23.2 C
Jalandhar
Thursday, March 28, 2024
spot_img

ਬਿ੍ਰਜਭੂਸ਼ਣ ਦੀਆਂ ਕਰਤੂਤਾਂ ਬੇਪਰਦ

ਭਾਜਪਾ ਸਾਂਸਦ ਤੇ ਕੁਸ਼ਤੀ ਸੰਘ ਦੇ ਪ੍ਰਧਾਨ ਬਿ੍ਰਜਭੂਸ਼ਣ ਸ਼ਰਣ ਸਿੰਘ ਭਾਵੇਂ ਸਾਧੂ-ਸੰਤਾਂ ਦੀ ਸ਼ਰਨ ਵਿੱਚ ਚਲਾ ਗਿਆ ਹੈ, ਪਰ ਉਹਦੇ ਗੁਨਾਹਾਂ ਦਾ ਕਾਲਾ ਚਿੱਠਾ ਹੁਣ ਜਨਤਾ ਦੀ ਕਚਹਿਰੀ ਵਿੱਚ ਬੇਪਰਦ ਹੋ ਚੁੱਕਾ ਹੈ। ਅਜਿਹੀ ਸਥਿਤੀ ਵਿੱਚ ਉਸ ਦੇ ਪੱਖ ਵਿੱਚ ਦਲੀਲਾਂ ਦੇਣ ਵਾਲਿਆਂ ਨੂੰ ਵੀ ਸ਼ਰਮਸਾਰ ਹੋਣਾ ਪਵੇਗਾ। ਇੰਡੀਅਨ ਐਕਸਪ੍ਰੈਸ ਨੇ ਆਪਣੀ ਇੱਕ ਰਿਪੋਰਟ ਵਿੱਚ ਮਹਿਲਾ ਭਲਵਾਨਾਂ ਵੱਲੋਂ ਦਰਜ ਕਰਾਈਆਂ ਗਈਆਂ ਐੱਫ ਆਈ ਆਰ ਦਾ ਬਿਊਰਾ ਛਾਪ ਕੇ ਉਸ ਦੀਆਂ ਕਰਤੂਤਾਂ ਨੂੰ ਨੰਗਾ ਕਰ ਦਿੱਤਾ ਹੈ।
ਬਿ੍ਰਜ ਭੂਸ਼ਣ ਵਿਰੁੱਧ ਭਲਵਾਨਾਂ ਵੱਲੋਂ ਦੋ ਐੱਫ਼ ਆਈ ਆਰ ਦਰਜ ਕਰਾਈਆਂ ਗਈਆਂ ਹਨ। ਇੱਕ ਐੱਫ਼ ਆਈ ਆਰ 6 ਬਾਲਗ ਮਹਿਲਾ ਭਲਵਾਨਾਂ ਵੱਲੋਂ ਤੇ ਦੂਜੀ ਇੱਕ ਨਬਾਲਗ ਦੇ ਪਿਤਾ ਵੱਲੋਂ ਹੈ। ਇਨ੍ਹਾਂ ਵਿੱਚ ਮਦਦ ਬਦਲੇ ਸਰੀਰਕ ਸੰਬੰਧ ਬਣਾਉਣ ਦੀ ਮੰਗ ਦੇ ਦੋ ਕੇਸ ਤੇ ਗਲਤ ਤਰੀਕੇ ਨਾਲ ਛੂਹਣ, ਛੇੜਛਾੜ, ਛਾਤੀ ’ਤੇ ਹੱਥ ਰੱਖਣ, ਧੁੰਨੀ ਨੂੰ ਛੂਹਣ ’ਤੇ ਨਿਤੰਬਾਂ ਤੇ ਹੱਥ ਫੇਰਨ ਆਦਿ ਦੀਆਂ 15 ਘਟਨਾਵਾਂ ਸ਼ਾਮਲ ਹਨ।
ਨਬਾਲਗ ਦੇ ਪਿਤਾ ਵੱਲੋਂ ਦਰਜ ਕਰਾਈ ਗਈ ਰਿਪੋਰਟ ਵਿੱਚ ਨਬਾਲਗ ਨੇ ਕਿਹਾ ਹੈ ਕਿ ‘‘ਤਸਵੀਰ ਲੈਣ ਦੇ ਬਹਾਨੇ ਉਸ ਨੇ ਮੈਨੂੰ ਕੱਸ ਕੇ ਆਪਣੇ ਵੱਲ ਖਿੱਚਿਆ, ਮੋਢਿਆਂ ਨੂੰ ਦਬਾਇਆ ਤੇ ਛਾਤੀ ਉੱਤੇ ਹੱਥ ਫੇਰਿਆ। ਉਸ ਨੂੰ ਮੈਂ ਇਹ ਵੀ ਕਿਹਾ ਕਿ, ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕੀ ਹਾਂ ਕਿ ਮੇਰੀ ਕਿਸੇ ਪ੍ਰਕਾਰ ਦੇ ਸਰੀਰਕ ਸੰਬੰਧ ਬਣਾਉਣ ਵਿੱਚ ਕੋਈ ਰੁਚੀ ਨਹੀਂ ਤੇ ਮੇਰਾ ਪਿੱਛਾ ਕਰਨਾ ਬੰਦ ਕਰ ਦੇਵੋ।’’
