32.1 C
Jalandhar
Friday, March 29, 2024
spot_img

ਚੰਨੀ ਦੇ ਭਤੀਜੇ ਜਸ਼ਨ ਨੇ 2 ਕਰੋੜ ਮੰਗੇ ਸਨ : ਮਾਨ

ਚੰਡੀਗੜ੍ਹ (ਗੁਰਜੀਤ ਬਿੱਲਾ)-ਨੌਕਰੀ ਬਦਲੇ ਪੈਸੇ ਮੰਗਣ ਲਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰਾਂ ਦਾ ਪਰਦਾ ਫਾਸ਼ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਕਿ੍ਕਟ ਖਿਡਾਰੀ ਜਸਇੰਦਰ ਸਿੰਘ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ, ਜਿਸ ਪਾਸੋਂ ਨੌਕਰੀ ਦੇਣ ਬਦਲੇ ਰਿਸ਼ਵਤ ਮੰਗੀ ਗਈ ਸੀ | ਇਸ ਦੌਰਾਨ ਮੁੱਖ ਮੰਤਰੀ ਨੇ ਮੀਡੀਆ ਸਾਹਮਣੇ ਇਸ ਕੇਸ ਨਾਲ ਜੁੜੇ ਤੱਥ ਵੀ ਪੇਸ਼ ਕੀਤੇ |
ਇੱਥੇ ਪੰਜਾਬ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਦੇ ਭਤੀਜੇ ਜਸ਼ਨ ਨੇ ਜਸਇੰਦਰ ਵੱਲੋਂ ਪੰਜਾਬ ਲੋਕ ਸੇਵਾ ਕਮਿਸ਼ਨ (ਪੀ ਪੀ ਐੱਸ ਸੀ) ਦਾ ਟੈਸਟ ਕਲੀਅਰ ਕਰਨ ਦੇ ਇਵਜ਼ ਵਿਚ ਨੌਕਰੀ ਦੇਣ ਲਈ ਉਸ ਪਾਸੋਂ 2 ਕਰੋੜ ਰੁਪਏ ਰਿਸ਼ਵਤ ਮੰਗੀ ਸੀ | ਉਨ੍ਹਾ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੇ ਕਾਰਜਕਾਲ ਦੌਰਾਨ ਸਰੇਆਮ ਨੌਕਰੀਆਂ ਵਿਕਦੀਆਂ ਸਨ, ਜਿਸ ਨਾਲ ਇਸ ਪ੍ਰਤਿਭਾਵਾਨ ਖਿਡਾਰੀ ਦਾ ਸ਼ਾਨਦਾਰ ਖੇਡ ਜੀਵਨ ਤਬਾਹ ਹੋ ਗਿਆ | ਭਗਵੰਤ ਮਾਨ ਨੇ ਕਿਹਾ ਕਿ ਜਸਇੰਦਰ ਤੇ ਉਨ੍ਹਾ ਦੇ ਪਿਤਾ ਨੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਮੌਜੂਦਗੀ ਵਿਚ ਇਕ ਸਮਾਗਮ ਦੌਰਾਨ ਸਾਬਕਾ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਸੀ | ਮੁੱਖ ਮੰਤਰੀ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਦੇ ਤਤਕਾਲੀ ਪ੍ਰਮੁੱਖ ਸਕੱਤਰ ਹੁਸਨ ਲਾਲ ਨੇ ਉਨ੍ਹਾ (ਸਾਬਕਾ ਮੁੱਖ ਮੰਤਰੀ) ਨੂੰ ਸਮੁੱਚੇ ਕੇਸ ਬਾਰੇ ਜਾਣੂੰ ਕਰਵਾਇਆ ਸੀ | ਉਨ੍ਹਾ ਕਿਹਾ ਕਿ ਚੰਨੀ ਨੇ ਇਹ ਕੇਸ ਪ੍ਰਵਾਨਗੀ ਲਈ ਮੰਤਰੀ ਮੰਡਲ ਦੀ ਮੀਟਿੰਗ ਵਿਚ ਲਿਆਉਣ ਲਈ ਸਹਿਮਤੀ ਦਿੱਤੀ ਸੀ, ਪਰ ਜਸਇੰਦਰ ਨੂੰ ਜਸ਼ਨ ਨੂੰ ਜਾ ਕੇ ਮਿਲਣ ਲਈ ਆਖਿਆ ਸੀ | ਭਗਵੰਤ ਮਾਨ ਨੇ ਕਿਹਾ ਕਿ ਜਦੋਂ ਜਸਇੰਦਰ ਤੇ ਉਸ ਦੇ ਪਿਤਾ ਚੰਨੀ ਦੇ ਭਤੀਜੇ ਨੂੰ ਮਿਲੇ ਤਾਂ ਉਸ ਨੇ ਨੌਕਰੀ ਲਈ 2 ਕਰੋੜ ਰੁਪਏ ਦੇਣ ਦੀ ਮੰਗ ਕੀਤੀ |
ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਉਨ੍ਹਾਂ ਪੈਸੇ ਦੇਣ ਤੋਂ ਅਸਮਰੱਥਾ ਪ੍ਰਗਟਾਈ ਤਾਂ ਨੌਕਰੀ ਨਹੀਂ ਦਿੱਤੀ ਗਈ | ਉਨ੍ਹਾ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੇ ਇਕ ਸਮਾਗਮ ਦੌਰਾਨ ਜਸਇੰਦਰ ਅਤੇ ਉਸ ਦੇ ਪਿਤਾ ਦੀ ਜਨਤਕ ਤੌਰ ‘ਤੇ ਝਾੜ-ਝੰਬ ਕੀਤੀ ਸੀ | ਭਗਵੰਤ ਮਾਨ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਦੇ ਇਸ ਰਵੱਈਏ ਕਾਰਨ ਜਸਇੰਦਰ ਨੂੰ ਨੌਕਰੀ ਨਹੀਂ ਮਿਲ ਸਕੀ | ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨਿਰਧਾਰਤ ਮਾਪਦੰਡਾਂ ਅਨੁਸਾਰ ਜਸਇੰਦਰ ਨੂੰ ਨੌਕਰੀ ਦੇਵੇਗੀ | ਉਨ੍ਹਾ ਇਹ ਵੀ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਅਜਿਹੇ ਗਲਤ ਕੰਮਾਂ ਰਾਹੀਂ ਸੂਬੇ ਦੀ ਜਵਾਨੀ ਨੂੰ ਬਰਬਾਦ ਕੀਤਾ ਹੈ, ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਮਾਨ ਨੇ ਕਿਹਾ ਕਿ ਜਿਹੜੇ ਵੀ ਵਿਅਕਤੀ ਨੇ ਸੂਬੇ ਅਤੇ ਇਸ ਦੀ ਜਵਾਨੀ ਵਿਰੁੱਧ ਘਿਨਾਉਣੀਆਂ ਹਰਕਤਾਂ ਕੀਤੀਆਂ, ਉਸ ਨੂੰ ਹਰਗਿਜ਼ ਬਖਸ਼ਿਆ ਨਹੀਂ ਜਾਵੇਗਾ |
