ਸ਼ਾਹਕੋਟ (ਗਿਆਨ ਸੈਦਪੁਰੀ)
ਮੋਦੀ ਦੀ ਭਾਜਪਾ ਸਰਕਾਰ ਵੱਲੋਂ ਭਲਵਾਨਾਂ ਦੇ ਸੰਘਰਸ਼ ਨੂੰ ਜਬਰ ਅਤੇ ਬਦਨਾਮ ਕਰਕੇ ਦਬਾਉਣ ਦੇ ਹੱਥਕੰਡਿਆਂ ਵਿਰੁੱਧ ਸੋਮਵਾਰ ਨੂੰ ਸੂਬੇ ਭਰ ’ਚ ਵੱਡੀ ਗਿਣਤੀ ਵਿੱਚ ਇਨਸਾਫਪਸੰਦ ਲੋਕਾਂ ਨੇ ਭਾਜਪਾ ਸਾਂਸਦ ਬਿ੍ਰਜ ਭੂਸ਼ਣ ਸ਼ਰਣ ਸਿੰਘ ਦੀਆਂ ਅਰਥੀਆਂ ਫੂਕ ਕੇ ਆਪਣੇ ਗੁੱਸੇ ਦਾ ਜ਼ੋਰਦਾਰ ਪ੍ਰਗਟਾਵਾ ਕਰਦਿਆਂ ਉਸ ਨੂੰ ਤੁਰੰਤ ਗਿ੍ਰਫਤਾਰ ਕਰਨ ਅਤੇ ਭਲਵਾਨਾਂ ’ਤੇ ਦਰਜ ਕੇਸ ਰੱਦ ਕਰਨ ਦੀ ਮੰਗ ਕੀਤੀ। ਸੂਬੇ ਭਰ ਵਿੱਚ ਵੱਡੀ ਪੱਧਰ ’ਤੇ ਕਿਸਾਨ, ਮਜ਼ਦੂਰ, ਔਰਤਾਂ, ਨੌਜਵਾਨ, ਮੁਲਾਜ਼ਮ ਅਤੇ ਵਿਦਿਆਰਥੀ ਜਥੇਬੰਦੀਆਂ ਨੇ ਭਾਜਪਾ ਸਰਕਾਰ ਦੀ ਤਾਨਾਸ਼ਾਹ ਅਤੇ ਔਰਤ ਵਿਰੋਧੀ ਸੋਚ ਨੂੰ ਹਰਾਉਣ ਵਾਸਤੇ ਇੱਕਮੁੱਠ ਹੋ ਕਿ ਮੈਦਾਨ ਵਿੱਚ ਨਿਤਰਨ ਦਾ ਸੱਦਾ ਦਿੱਤਾ।
ਸੂਬੇ ਦੇ ਪਟਿਆਲਾ, ਸੰਗਰੂਰ, ਬਰਨਾਲਾ, ਜਲੰਧਰ, ਫਰੀਦਕੋਟ, ਬਠਿੰਡਾ, ਮੋਗਾ, ਮਾਨਸਾ, ਲੁਧਿਆਣਾ, ਨਵਾਂ ਸ਼ਹਿਰ, ਹੁਸ਼ਿਆਰਪੁਰ, ਤਰਨ ਤਾਰਨ, ਅੰਮਿ੍ਰਤਸਰ, ਗੁਰਦਾਸਪੁਰ, ਫਿਰੋਜ਼ਪੁਰ, ਮੁਕਤਸਰ, ਕਪੂਰਥਲਾ, ਫਤਿਹਗੜ੍ਹ ਸਾਹਿਬ ਅਤੇ ਰੋਪੜ ਜ਼ਿਲ੍ਹਿਆਂ ਵਿੱਚ 300 ਥਾਵਾਂ ’ਤੇ ਲੋਕਾਂ ਨੇ ਜਬਰ ਵਿਰੁੱਧ ਮਹਿਲਾ ਭਲਵਾਨਾਂ ਦੇ ਹੱਕ ਵਿੱਚ ਆਵਾਜ਼ ਉਠਾਈ। ਅਰਥੀ ਫੂਕ ਮੁਜ਼ਾਹਰਿਆਂ ’ਚ ਸੰਯੁਕਤ ਕਿਸਾਨ ਮੋਰਚਾ ਵਿੱਚ ਸ਼ਾਮਲ 32 ਕਿਸਾਨ ਜਥੇਬੰਦੀਆਂ ਤੋਂ ਇਲਾਵਾ ਪ੍ਰਮੁੱਖ ਟਰੇਡ ਯੂਨੀਅਨਾਂ ਪੇਂਡੂ ਮਜ਼ਦੂਰਾਂ ਦੀਆਂ ਸਾਰੀਆਂ ਪ੍ਰਮੁੱਖ ਜੱਥੇਬੰਦੀਆਂ, ਔਰਤ, ਮੁਲਾਜ਼ਮ, ਵਿਦਿਆਰਥੀ ਅਤੇ ਨੌਜਵਾਨ ਜਥੇਬੰਦੀਆਂ ਨੇ ਹਿੱਸਾ ਲਿਆ। ਬਹੁਤ ਸਾਰੀਆਂ ਥਾਵਾਂ ’ਤੇ ਜਮਹੂਰੀ ਅਧਿਕਾਰਾਂ ਦੀ ਲਹਿਰ ਨਾਲ ਜੁੜੇ ਪ੍ਰੋਫੈਸਰ, ਵਕੀਲ ਅਤੇ ਲੇਖਕ ਵੀ ਇਨ੍ਹਾਂ ਮੁਜ਼ਾਹਰਿਆਂ ਵਿਚ ਸਾਮਲ ਹੋਏ। ਬੁਲਾਰਿਆਂ ਨੇ 28 ਮਈ ਵਾਲੇ ਦਿਨ ਇਨਸਾਫ ਲਈ ਪਾਰਲੀਮੈਂਟ ਵੱਲ ਮਾਰਚ ਕਰਦਿਆਂ ਜਿਸ ਤਰ੍ਹਾਂ ਦਿੱਲੀ ਪੁਲਸ ਨੇ ਜਮਹੂਰੀਅਤ ਨੂੰ ਕਲੰਕਿਤ ਕੀਤਾ ਹੈ ਅਤੇ ਦੋਸ਼ੀ ਨੂੰ ਗਿ੍ਰਫਤਾਰ ਕਰਨ ਦੀ ਜਗ੍ਹਾ ਮਹਿਲਾ ਭਲਵਾਨਾਂ ’ਤੇ ਮੁਕੱਦਮਾ ਦਰਜ ਕਰਕੇ ਸ਼ਰਮਸਾਰ ਕੀਤਾ ਹੈ। ਭਾਜਪਾ ਦੀ ਤਾਨਾਸ਼ਾਹ ਅਤੇ ਔਰਤ ਵਿਰੋਧੀ ਸੋਚ ਨੂੰ ਨਿਸ਼ਾਨੇ ’ਤੇ ਰੱਖਦਿਆਂ ਭਲਵਾਨਾਂ ਅਤੇ ਉਨ੍ਹਾਂ ਦੇ ਸਮਰਥਕਾਂ ਨਾਲ ਕੀਤੇ ਦੁਰਵਿਹਾਰ ਨੂੰ ਸੰਘਰਸ਼ ਕਰਨ ਦੇ ਜਮਹੂਰੀ ਹੱਕ ਨੂੰ ਚੁਣੌਤੀ ਗਰਦਾਨਿਆ। ਉਨ੍ਹਾਂ ਮੰਗ ਕੀਤੀ ਕਿ ਭਲਵਾਨਾਂ ਨੂੰ ਇਨਸਾਫ ਲਈ ਆਪਣੀ ਆਵਾਜ਼ ਬੁਲੰਦ ਕਰਨ ਲਈ ਦਿੱਲੀ ਦੇ ਜੰਤਰ ਮੰਤਰ ਵਿਖੇ ਧਰਨਾ ਪ੍ਰਦਰਸ਼ਨ ਕਰਨ ਲਈ ਥਾਂ ਦਿੱਤੀ ਜਾਵੇ। ਬੁਲਾਰਿਆਂ ਕਿਹਾ ਕਿ ਭਾਜਪਾ ਔਰਤਾਂ ਵਿਰੁੱਧ ਅਪਰਾਧ ਕਰਨ ਵਾਲੇ ਦੋਸ਼ੀਆਂ ਨੂੰ ਸ਼ਰਨ ਦੇਣ ਵਾਲੀ ਦੁਕਾਨ ਬਣ ਗਈ ਹੈ। ਇਸੇ ਲਈ ਪੋਸਕੋ ਵਰਗੇ ਗੰਭੀਰ ਅਪਰਾਧ ਵਿੱਚ ਕੇਸ ਦਰਜ ਹੋਣ ਦੇ ਬਾਵਜੂਦ ਬਿ੍ਰਜ ਭੂਸ਼ਣ ਸ਼ਰਣ ਸਿੰਘ ਨੂੰ ਬਚਾਉਣ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ, ਜਦੋਂ ਕਿ ਭਲਵਾਨਾਂ ਦੇ ਸੰਘਰਸ਼ ਨੂੰ ਬਦਨਾਮ ਕਰਕੇ ਕੁਚਲਣ ਦੇ ਯਤਨ ਕੀਤੇ ਜਾ ਰਹੇ ਹਨ। ਬੁਲਾਰਿਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ 7 ਜੂਨ ਨੂੰ ਦਿੱਲੀ ਵਿਖੇ ਹੋ ਰਹੀ ਮੀਟਿੰਗ ’ਚ ਸੰਘਰਸ਼ ਸੰਬੰਧੀ ਵਿਚਾਰ -ਵਟਾਂਦਰਾ ਕੀਤਾ ਜਾਵੇਗਾ।
ਅਰਥੀ ਫੂਕ ਮੁਜ਼ਾਹਰਿਆਂ ਦੀ ਅਗਵਾਈ ਹਰਿੰਦਰ ਸਿੰਘ ਲੱਖੋਵਾਲ, ਡਾ. ਦਰਸ਼ਨਪਾਲ, ਨਿਰਭੈ ਸਿੰਘ ਢੁੱਡੀਕੇ, ਬੂਟਾ ਸਿੰਘ ਬੁਰਜ ਗਿੱਲ, ਮਨਜੀਤ ਸਿੰਘ ਰਾਏ, ਬਲਦੇਵ ਸਿੰਘ ਨਿਹਾਲਗੜ੍ਹ, ਸਤਨਾਮ ਸਿੰਘ ਬਹਿਰੂ, ਰੁਲਦੂ ਸਿੰਘ ਮਾਨਸਾ, ਜੰਗਵੀਰ ਸਿੰਘ ਚੌਹਾਨ, ਵੀਰ ਸਿੰਘ ਬੜਵਾ, ਬਲਜੀਤ ਸਿੰਘ ਗਰੇਵਾਲ, ਮਨਜੀਤ ਸਿੰਘ ਧਨੇਰ, ਡਾ. ਸਤਨਾਮ ਸਿੰਘ ਅਜਨਾਲਾ, ਵੀਰਪਾਲ ਸਿੰਘ ਢਿੱਲੋਂ, ਫੁਰਮਾਨ ਸਿੰਘ ਸੰਧੂ, ਰਣਜੀਤ ਕੌਰ ਰਾਜੂ, ਹਰਬੰਸ ਸਿੰਘ ਸੰਘਾ, ਮਲੂਕ ਸਿੰਘ ਹੀਰਕੇ, ਹਰਜੀਤ ਸਿੰਘ ਰਵੀ, ਬਲਵਿੰਦਰ ਸਿੰਘ ਰਾਜੂ ਔਲਖ, ਬਲਵਿੰਦਰ ਸਿੰਘ ਮੱਲੀਨੰਗਲ, ਬਿੰਦਰ ਸਿੰਘ ਗੋਲੇਵਾਲਾ, ਧਨਵੰਤ ਸਿੰਘ, ਕਿਰਨਜੀਤ ਸਿੰਘ ਸੇਖੋਂ, ਬੂਟਾ ਸਿੰਘ ਸਾਦੀਪੁਰ, ਕੁਲਦੀਪ ਸਿੰਘ ਵਜੀਦਪੁਰ, ਭੁਪਿੰਦਰ ਸਿੰਘ ਤੀਰਥਪੁਰਾ ਅਤੇ ਕਿਰਪਾ ਸਿੰਘ ਆਦਿ ਨੇ ਕੀਤੀ।
