ਮਾਸਕੋ : ਰੂਸੀ ਪੱਤਰਕਾਰ ਦਮਿਤਰੀ ਮੁਰਾਤੋਵ ਨੇ ਸੋਮਵਾਰ ਰਾਤ ਆਪਣਾ ਨੋਬਲ ਸ਼ਾਂਤੀ ਪੁਰਸਕਾਰ ਨਿਲਾਮ ਕਰ ਦਿੱਤਾ | ਮੁਰਾਤੋਵ ਨਿਲਾਮੀ ਤੋਂ ਹੋਣ ਵਾਲੀ ਕਮਾਈ ਸਿੱਧੇ ਯੂਨੀਸੇਫ ਨੂੰ ਦੇਣਗੇ, ਤਾਂ ਜੋ ਯੂਕਰੇਨ ‘ਚ ਜੰਗ ਕਾਰਨ ਬੇਘਰ ਹੋਏ ਬੱਚਿਆਂ ਦੀ ਮਦਦ ਕੀਤੀ ਜਾ ਸਕੇ | ਮੁਰਾਤੋਵ, ਜਿਨ੍ਹਾ ਨੂੰ ਅਕਤੂਬਰ 2021 ਵਿੱਚ ਸੋਨ ਤਗਮੇ ਨਾਲ ਸਨਮਾਨਤ ਕੀਤਾ ਗਿਆ ਸੀ, ਨੇ ਸੁਤੰਤਰ ਰੂਸੀ ਅਖਬਾਰ ‘ਨੋਵਾਯਾ ਗਜਟ’ ਦੀ ਸਥਾਪਨਾ ਕੀਤੀ ਅਤੇ ਮਾਰਚ ਵਿੱਚ ਇਹ ਅਖਬਾਰ ਬੰਦ ਹੋਣ ਸਮੇਂ ਉਹ ਇਸ ਦੇ ਮੁੱਖ ਸੰਪਾਦਕ ਸਨ | ਯੂਕਰੇਨ ‘ਤੇ ਰੂਸ ਦੇ ਹਮਲੇ ਅਤੇ ਪੱਤਰਕਾਰਾਂ ‘ਤੇ ਰੂਸੀ ਕਾਰਵਾਈਆਂ ਦੇ ਮੱਦੇਨਜ਼ਰ ਜਨਤਕ ਰੋਸ ਨੂੰ ਦਬਾਉਣ ਦੇ ਰੋੋੋਸ ਵਜੋਂ ਅਖਬਾਰ ਨੂੰ ਬੰਦ ਕਰ ਦਿੱਤਾ ਗਿਆ ਸੀ | ਮੁਰਾਤੋਵ ਨੇ ਇਨਾਮ ਦੀ ਨਿਲਾਮੀ ਤੋਂ ਮਿਲੀ 5,00000 ਡਾਲਰ ਦੀ ਰਕਮ ਦਾਨ ਕਰਨ ਦਾ ਐਲਾਨ ਕੀਤਾ ਹੈ | ਉਸ ਨੇ ਕਿਹਾ ਕਿ ਦਾਨ ਦਾ ਉਦੇਸ਼ ਸ਼ਰਨਾਰਥੀ ਬੱਚਿਆਂ ਨੂੰ ਭਵਿੱਖ ਲਈ ਇੱਕ ਮੌਕਾ ਦੇਣਾ ਹੈ | ਮੁਰਾਤੋਵ ਮੁਤਾਬਕ, ‘ਅਸੀਂ ਉਨ੍ਹਾਂ ਦਾ ਭਵਿੱਖ ਵਾਪਸ ਕਰਨਾ ਚਾਹੁੰਦੇ ਹਾਂ |’