ਸਾਬਕਾ ਮੁੱਖ ਮੰਤਰੀ ਵੱਲੋਂ ਸ੍ਰੀ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਇਸ ਕੇਸ ਦਾ ਕੋਈ ਇਲਮ ਨਾ ਹੋਣ ਬਾਰੇ ਕੀਤੇ ਖੇਖਣ ‘ਤੇ ਵਿਅੰਗ ਕਰਦਿਆਂ ਮੁੱਖ ਮੰਤਰੀ ਨੇ ਉਨ੍ਹਾ ਨੂੰ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਆਪਣੇ ਜ਼ਮੀਰ ਅੰਦਰ ਝਾਤੀ ਮਾਰਨ ਲਈ ਕਿਹਾ | ਉਨ੍ਹਾ ਕਿਹਾ ਕਿ ਬਿਨਾਂ ਸ਼ੱਕ ਸਾਬਕਾ ਮੁੱਖ ਮੰਤਰੀ ਦੇ ਪਰਵਾਰ ਦੇ ਮਾੜੇ ਕਾਰਨਾਮਿਆਂ ਕਾਰਨ ਪੂਰਾ ਪੰਜਾਬ ਅਤੇ ਖਾਸ ਕਰਕੇ ਖੇਡ ਖੇਤਰ ਨੂੰ ਸ਼ਰਮਸਾਰ ਹੋਣਾ ਪਿਆ | ਉਹਨਾ ਕਿਹਾ ਕਿ ਜਸਇੰਦਰ, ਜੋ ਕਿ ਰਣਜੀ ਟਰਾਫੀ ਦਾ ਸਾਬਕਾ ਖਿਡਾਰੀ ਹੈ ਅਤੇ ਕਈ ਨਾਮੀਂ ਟੂਰਨਾਮੈਂਟਾਂ ਵਿੱਚ ਖੇਡ ਚੁੱਕਾ ਹੈ, ਨੇ ਖੇਡ ਕੋਟੇ ਤਹਿਤ ਪੀ ਪੀ ਐੱਸ ਸੀ ਰਾਹੀਂ ਨੌਕਰੀ ਲਈ ਅਰਜ਼ੀ ਦਿੱਤੀ ਸੀ |
ਮੁੱਖ ਮੰਤਰੀ ਨੇ ਕਿਹਾ ਕਿ ਜਸਇੰਦਰ ਜਿਸ ਨੂੰ ਖੇਡ ਵਿਭਾਗ ਵੱਲੋਂ ਬੀ ਗਰੇਡਿੰਗ ਦਿੱਤੀ ਗਈ ਸੀ, ਨੇ ਖੇਡ ਵਰਗ ਦੇ ਕਟ ਆਫ ਦੇ ਮੁਕਾਬਲੇ 198.5 ਅੰਕ ਪ੍ਰਾਪਤ ਕੀਤੇ, ਜਦਕਿ ਖੇਡ ਕੈਟਾਗਰੀ ਦੇ 132.5 ਅੰਕ ਸਨ | ਉਨ੍ਹਾ ਕਿਹਾ ਕਿ ਜਸਇੰਦਰ ਨੂੰ ਜਨਰਲ ਕੈਟਾਗਰੀ ਵਿੱਚ ਵਿਚਾਰਿਆ ਗਿਆ ਸੀ, ਜਦੋਂਕਿ ਉਸ ਨੇ ਅਪਲਾਈ ਖੇਡ ਕੋਟੇ ਤਹਿਤ ਕੀਤਾ ਸੀ | ਭਗਵੰਤ ਮਾਨ ਨੇ ਕਿਹਾ ਕਿ ਨਿਰਾਸ਼ ਜਸਇੰਦਰ ਨੇ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਸੀ, ਜਿਨ੍ਹਾ ਦੇ ਓ ਐੱਸ ਡੀ ਸ੍ਰੀ ਐੱਮ ਪੀ ਸਿੰਘ ਨੇ ਉਨ੍ਹਾ ਨੂੰ ਸਾਰਾ ਕੇਸ ਪੜ੍ਹ ਕੇ ਸੁਣਾਇਆ ਸੀ |
ਮੁੱਖ ਮੰਤਰੀ ਨੇ ਕਿਹਾ ਕਿ ਕੈਪਟਨ ਨੇ ਸੰਬੰਧਤ ਅਧਿਕਾਰੀਆਂ ਨੂੰ ਮਾਮਲੇ ਦੀ ਘੋਖ ਕਰਕੇ ਪ੍ਰਵਾਨਗੀ ਲਈ ਮੰਤਰੀ ਮੰਡਲ ਅੱਗੇ ਰੱਖਣ ਲਈ ਕਿਹਾ ਸੀ | ਭਗਵੰਤ ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਕੈਪਟਨ ਨੂੰ ਅਹੁਦੇ ਤੋਂ ਲਾਹ ਕੇ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ | ਭਗਵੰਤ ਮਾਨ ਨੇ ਕਿਹਾ ਕਿ ਚੰਨੀ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਹੀ ਨੌਕਰੀ ਬਦਲੇ ਪੈਸੇ ਦੀ ਘਟੀਆ ਖੇਡ ਸ਼ੁਰੂ ਹੋ ਗਈ |
ਮੁੱਖ ਮੰਤਰੀ ਨੇ ਪ੍ਰਣ ਕੀਤਾ ਕਿ ਉਹ ਆਪਣੇ ਕਾਰਜਕਾਲ ਦੌਰਾਨ ਕਿਸੇ ਵੀ ਕਿਸਮ ਦੇ ਮਾਫੀਆ ਨੂੰ ਸਿਰ ਨਹੀਂ ਚੁੱਕਣ ਦੇਣਗੇ | ਉਨ੍ਹਾ ਕਿਹਾ ਕਿ ਲੋਕਾਂ ਅਤੇ ਸੂਬੇ ਦੀ ਦੌਲਤ ਲੁੱਟਣ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ | ਉਹਨਾ ਸੂਬੇ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਭਿ੍ਸ਼ਟਾਚਾਰ ਵਿੱਚ ਡੁੱਬੇ ਲੋਕਾਂ ਨੂੰ ਉਨ੍ਹਾਂ ਦੇ ਗੁਨਾਹਾਂ ਲਈ ਜਵਾਬਦੇਹ ਬਣਾਇਆ ਜਾਵੇਗਾ |
ਮੁੱਖ ਮੰਤਰੀ ਨੇ ਕਿਹਾ ਕਿ ਜਸਇੰਦਰ, ਜੋ ਕਿ ਇਸ ਸਮੇਂ ਕਿੰਗਜ਼ ਇਲੈਵਨ ਕਿ੍ਕਟ ਟੀਮ ਵੱਲੋਂ ਖੇਡ ਰਿਹਾ ਹੈ, ਨੇ ਹਾਲ ਹੀ ਵਿੱਚ ਧਰਮਸ਼ਾਲਾ ਦੇ ਦੌਰੇ ਦੌਰਾਨ ਉਨ੍ਹਾ ਨੂੰ ਆਪਣੀ ਸਾਰੀ ਦੁੱਖ ਭਰੀ ਵਿਥਿਆ ਸੁਣਾਈ ਸੀ, ਜਿਸ ਤੋਂ ਬਾਅਦ ਉਨ੍ਹਾ ਸਾਬਕਾ ਮੁੱਖ ਮੰਤਰੀ ਦਾ ਪਰਦਾ ਫਾਸ਼ ਕਰਨ ਦਾ ਫੈਸਲਾ ਕੀਤਾ ਸੀ | ਉਨ੍ਹਾ ਕਿਹਾ ਕਿ ਇੱਕ ਪਾਸੇ ਉਨ੍ਹਾ ਦੀ ਸਰਕਾਰ ਨੇ ਸੂਬੇ ਵਿੱਚ ਖੇਡਾਂ ਅਤੇ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਪਹਿਲਕਦਮੀ ਕੀਤੀ, ਦੂਜੇ ਪਾਸੇ ਚੰਨੀ ਵਰਗੇ ਲੋਕਾਂ ਨੇ ਖੇਡਾਂ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ | ਉਹਨਾ ਕਿਹਾ ਕਿ ਸੂਬੇ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਉਨ੍ਹਾ ਦੀ ਸਰਕਾਰ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਕਰਵਾਈਆਂ ਗਈਆਂ ਅਤੇ ਉੱਭਰਦੇ ਖਿਡਾਰੀਆਂ ਲਈ ਨਕਦ ਇਨਾਮ ਸਮੇਤ ਲਏ ਗਏ ਹੋਰ ਕਦਮ ਵੀ ਚੁੱਕੇ ਗਏ |

Related Articles

LEAVE A REPLY

Please enter your comment!
Please enter your name here

Latest Articles