ਛੇ ਬਾਲਗ ਮਹਿਲਾ ਭਲਵਾਨਾਂ ਦੀ ਸਾਂਝੀ ਐੱਫ ਆਈ ਆਰ ਵਿੱਚ ਪਹਿਲੀ ਭਲਵਾਨ ਨੇ ਕਿਹਾ, ‘‘ਇੱਕ ਦਿਨ ਜਦੋਂ ਮੈਂ ਹੋਟਲ ਦੇ ਰੈਸਟੋਰੈਂਟ ਵਿੱਚ ਖਾਣਾ ਖਾਣ ਗਈ ਤਾਂ ਦੋਸ਼ੀ ਨੇ ਮੈਨੂੰ ਆਪਣੇ ਮੇਜ਼ ਉੱਤੇ ਬੁਲਾਇਆ…ਮੇਰੀ ਸਹਿਮਤੀ ਬਿਨਾਂ ਮੇਰੀ ਛਾਤੀ ਉੱਤੇ ਹੱਥ ਰੱਖ ਦਿੱਤਾ ਤੇ ਮੈਨੂੰ ਫੜ ਕੇ ਆਪਣਾ ਹੱਥ ਪੇਟ ਉੱਤੇ ਲੈ ਗਿਆ। ਮੇਰੇ ਲਈ ਇਹ ਸਦਮੇ ਵਾਂਗ ਸੀ। ਦੋਸ਼ੀ ਇੱਥੇ ਹੀ ਨਹੀਂ ਰੁਕਿਆ, ਉਹ ਆਪਣਾ ਹੱਥ ਉੱਪਰ ਮੇਰੀ ਛਾਤੀ ਉੱਤੇ ਲੈ ਗਿਆ। ਉਸ ਨੇ ਮੈਨੂੰ ਗਲਤ ਤਰੀਕੇ ਨਾਲ ਫੜਿਆ ਤੇ ਫਿਰ ਆਪਣਾ ਹੱਥ ਮੇਰੇ ਪੇਟ ਵੱਲ ਸਰਕਾ ਦਿੱਤਾ। ਇਸ ਤਰ੍ਹਾਂ ਉਹ 3-4 ਵਾਰ ਆਪਣਾ ਹੱਥ ਮੇਰੀ ਛਾਤੀ ਉੱਤੇ ਲਿਜਾਂਦਾ ਰਿਹਾ।’’
‘‘ਕੁਸ਼ਤੀ ਸੰਘ ਦੇ ਦਫ਼ਤਰ ਵਿੱਚ ਉਸ ਨੇ ਮੇਰੀ ਸਹਿਮਤੀ ਬਿਨਾਂ ਮੇਰੀ ਹਥੇਲੀ, ਪੱਟਾਂ ਤੇ ਮੋਢਿਆਂ ਨੂੰ ਗਲਤ ਤਰੀਕੇ ਨਾਲ ਛੂਹਣਾ ਸ਼ੁਰੂ ਕਰ ਦਿੱਤਾ। ਮੈਂ ਡਰ ਨਾਲ ਕੰਬਣ ਲੱਗੀ।…ਜਦੋਂ ਅਸੀਂ ਬੈਠੇ ਸਾਂ ਤਾਂ ਉਹ ਆਪਣੇ ਪੈਰਾਂ ਨਾਲ ਮੇਰੇ ਪੈਰ ਛੂਹ ਰਿਹਾ ਸੀ।….ਮੇਰੇ ਗੋਡਿਆਂ ਨੂੰ ਛੂਹਿਆ…ਮੇਰੇ ਸਾਹ ਦੀ ਜਾਂਚ ਦੇ ਬਹਾਨੇ ਉਸ ਨੇ ਆਪਣਾ ਹੱਥ ਮੇਰੀ ਛਾਤੀ ਉੱਤੇ ਰੱਖਿਆ ਤੇ ਫਿਰ ਪੇਟ ਤੱਕ ਸਰਕਾ ਦਿੱਤਾ।’’
