ਜੰਮੂ : ਪੁਣਛ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਦੇ ਨਾਲ ਲੱਗਦੀ ਸਰਹੱਦੀ ਵਾੜ ਦੇ ਨੇੜੇ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਤਿੰਨ ਵਿਅਕਤੀਆਂ ਨੂੰ ਗਿ੍ਫਤਾਰ ਕਰ ਲਿਆ ਗਿਆ | ਕਰਮਾਰਾ ਪਿੰਡ ‘ਚ ਬੁੱਧਵਾਰ ਤੜਕੇ ਹੋਈ ਗੋਲੀਬਾਰੀ ‘ਚ ਫੌਜ ਦਾ ਇਕ ਜਵਾਨ ਅਤੇ ਗਿ੍ਫਤਾਰ ਮੁਲਜ਼ਮਾਂ ‘ਚੋਂ ਇਕ ਜ਼ਖਮੀ ਹੋ ਗਿਆ | ਜਵਾਨਾਂ ਨੇ ਸ਼ੱਕੀ ਹਰਕਤ ਦਾ ਪਤਾ ਲੱਗਣ ‘ਤੇ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਗੋਲੀਬਾਰੀ ਸ਼ੁਰੂ ਹੋ ਗਈ | ਫੜੇ ਮੁਲਜ਼ਮਾਂ ਦੀ ਪਛਾਣ ਮੁਹੰਮਦ ਫਾਰੂਕ (26), ਮੁਹੰਮਦ ਰਿਆਜ਼ (23) ਅਤੇ ਮੁਹੰਮਦ ਜ਼ੁਬੈਰ (22) ਪਿੰਡ ਕਰਮਾਰਾ ਵਜੋਂ ਹੋਈ ਹੈ | ਮੁਹੰਮਦ ਫਾਰੂਕ ਦੇ ਪੈਰ ‘ਚ ਗੋਲੀ ਲੱਗੀ ਹੈ | ਫੜੇ ਵਿਅਕਤੀਆਂ ਕੋਲੋਂ ਇੱਕ ਏ ਕੇ ਰਾਈਫਲ, ਦੋ ਪਿਸਤੌਲ, ਛੇ ਗ੍ਰਨੇਡ, ਪ੍ਰੈਸ਼ਰ ਕੁਕਰ ਵਿੱਚ ਰੱਖੀ ਆਈ ਈ ਡੀ (ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ) ਅਤੇ ਹੈਰੋਇਨ ਦੇ 20 ਪੈਕਟ ਬਰਾਮਦ ਕੀਤੇ ਗਏ ਹਨ |





