੀਟ ਕੀਤਾਖਿਡਾਰੀਆਂ ਦੀ ਛਾਤੀ ’ਤੇ ਲੱਗੇ ਮੈਡਲ ਸਾਡੇ ਦੇਸ਼ ਦਾ ਮਾਣ ਹਨ। ਇਨ੍ਹਾਂ ਮੈਡਲਾਂ ਤੇ ਖਿਡਾਰੀਆਂ ਦੀ ਸਖਤ ਮਿਹਨਤ ਨਾਲ ਦੇਸ਼ ਦਾ ਮਾਣ ਵਧਦਾ ਹੈ, ਪਰ ਭਾਜਪਾ ਸਰਕਾਰ ਦਾ ਹੰਕਾਰ ਏਨਾ ਵਧ ਗਿਆ ਹੈ ਕਿ ਸਰਕਾਰ ਸਾਡੀਆਂ ਮਹਿਲਾ ਖਿਡਾਰਨਾਂ ਦੀ ਆਵਾਜ਼ ਨੂੰ ਬੇਰਹਿਮੀ ਨਾਲ ਆਪਣੇ ਬੂਟਾਂ ਹੇਠ ਰੋਲ ਰਹੀ ਹੈ, ਜੋ ਸਰਾਸਰ ਗਲਤ ਹੈ। ਪੂਰਾ ਦੇਸ਼ ਸਰਕਾਰ ਦਾ ਹੰਕਾਰ ਅਤੇ ਇਸ ਬੇਇਨਸਾਫੀ ਨੂੰ ਦੇਖ ਰਿਹਾ ਹੈ। ਪਿ੍ਰਅੰਕਾ ਨੇ ਸਟਾਰ ਭਲਵਾਨ ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ ਨਾਲ ਜੰਤਰ-ਮੰਤਰ ’ਤੇ ਪੁਲਸ ਦੀਆਂ ਵਧੀਕੀਆਂ ਦੀਆਂ ਤਸਵੀਰਾਂ ਵੀ ਨੱਥੀ ਕੀਤੀਆਂ। ਰਾਹੁਲ ਗਾਂਧੀ ਨੇ ਟਵੀਟ ਕੀਤਾਰਾਜਾਭਿਸ਼ੇਕ ਪੂਰਾ ਹੋਇਆ, ਹੰਕਾਰੀ ਰਾਜਾ ਸੜਕਾਂ ’ਤੇ ਕੁਚਲ ਰਿਹਾ ਲੋਕਾਂ ਦੀ ਆਵਾਜ਼।