ਦੂਜੀ ਭਲਵਾਨ-‘‘ਮੈਂ ਚਟਾਈ ਉੱਤੇ ਲੇਟੀ ਹੋਈ ਸੀ, ਦੋਸ਼ੀ ਮੇਰੇ ਕੋਲ ਆਇਆ ਤੇ ਮੇਰੇ ਉੱਤੇ ਝੁਕ ਗਿਆ। ਮੇਰੇ ਕੋਚ ਦੀ ਗੈਰਹਾਜ਼ਰੀ ਵਿੱਚ ਮੇਰੀ ਟੀ-ਸ਼ਰਟ ਖਿੱਚੀ ਤੇ ਆਪਣਾ ਹੱਥ ਮੇਰੀ ਛਾਤੀ ਉੱਤੇ ਰੱਖ ਦਿੱਤਾ ਤੇ ਫਿਰ ਪੇਟ ਤੱਕ ਲੈ ਗਿਆ। ਅਜਿਹਾ ਉਸ ਨੇ ਮੇਰੇ ਸਾਹ ਦੀ ਜਾਂਚ ਦੇ ਬਹਾਨੇ ਕੀਤਾ। ਫੈਡਰੇਸ਼ਨ ਦੇ ਦਫ਼ਤਰ ਜਾਣ ਉਤੇ ਮੈਨੂੰ ਦੋਸ਼ੀ ਦੇ ਕਮਰੇ ਵਿੱਚ ਸੱਦਿਆ ਗਿਆ।…ਮੇਰਾ ਭਰਾ ਮੇਰੇ ਨਾਲ ਸੀ, ਉਸ ਨੂੰ ਕਮਰੇ ਵਿੱਚ ਜਾਣੋਂ ਰੋਕ ਦਿੱਤਾ ਗਿਆ। ਦੋਸ਼ੀ ਨੇ ਦੂਜੇ ਵਿਅਕਤੀਆਂ ਦੇ ਚਲੇ ਜਾਣ ਪਿੱਛੋਂ ਦਰਵਾਜ਼ਾ ਬੰਦ ਕਰ ਲਿਆ।…ਮੈਨੂੰ ਆਪਣੇ ਵੱਲ ਖਿੱਚ ਲਿਆ ਤੇ ਮੇਰੇ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਣ ਦੀ ਕੋਸ਼ਿਸ਼ ਕੀਤੀ।’’
ਤੀਜੀ ਭਲਵਾਨ-‘‘ਉਸ ਨੇ ਮੇਰੇ ਮਾਤਾ-ਪਿਤਾ ਨਾਲ ਫੋਨ ਉੱਤੇ ਮੇਰੀ ਗੱਲ ਕਰਾਈ, ਕਿਉਂਕਿ ਮੇਰੇ ਕੋਲ ਮੋਬਾਇਲ ਫੋਨ ਨਹੀਂ ਸੀ।…ਉਸ ਨੇ ਮੈਨੂੰ ਆਪਣੇ ਬਿਸਤਰ ਉਤੇ ਬੁਲਾਇਆ, ਜਿੱਥੇ ਉਹ ਬੈਠਾ ਸੀ ਤੇ ਅਚਾਨਕ ਉਸ ਨੇ ਮੈਨੂੰ ਜ਼ਬਰਦਸਤੀ ਆਪਣੇ ਗਲ ਨਾਲ ਲਾ ਲਿਆ। ਉਸ ਨੇ ਆਪਣੀ ਯੌਨ ਇੱਛਾ ਪੂਰੀ ਕਰਨ ਲਈ ਮੈਨੂੰ ਸਪਲੀਮੈਂਟਸ ਖਰੀਦ ਕੇ ਦੇਣ ਦੀ ਪੇਸ਼ਕਸ਼ ਕੀਤੀ। ਇਸ ਤਰ੍ਹਾਂ ਉਸ ਨੇ ਸਰੀਰਕ ਸੰਬੰਧ ਬਣਾਉਣ ਲਈ ਮੈਨੂੰ ਰਿਸ਼ਵਤ ਦੇਣੀ ਚਾਹੀ।’’
ਪੰਜਵੀਂ ਭਲਵਾਨ-‘‘ਮੈਨੂੰ ਦੋਸ਼ੀ ਨੇ ਬੁਲਾਇਆ ਤੇ ਮੇਰੇ ਸਾਹ ਦੀ ਜਾਂਚ ਦੇ ਬਹਾਨੇ ਮੇਰੀ ਟੀ-ਸ਼ਰਟ ਖਿੱਚੀ ਤੇ ਆਪਣਾ ਹੱਥ ਪੇਟ ਦੇ ਹੇਠਾਂ ਧੁੰਨੀ ਤੱਕ ਲੈ ਗਿਆ।’’
