ਬਾਹਰੋਂ ਆਉਣ ਵਾਲੇ ਫੋਨ ਤੋਂ ਖਬਰਦਾਰ

0
230

ਨਵੀਂ ਦਿੱਲੀ : ਸਾਈਬਰ ਅਪਰਾਧੀਆਂ ਨੇ ਉੱਤਰੀ ਦਿੱਲੀ ਦੇ ਰਹਿਣ ਵਾਲੇ ਪਰਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਨੂੰ ਆਸਟਰੇਲੀਆ ਦੀ ਜੇਲ੍ਹ ਤੋਂ ਰਿਹਾਅ ਕਰਵਾਉਣ ਦੇ ਬਹਾਨੇ 4 ਲੱਖ ਰੁਪਏ ਦੀ ਠੱਗੀ ਮਾਰ ਲਈ। ਗੁਰਸਿਮਰਨ ਸਿੰਘ (29) ਨੇ ਹਾਲ ਹੀ ਵਿਚ ਜ਼ਿਲ੍ਹਾ ਸਾਈਬਰ ਸੈੱਲ ਕੋਲ ਐੱਫ ਆਈ ਆਰ ਦਰਜ ਕਰਵਾ ਕੇ ਦੋਸ਼ ਲਾਇਆ ਹੈ ਕਿ ਉਸ ਦੀ ਮਾਂ ਨੂੰ ਇੰਟਰਨੈਸ਼ਨਲ ਫੋਨ ਨੰਬਰ ਤੋਂ ਵਟਸਐਪ ’ਤੇ ਕਾਲ ਆਈ ਅਤੇ ਫੋਨ ਕਰਨ ਵਾਲੇ ਨੇ ਖੁਦ ਨੂੰ ਨੌਨਿਹਾਲ ਸਿੰਘ ਦੱਸਿਆ। ਗੁਰਸਿਮਰਨ ਨੇ ਐੱਫ ਆਈ ਆਰ ’ਚ ਕਿਹਾ-ਰਿਸ਼ਤੇ ਵਿਚ ਨੌਨਿਹਾਲ ਮੇਰਾ ਭਰਾ ਲੱਗਦਾ ਹੈ ਅਤੇ ਉਹ ਪੜ੍ਹਾਈ ਲਈ ਆਸਟਰੇਲੀਆ ਗਿਆ ਹੋਇਆ ਹੈ। ਉਸ ਨੇ ਮੇਰੀ ਮਾਂ ਨੂੰ ਦੱਸਿਆ ਕਿ ਉਸ ਦੇ ਦੋਸਤਾਂ ਦੀ ਕਿਸੇ ਵਿਅਕਤੀ ਨਾਲ ਲੜਾਈ ਹੋਈ ਸੀ, ਜਿਸ ਤੋਂ ਬਾਅਦ ਵਿਅਕਤੀ ਦੀ ਮੌਤ ਹੋ ਗਈ ਅਤੇ ਪੁਲਸ ਨੇ ਇਸ ਸੰਬੰਧ ’ਚ ਅਪਰਾਧਕ ਮਾਮਲਾ ਦਰਜ ਕਰ ਲਿਆ ਹੈ। ਨੌਨਿਹਾਲ ਨੇ ਕਿਹਾ ਕਿ ਉਸ ਦੇ ਸਾਰੇ ਦੋਸਤ ਜੇਲ੍ਹ ’ਚ ਹਨ ਅਤੇ ਸਿਰਫ ਉਹ ਇਸ ਸਮੇਂ ਬਾਹਰ ਹੈ। ਉਸ ਨੇ ਮੇਰੀ ਮਾਂ ਨੂੰ ਕਿਹਾ ਕਿ ਵਕੀਲ ਉਸ ਨੂੰ ਮਾਮਲੇ ਬਾਰੇ ਵਿਸਥਾਰ ਨਾਲ ਦੱਸਣ ਲਈ ਫੋਨ ਕਰੇਗਾ। ਕੁਝ ਦੇਰ ਬਾਅਦ ਵਕੀਲ ਦਾ ਫੋਨ ਆਇਆ ਅਤੇ ਉਸ ਨੇ ਕਿਹਾ ਕਿ ਨੌਨਿਹਾਲ ਨੂੰ ਵੀ ਜੇਲ੍ਹ ਭੇਜ ਦਿੱਤਾ ਗਿਆ ਹੈ ਅਤੇ ਉਸ ਨੂੰ ਜ਼ਮਾਨਤ ਲਈ ਤੁਰੰਤ ਪੁਲਸ ਕੋਲ ਪੈਸੇ ਜਮ੍ਹਾਂ ਕਰਵਾਉਣੇ ਪੈਣਗੇ। ਜੇ ਰਕਮ ਜਮ੍ਹਾਂ ਨਾ ਕਰਵਾਈ ਗਈ ਤਾਂ ਉਨ੍ਹਾਂ (ਨੌਨਿਹਾਲ ਅਤੇ ਉਸ ਦੇ ਦੋਸਤਾਂ) ਨੂੰ 15 ਤੋਂ 20 ਸਾਲ ਦੀ ਜੇਲ੍ਹ ਕੱਟਣੀ ਪਵੇਗੀ। ਫਿਰ ਉਸ ਨੇ ਰਾਂਚੀ ਸਥਿਤ ਸਟੇਟ ਬੈਂਕ ਆਫ ਇੰਡੀਆ ਦੀ ਸ਼ਾਖਾ ਦਾ ਖਾਤਾ ਨੰਬਰ ਭੇਜਿਆ, ਜੋ ਵਿਕਰਮ ਕੁਮਾਰ ਮੁੰਡਾ ਦੇ ਨਾਂਅ ’ਤੇ ਸੀ। ਸ਼ੁਰੂ ਵਿਚ ਉਸ ਨੇ ਦੋ ਲੱਖ ਰੁਪਏ ਮੰਗੇ, ਜਿਹੜੇ ਟਰਾਂਸਫਰ ਕਰ ਦਿੱਤੇ ਗਏ, ਪਰ ਇਸ ਤੋਂ ਬਾਅਦ ਉਸ ਨੇ ਦੁਬਾਰਾ ਫੋਨ ਕਰਕੇ ਕਿਹਾ ਕਿ ਆਸਟਰੇਲੀਆ ਪੁਲਸ 2.3 ਲੱਖ ਰੁਪਏ ਹੋਰ ਮੰਗ ਰਹੀ ਹੈ। ਮੈਂ ਇਹ ਰਕਮ ਵੀ ਖਾਤੇ ’ਚ ਜਮ੍ਹਾਂ ਕਰਵਾ ਦਿੱਤੀ। ਬਾਅਦ ’ਚ ਕੁਝ ਗੜਬੜ ਮਹਿਸੂਸ ਹੋਣ ’ਤੇ ਹੋਰਨਾਂ ਰਿਸ਼ਤੇਦਾਰਾਂ ਤੋਂ ਨੌਨਿਹਾਲ ਦਾ ਹਾਲ ਪੁੱਛਿਆ। ਪਤਾ ਲੱਗਾ ਕਿ ਉਨ੍ਹਾਂ ਖਿਲਾਫ ਕੋਈ ਮਾਮਲਾ ਦਰਜ ਨਹੀਂ ਹੋਇਆ। ਫਿਰ ਅਹਿਸਾਸ ਹੋਇਆ ਕਿ ਸਾਈਬਰ ਧੋਖਾਧੜੀ ਹੋ ਗਈ ਹੈ। ਸਾਈਬਰ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਵੀ ਉੱਤਰੀ ਦਿੱਲੀ ਦੇ ਪਰਵਾਰ ਨੂੰ ਕੈਨੇਡਾ ਤੋਂ ਇਸੇ ਤਰ੍ਹਾਂ ਦਾ ਫੋਨ ਕਰਕੇ ਲੁੱਟ ਲਿਆ ਗਿਆ ਸੀ। ਫੋਨ ਕਰਨ ਵਾਲੇ ਨੇ ਐੱਸ ਬੀ ਆਈ ਦੀ ਭੋਪਾਲ ਸ਼ਾਖਾ ਦਾ ਨੰਬਰ ਦਿੱਤਾ ਸੀ, ਜਿਸ ਵਿਚ 2 ਲੱਖ ਰੁਪਏ ਪਾ ਦਿੱਤੇ ਗਏ ਸੀ। ਫਰਾਡੀਆਂ ਨੇ 2 ਲੱਖ 40 ਹਜ਼ਾਰ ਰੁਪਏ ਹੋਰ ਮੰਗੇ ਤਾਂ ਸ਼ੱਕ ਪਿਆ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਉਹ ‘ਜਨ ਚੇਤਨਾ ਅਭਿਆਨ’ ਨਾਲ ਲੋਕਾਂ ਨੂੰ ਜਾਗਰਤ ਕਰ ਰਹੇ ਹਨ ਕਿ ਅਣਪਛਾਤੇ ਲੋਕਾਂ ’ਤੇ ਭਰੋਸਾ ਨਾ ਕਰਨ।

LEAVE A REPLY

Please enter your comment!
Please enter your name here