ਭਲਵਾਨਾਂ ਨੂੰ ਤਮਗੇ ਗੰਗਾ ’ਚ ਨਾ ਵਹਾਉਣ ਲਈ ਮਨਾਇਆ

0
220

ਨਵੀਂ ਦਿੱਲੀ : ਭਾਰਤੀ ਕੁਸ਼ਤੀ ਫੈੱਡਰੇਸ਼ਨ ਦੇ ਪ੍ਰਧਾਨ ਤੇ ਭਾਜਪਾ ਸਾਂਸਦ ਬਿ੍ਰਜ਼ ਭੂਸ਼ਣ ਸ਼ਰਣ ਸਿੰਘ ਦੇ ਖਿਲਾਫ ਕੇਂਦਰ ਸਰਕਾਰ ਵੱਲੋਂ ਠੋਸ ਕਾਰਵਾਈ ਨਾ ਕੀਤੇ ਜਾਣ ਤੋਂ ਨਿਰਾਸ਼ ਹੋ ਕੇ ਆਪਣੇ ਤਮਗੇ ਗੰਗਾ ਨਦੀ ’ਚ ਵਹਾਉਣ ਲਈ ਮੰਗਲਵਾਰ ਹਰਿਦੁਆਰ ਪੁੱਜੇ ਕੌਮਾਂਤਰੀ ਭਲਵਾਨਾਂ ਨੂੰ ਕਿਸਾਨ ਆਗੂ ਨਰੇਸ਼ ਟਿਕੈਤ ਨੇ ਐਨ ਮੌਕੇ ’ਤੇ ਏਨਾ ਸਖਤ ਕਦਮ ਨਾ ਚੁੱਕਣ ਲਈ ਮਨਾ ਲਿਆ। ਟਿਕੈਤ ਨੇ ਤਮਗਿਆਂ ਦੀ ਪੋਟਲੀ ਭਲਵਾਨਾਂ ਤੋਂ ਲੈ ਕੇ ਕਿਹਾ ਕਿ ਉਹ ਉਨ੍ਹਾ ਨੂੰ ਮਾਮਲਾ ਕਿਸੇ ਤਣ-ਪੱਤਣ ਲਾਉਣ ਲਈ ਪੰਜ ਦਿਨ ਦਾ ਸਮਾਂ ਦੇਣ। ਇਸ ਤੋਂ ਬਾਅਦ ਭਲਵਾਨ ਗੰਗਾ ਦੇ ਘਾਟ ਤੋਂ ਪਰਤ ਗਏ।
ਇਸ ਤੋਂ ਪਹਿਲਾਂ ਨਾਮੀ ਭਲਵਾਨ ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ ਨੇ ਸਵੇਰੇ ਕਿਹਾ ਸੀ ਕਿ ਉਹ ਸ਼ਾਮ 6 ਵਜੇ ਹਰਿਦੁਆਰ ’ਚ ਗੰਗਾ ’ਚ ਆਪਣੇ ਸਾਰੇ ਕੌਮਾਂਤਰੀ ਤੇ ਉਲੰਪਿਕ ਤਮਗਿਆਂ ਨੂੰ ਸੁੱਟ ਦੇਣਗੇ। ਬਜਰੰਗ ਪੂਨੀਆ ਨੇ ਟਵੀਟ ’ਚ ਕਿਹਾ ਕਿ ਤਮਗੇ ਉਨ੍ਹਾਂ ਦੀ ਜਾਨ ਤੇ ਆਤਮਾ ਹਨ ਤੇ ਇਨ੍ਹਾਂ ਤੋਂ ਬਗੈਰ ਜ਼ਿੰਦਗੀ ਕੁਝ ਵੀ ਨਹੀਂ। ਇਸ ਲਈ ਤਮਗੇ ਗੰਗਾ ’ਚ ਸੁੱਟਣ ਬਾਅਦ ਉਹ ਇੰਡੀਆ ਗੇਟ ’ਤੇ ਮਰਨ ਵਰਤ ’ਤੇ ਬੈਠਣਗੇ। ਦੇਸ਼ ਦੇ ਸ਼ਹੀਦਾਂ ਦੀ ਯਾਦਗਾਰ ’ਤੇ ਆਪਣੇ ਪ੍ਰਾਣ ਤਿਆਗ ਦੇਣਗੇ। ਉਸ ਨੇ ਕਿਹਾ ਅਪਵਿੱਤਰ ਤੰਤਰ ਆਪਣਾ ਕੰਮ ਕਰ ਰਿਹਾ ਹੈ ਤੇ ਉਹ ਆਪਣਾ। ਹੁਣ ਦੇਸ਼ ਦੀ ਜਨਤਾ ਨੇ ਫੈਸਲਾ ਕਰਨਾ ਹੈ ਕਿ ਉਸ ਨੇ ਧੀਆਂ ਨਾਲ ਖੜ੍ਹਨਾ ਹੈ ਜਾਂ ਸਫੈਦਪੋਸ਼ ਤੰਤਰ ਨਾਲ।
ਸਾਕਸ਼ੀ ਮਲਿਕ ਨੇ ਸੋਸ਼ਲ ਮੀਡੀਆ ਪੋਸਟ ’ਚ ਲਿਖਿਆ28 ਮਈ ਨੂੰ ਜੋ ਹੋਇਆ, ਤੁਸੀਂ ਸਭ ਨੇ ਦੇਖਿਆ। ਪੁਲਸ ਨੇ ਸਾਡੇ ਨਾਲ ਕੀ ਸਲੂਕ ਕੀਤਾ। ਸਾਨੂੰ ਕਿੰਨੀ ਬਰਬਰੀਅਤ ਨਾਲ ਗਿ੍ਰਫਤਾਰ ਕੀਤਾ। ਅਸੀਂ ਪੁਰਅਮਨ ਅੰਦੋਲਨ ਕਰ ਰਹੇ ਸੀ। ਸਾਡੇ ਅੰਦੋਲਨ ਦੀ ਥਾਂ ਨੂੰ ਵੀ ਪੁਲਸ ਨੇ ਤਹਿਸ-ਨਹਿਸ ਕਰਕੇ ਸਾਥੋਂ ਖੋਹ ਲਿਆ ਤੇ ਅਗਲੇ ਦਿਨ ਗੰਭੀਰ ਮਾਮਲਿਆਂ ’ਚ ਸਾਡੇ ਖਿਲਾਫ ਐੱਫ ਆਈ ਆਰ ਦਰਜ ਕਰ ਦਿੱਤੀ ਗਈ। ਕੀ ਮਹਿਲਾ ਭਲਵਾਨਾਂ ਨੇ ਯੌਨ ਸ਼ੋਸ਼ਣ ਲਈ ਇਨਸਾਫ ਮੰਗ ਕੇ ਕੋਈ ਅਪਰਾਧ ਕਰ ਦਿੱਤਾ ਹੈ। ਪੁਲਸ ਤੇ ਤੰਤਰ ਸਾਡੇ ਨਾਲ ਅਪਰਾਧੀਆਂ ਵਰਗਾ ਸਲੂਕ ਕਰ ਰਹੇ ਹਨ, ਜਦਕਿ ਸ਼ੋਸ਼ਣ ਕਰਨ ਵਾਲਾ ਖੁੱਲ੍ਹੀਆਂ ਸਭਾਵਾਂ ਵਿਚ ਸਾਡੇ ’ਤੇ ਫਬਤੀਆਂ ਕੱਸ ਰਿਹਾ ਹੈ। ਟੀ ਵੀ ’ਤੇ ਮਹਿਲਾ ਭਲਵਾਨਾਂ ਨੂੰ ਅਸਹਿਜ ਕਰ ਦੇਣ ਵਾਲੀਆਂ ਆਪਣੀਆਂ ਘਟਨਾਵਾਂ ਨੂੰ ਕਬੂਲ ਕਰਕੇ ਉਨ੍ਹਾਂ ਨੂੰ ਠਹਾਕਿਆਂ ਵਿਚ ਤਬਦੀਲ ਕਰ ਰਿਹਾ ਹੈ। ਇੱਥੋਂ ਤਕ ਕਿ ਪੋਸਕੋ ਐਕਟ ਨੂੰ ਬਦਲਵਾਉਣ ਦੀ ਗੱਲ ਸਰੇਆਮ ਕਰ ਰਿਹਾ ਹੈ। ਅਸੀਂ ਮਹਿਲਾ ਭਲਵਾਨ ਅੰਦਰੋਂ ਅਜਿਹਾ ਮਹਿਸੂਸ ਕਰ ਰਹੀਆਂ ਹਨ ਕਿ ਇਸ ਦੇਸ਼ ਵਿਚ ਸਾਡਾ ਕੁਝ ਬਚਿਆ ਨਹੀਂ। ਸਾਨੂੰ ਉਹ ਪਲ ਯਾਦ ਆ ਰਹੇ ਹਨ, ਜਦ ਅਸੀਂ ਉਲੰਪਿਕ, ਵਰਲਡ ਚੈਂਪੀਅਨਸ਼ਿਪ ਵਿਚ ਮੈਡਲ ਜਿੱਤੇ ਸਨ। ਹੁਣ ਲੱਗ ਰਿਹਾ ਹੈ ਕਿ ਕਿਉ ਜਿੱਤੇ ਸਨ। ਕੀ ਇਸ ਲਈ ਜਿੱਤੇ ਸਨ ਕਿ ਤੰਤਰ ਸਾਡੇ ਨਾਲ ਅਜਿਹਾ ਘਟੀਆ ਸਲੂਕ ਕਰੇ। ਸਾਨੂੰ ਘਸੀਟੇ ਤੇ ਫਿਰ ਸਾਨੂੰ ਹੀ ਅਪਰਾਧੀ ਬਣਾ ਦੇਵੇ। ਕੱਲ੍ਹ ਪੂਰਾ ਦਿਨ ਸਾਡੀਆਂ ਕਈ ਮਹਿਲਾ ਭਲਵਾਨ ਖੇਤਾਂ ਵਿਚ ਲੁਕਦੀਆਂ ਰਹੀਆਂ। ਤੰਤਰ ਨੂੰ ਫੜਨਾ ਅੱਤਿਆਚਾਰੀ ਨੂੰ ਚਾਹੀਦਾ ਸੀ, ਪਰ ਉਹ ਪੀੜਤ ਮਹਿਲਾਵਾਂ ਦਾ ਧਰਨਾ ਖਤਮ ਕਰਾਉਣ, ਉਨ੍ਹਾਂ ਨੂੰ ਤੋੜਨ ਤੇ ਡਰਾਉਣ ਵਿਚ ਲੱਗਿਆ ਹੋਇਆ ਹੈ। ਹੁਣ ਲੱਗ ਰਿਹਾ ਹੈ ਕਿ ਸਾਡੇ ਗਲੇ ਵਿਚ ਸਜੇ ਇਨ੍ਹਾਂ ਮੈਡਲਾਂ ਦਾ ਕੋਈ ਮਤਲਬ ਨਹੀਂ ਰਹਿ ਗਿਆ। ਇਨ੍ਹਾਂ ਨੂੰ ਪਰਤਾਉਣ ਦੀ ਸੋਚਣ ਨਾਲ ਸਾਨੂੰ ਮੌਤ ਲੱਗ ਰਹੀ ਸੀ, ਪਰ ਆਪਣੇ ਆਤਮ-ਸਨਮਾਨ ਨਾਲ ਸਮਝੌਤਾ ਕਰਕੇ ਵੀ ਕੀ ਜੀਊਣਾ। ਮੈਡਲ ਪਰਤਾਉਣ ’ਤੇ ਸਵਾਲ ਆਇਆ ਕਿ ਕਿਸੇ ਨੂੰ ਪਰਤਾਉਣ? ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਪਰਤਾਉਣ ਦਾ ਮਨ ਨਹੀਂ ਮੰਨਿਆ। ਰਾਸ਼ਟਰਪਤੀ ਕੁਝ ਨਹੀਂ ਬੋਲੇ। ਪ੍ਰਧਾਨ ਮੰਤਰੀ ਨੇ ਸਾਨੂੰ ਆਪਣੇ ਘਰ ਦੀਆਂ ਬੇਟੀਆਂ ਦੱਸਿਆ, ਪਰ ਇਕ ਵਾਰ ਵੀ ਸੁਧ ਨਹੀਂ ਲਈ। ਇਹ ਮੈਡਲ ਸਾਨੂੰ ਹੁਣ ਨਹੀਂ ਚਾਹੀਦੇ, ਕਿਉਂਕਿ ਇਨ੍ਹਾਂ ਨੂੰ ਪਹਿਨਾ ਕੇ ਸਾਨੂੰ ਮੁਖੌਟਾ ਬਣਾ ਕੇ ਤੰਤਰ ਸਿਰਫ ਆਪਣਾ ਪ੍ਰਚਾਰ ਤੇ ਫਿਰ ਸਾਡਾ ਸ਼ੋਸ਼ਣ ਕਰਦਾ ਹੈ। ਅਸੀਂ ਉਸ ਸ਼ੋਸ਼ਣ ਦੇ ਖਿਲਾਫ ਬੋਲੀਏ ਤਾਂ ਸਾਨੂੰ ਜੇਲ੍ਹ ਵਿਚ ਸੁੱਟਣ ਦੀ ਤਿਆਰੀ ਕਰ ਲੈਂਦਾ ਹੈ। ਇਹ ਮੈਡਲ ਸਾਰੇ ਦੇਸ਼ ਲਈ ਹੀ ਪਵਿੱਤਰ ਹਨ ਅਤੇ ਪਵਿੱਤਰ ਮੈਡਲ ਨੂੰ ਰੱਖਣ ਦੀ ਸਹੀ ਥਾਂ ਪਵਿੱਤਰ ਮਾਂ ਗੰਗਾ ਹੀ ਹੋ ਸਕਦੀ ਹੈ, ਨਾ ਕਿ ਸਾਨੂੰ ਮੁਖੌਟਾ ਬਣਾ ਕੇ ਫਾਇਦਾ ਲੈਣ ਦੇ ਬਾਅਦ ਸਾਡੇ ’ਤੇ ਅੱਤਿਆਚਾਰ ਕਰਨ ਵਾਲੇ ਨਾਲ ਖੜ੍ਹਾ ਹੋ ਜਾਣ ਵਾਲਾ ਸਾਡਾ ਅਪਵਿੱਤਰ ਤੰਤਰ। ਅਪਵਿੱਤਰ ਤੰਤਰ ਆਪਣਾ ਕੰਮ ਕਰ ਰਿਹਾ ਹੈ ਤੇ ਅਸੀਂ ਆਪਣਾ ਕੰਮ ਕਰ ਰਹੇ ਹਾਂ। ਹੁਣ ਲੋਕਾਂ ਨੇ ਸੋਚਣਾ ਹੈ ਕਿ ਉਹ ਆਪਣੀਆਂ ਧੀਆਂ ਨਾਲ ਖੜ੍ਹੇ ਹਨ ਜਾਂ ਇਨ੍ਹਾਂ ਧੀਆਂ ਦਾ ਸ਼ੋਸ਼ਣ ਕਰਨ ਵਾਲੇ ਉਸ ਤੇਜ਼ ਸਫੈਦੀ ਵਾਲੇ ਤੰਤਰ ਨਾਲ।
ਇਸ ਫੈਸਲੇ ਦੇ ਬਾਅਦ ਹਰਿਆਣਾ ਤੋਂ ਕਾਂਗਰਸ ਦੇ ਰਾਜ ਸਭਾ ਮੈਂਬਰ ਦੀਪਿੰਦਰ ਹੁੱਡਾ ਨੇ ਕਿਹਾਦੇਸ਼ ਦਾ ਗੌਰਵ ਵਧਾਉਣ ਵਾਲੇ ਖਿਡਾਰੀਆਂ ਨੂੰ ਮੇਰੀ ਅਪੀਲ ਹੈ ਕਿ ਉਹ ਆਪਣੇ ਮੈਡਲ ਗੰਗਾ ਵਿਚ ਨਾ ਵਹਾਉਣ। ਤੁਹਾਨੂੰ ਇਹ ਮੈਡਲ ਭਾਜਪਾ ਸਾਂਸਦ ਬਿ੍ਰਜ ਭੂਸ਼ਣ ਸ਼ਰਣ ਸਿੰਘ ਦੀ �ਿਪਾ ਨਾਲ ਨਹੀਂ ਮਿਲੇ ਹਨ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾਇਹ ਮੈਡਲ ਦੇਸ਼ ਤੇ ਤਿਰੰਗੇ ਦੀ ਸ਼ਾਨ ਹਨ। ਸਾਡੀ ਸਾਰੇ ਭਲਵਾਨਾਂ ਨੂੰ ਅਪੀਲ ਹੈ ਕਿ ਅਜਿਹਾ ਕਦਮ ਨਾ ਚੁੱਕੋ। ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਅਪੀਲ ਹੈ ਕਿ ਭਲਵਾਨਾਂ ਨਾਲ ਜਲਦ ਗੱਲਬਾਤ ਕਰਨ।

LEAVE A REPLY

Please enter your comment!
Please enter your name here