ਪੰਜਵੀਂ ਭਲਵਾਨ-‘‘ਜਦੋਂ ਮੈਂ ਟੀਮ ਫੋਟੋਗਰਾਫ਼ ਲਈ ਕਤਾਰ ਵਿੱਚ ਖੜ੍ਹੀ ਸੀ ਤਾਂ ਦੋਸ਼ੀ ਆ ਕੇ ਮੇਰੇ ਨਾਲ ਖੜ੍ਹਾ ਹੋ ਗਿਆ। ਅਚਾਨਕ ਮੈਨੂੰ ਮੇਰੇ ਨਿਤੰਬਾਂ ਉੱਤੇ ਕਿਸੇ ਦਾ ਹੱਥ ਮਹਿਸੂਸ ਹੋਇਆ। ਮੈਂ ਦੋਸ਼ੀ ਦੀ ਕਰਤੂਤ ਤੋਂ ਦੰਗ ਰਹਿ ਗਈ। ਜਦੋਂ ਮੈਂ ਦੂਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਮੈਨੂੰ ਜ਼ਬਰਦਸਤੀ ਮੇਰੇ ਮੋਢਿਆਂ ਤੋਂ ਫੜ ਲਿਆ।’’
ਛੇਵੀਂ ਭਲਵਾਨ-‘‘ਮੇਰੇ ਨਾਲ ਇੱਕ ਤਸਵੀਰ ਲੈਣ ਦੇ ਬਹਾਨੇ ਉਸ ਨੇ ਮੈਨੂੰ ਮੋਢਿਆਂ ਤੋਂ ਫੜ ਕੇ ਖਿੱਚ ਲਿਆ। ਆਪਣੇ-ਆਪ ਨੂੰ ਬਚਾਉਣ ਲਈ ਮੈਂ ਉਸ ਤੋਂ ਦੂਰ ਜਾਣ ਦੀ ਕੋਸ਼ਿਸ਼ ਕੀਤੀ। ਉਸ ਦੇ ਚੁੰਗਲ ’ਚੋਂ ਬਚਣ ਲਈ ਮੈਂ ਵਾਰ-ਵਾਰ ਉਸ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਕੀਤਾ ਤੇ ਉਸ ਨੂੰ ਦੂਰ ਧੱਕਣ ਦੀ ਕੋਸ਼ਿਸ਼ ਕੀਤੀ। ਇਸ ਉੱਤੇ ਉਸ ਨੇ ਧਮਕੀ ਦਿੱਤੀ ਕਿ ਜ਼ਿਆਦਾ ਸਮਾਰਟ ਬਣ ਰਹੀ ਏਂ, ਕੀ ਤੂੰ ਅੱਗੇ ਤੋਂ ਕਿਸੇ ਮੁਕਾਬਲੇ ਵਿੱਚ ਭਾਗ ਨਹੀਂ ਲੈਣਾ?’’
ਇਨ੍ਹਾਂ ਦੋਸ਼ਾਂ ਤੋਂ ਬਾਅਦ ਜੇਕਰ ਮਹਿਲਾ ਭਲਵਾਨ ਲੜ ਰਹੀਆਂ ਹਨ ਤਾਂ ਉਹ ਹੱਕੀ ਹਨ। ਉਨ੍ਹਾਂ ਆਪਣੀ ਆਬਰੂ ਦਾ ਸੌਦਾ ਨਹੀਂ ਕੀਤਾ, ਸਗੋਂ ਆਪਣੇ ਭਵਿੱਖ ਨੂੰ ਵੀ ਦਾਅ ਉੱਤੇ ਲਾ ਦਿੱਤਾ ਹੈ। ਹੁਣ ਇਹ ਲੜਾਈ ਉਨ੍ਹਾਂ ਦੀ ਹੀ ਨਹੀਂ, ਸਮੁੱਚੇ ਦੇਸ਼ ਦੀ ਲੜਾਈ ਬਣ ਚੁੱਕੀ ਹੈ। ਕੌਮਾਂਤਰੀ ਮੈਡਲ ਜਿੱਤਣ ਲਈ ਇਨ੍ਹਾਂ ਭਲਵਾਨਾਂ ਦੇ ਹੱਕ ਵਿੱਚ ਹਵਨ ਤੇ ਅਰਦਾਸਾਂ ਕਰਨ ਵਾਲਿਆਂ ਨੂੰ ਵੀ ਆਪਣਾ ਮੂੰਹ ਖੋਲ੍ਹਣਾ ਚਾਹੀਦਾ ਹੈ।
-ਚੰਦ ਫਤਿਹਪੁਰੀ

Related Articles

LEAVE A REPLY

Please enter your comment!
Please enter your name here

Latest Articles