ਨਿਹਾਲ ਸਿੰਘ ਵਾਲਾ : ਸੰਯੁਕਤ ਕਿਸਾਨ ਮੋਰਚਾ, ਟਰੇਡ ਯੂਨੀਅਨਜ਼, ਨੌਜਵਾਨ, ਵਿਦਿਆਰਥੀ ਜਥੇਬੰਦੀਆਂ ਦੇ ਸੱਦੇ ਤਹਿਤ ਸੋਮਵਾਰ ਕੁਲ ਹਿੰਦ ਕਿਸਾਨ ਸਭਾ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਵੱਲੋਂ ਕੁਲਦੀਪ ਭੋਲਾ, ਜਗਜੀਤ ਸਿੰਘ ਨਿਹਾਲ ਸਿੰਘ ਵਾਲਾ, ਮਹਿੰਦਰ ਸਿੰਘ ਧੂੜਕੋਟ, ਗੁਰਦਿੱਤ ਸਿੰਘ ਦੀਨਾ, ਸਿਕੰਦਰ ਸਿੰਘ ਮਧੇਕੇ, ਹਰਭਜਨ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਸਰਪੰਚ, ਬੂਟਾ ਸਿੰਘ ਰਾਊਕੇ ਤੇ ਮੰਗਤ ਰਾਏ ਦੀ ਅਗਵਾਈ ਵਿੱਚ ਬੱਧਨੀ ਖੁਰਦ, ਰਾਊਕੇ ਕਲਾਂ, ਦੀਨਾ ਸਾਹਿਬ, ਸੈਦੋਕੇ, ਰਣਸੀਂਹ ਕਲਾਂ, ਬੀੜ ਰਾਊਕੇ, ਬੀੜ ਬੱਧਨੀ, ਧੂੜਕੋਟ ਰਣਸੀਂਹ, ਬਿਲਾਸਪੁਰ, ਰਣੀਆਂ, ਹਿੰਮਤਪੁਰਾ, ਨਿਹਾਲ ਸਿੰਘ ਵਾਲਾ ਵਿਖੇ ਵੀ ਭਲਵਾਨ ਲੜਕੀਆਂ ਦੇ ਹੱਕ ਵਿੱਚ ਬਿ੍ਰਜ ਭੂਸ਼ਣ ਸ਼ਰਣ ਸਿੰਘ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਉਕਤ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੜਕੀਆਂ ਨੇ 2021 ਵਿੱਚ ਪ੍ਰਧਾਨ ਮੰਤਰੀ ਨੂੰ ਨਿੱਜੀ ਤੌਰ ’ਤੇ ਮਿਲ ਕੇ ਕੁਸ਼ਤੀ ਸੰਘ ਦੇ ਮੁਖੀ ਵੱਲੋਂ ਲੜਕੀਆਂ ਨਾਲ ਕੀਤੀਆਂ ਜਾਂਦੀਆਂ ਗੈਰ-ਮਨੁੱਖੀ ਹਰਕਤਾਂ ਬਾਰੇ ਜਾਣੂ ਕਰਵਾਇਆ ਗਿਆ ਸੀ, ਪਰ ਕੇਂਦਰ ਸਰਕਾਰ ਵੱਲੋਂ ਬਿ੍ਰਜ ਭੂਸ਼ਣ ਸ਼ਰਣ ਸਿੰਘ ਵੱਲੋਂ ਕੀਤੀ ਜਾਂਦੀ ਕਥਿਤ ਗੁੰਡਾਗਰਦੀ ਨੂੰ ਰੋਕਣ ਲਈ ਕੋਈ ਕਾਰਵਾਈ ਨਹੀਂ ਕੀਤੀ। ਅੰਤ ’ਚ ਦੁਖੀ ਮਹਿਲਾ ਭਲਵਾਨਾਂ ਵੱਲੋਂ ਦਿੱਲੀ ਦੇ ਜੰਤਰ-ਮੰਤਰ ’ਤੇ ਜ਼ੋਰਦਾਰ ਸੰਘਰਸ਼ ਵਿੱਢਿਆ ਗਿਆ, ਜੋ ਲਗਾਤਾਰ ਇੱਕ ਮਹੀਨੇ ਤੋਂ ਉਪਰ ਤੱਕ ਚੱਲਿਆ, ਜਿਸ ਨੂੰ ਦੁਨੀਆ ਭਰ ’ਚੋਂ ਜ਼ੋਰਦਾਰ ਹਮਾਇਤ ਮਿਲ ਰਹੀ ਸੀ, ਪਰ ਤਾਨਾਸ਼ਾਹ ਸਰਕਾਰ ਵੱਲੋਂ ਡੰਡੇ ਦੇ ਜ਼ੋਰ ਨਾਲ ਉਸ ਮੋਰਚੇ ਨੂੰ ਇੱਕ ਵਾਰ ਉਖਾੜ ਦਿੱਤਾ ਗਿਆ ਹੈ। ਆਗੂਆਂ ਕਿਹਾ ਕਿ ਸਰਕਾਰ ਦੀ ਇਸ ਤਾਨਾਸਾਹੀ ਦਾ ਮੂੰਹ ਤੋੜ ਜੁਆਬ ਦੇਣ ਅਤੇ ਭਲਵਾਨ ਲੜਕੀਆਂ ਨੂੰ ਇਨਸਾਫ ਦੁਆਉਣ ਲਈ ਸੰਯੁਕਤ ਕਿਸਾਨ ਮੋਰਚਾ ਅਤੇ ਹੋਰ ਮਜ਼ਦੂਰ, ਨੌਜਵਾਨ, ਵਿਦਿਆਰਥੀ, ਜਨਤਕ, ਜਮਹੂਰੀ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਵੱਲੋਂ ਲੋਕ ਲਾਮਬੰਦੀ ਮੁਹਿੰਮ ਵਿੱਢ ਦਿੱਤੀ ਗਈ ਹੈ। ਜੇ ਫਿਰ ਵੀ ਇਨਸਾਫ ਨਾ ਮਿਲਿਆ ਤਾਂ ਮੁੜ ਤੋਂ ਜੰਤਰ ਮੰਤਰ ਵੱਲ ਵਹੀਰਾਂ ਘੱਤੀਆਂ ਜਾਣਗੀਆਂ ਤੇ ਪੱਕਾ ਮੋਰਚਾ ਗੱਡਿਆ ਜਾਵੇਗਾ।
ਇਸ ਮੌਕੇ ਇੰਦਰਜੀਤ ਸਿੰਘ ਦੀਨਾ, ਬਲਰਾਜ ਸਿੰਘ ਬੱਧਨੀ, ਕੁਲਵਿੰਦਰ ਦੀਨਾ, ਚਰੰਜੀ ਲਾਲ, ਦਵਿੰਦਰ ਸਿੰਘ ਮੈਂਬਰ, ਅਮਰਜੀਤ ਦੀਨਾ ਲੇਖਕ, ਜਗਸੀਰ ਸਿੰਘ ਧੂੜਕੋਟ, ਕੇਵਲ ਰਾਊਕੇ, ਰਘਵੀਰ ਸਿੰਘ, ਲਛਮਣ ਸਿੰਘ ਸੈਦੋਕੇ, ਮਿੱਠੂ ਸੈਦੋਕੇ, ਸਮੁੰਦਰ ਸਿੰਘ, ਗੁਰਪ੍ਰੀਤ ਕੌਰ, ਸ਼ਮਿੰਦਰ ਬੀੜ ਬੱਧਨੀ ਤੇ ਕਿਰਨਜੀਤ ਕੌਰ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
ਅੰਮਿ੍ਰਤਸਰ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਪਰ ਸੋਮਵਾਰ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਵੱਲੋਂ ਅੰਮਿ੍ਰਤਸਰ ਜ਼ਿਲ੍ਹੇ ਅੰਦਰ ਵੱਖ-ਵੱਖ ਥਾਵਾਂ ਉੱਪਰ ਮਹਿਲਾ ਭਲਵਾਨਾਂ ਨਾਲ ਇਨਸਾਫ ਨਾ ਕਰਨ ਅਤੇ ਬਿ੍ਰਜ ਭੂਸ਼ਣ ਸਿੰਘ ਦੀ ਗਿ੍ਰਫਤਾਰੀ ਦੀ ਮੰਗ ਨੂੰ ਲੈ ਕੇ ਉਸ ਦੇ ਪੁਤਲੇ ਫੂਕੇ ਗਏ। ਵੱਖ-ਵੱਖ ਥਾਵਾਂ ਉਪਰ ਇਕੱਠ ਨੂੰ ਸੰਬੋਧਨ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਲਖਬੀਰ ਸਿੰਘ ਨਿਜ਼ਾਮਪੁਰ, ਬਲਕਾਰ ਸਿੰਘ ਦੁਧਾਲਾ, ਬਲਦੇਵ ਸਿੰਘ ਵੇਰਕਾ, ਕੁਲਵੰਤ ਬਾਵਾ, ਨਰਿੰਦਰ ਸੈਦੋਲੇਹਲ, ਭੁਪਿੰਦਰ ਸਿੰਘ ਤੀਰਥਪੁਰਾ, ਮੰਗਲ ਸਿੰਘ ਖਜਾਲਾ, ਗੁਰਦੀਪ ਸਿੰਘ ਗੁਰੂਵਾਲੀ, ਲਖਵਿੰਦਰ ਸਿੰਘ ਗੋਪਾਲਪੁਰ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਸ਼ਹਿ ਉੱਪਰ ਦਿੱਲੀ ਪੁਲਸ ਵੱਲੋਂ ਜਿਸ ਤਰ੍ਹਾਂ 28 ਮਈ ਨੂੰ ਦੇਸ਼ ਦਾ ਗੌਰਵ ਮਹਿਲਾ ਭਲਵਾਨਾਂ ਨਾਲ ਬਦਸਲੂਕੀ ਕੀਤੀ ਗਈ ਹੈ ਅਤੇ ਬਿ੍ਰਜ ਭੂਸ਼ਣ ਨੂੰ ਗਿ੍ਰਫਤਾਰ ਕਰਨ ਦੀ ਥਾਂ ਇਨਸਾਫ ਦੀ ਮੰਗ ਕਰਨ ਵਾਲੀਆਂ ਮਹਿਲਾ ਭਲਵਾਨਾਂ ’ਤੇ ਹੀ ਪਰਚਾ ਦਰਜ ਕਰਕੇ ਨਿਆਂ ਦੀ ਹੱਤਿਆ ਕੀਤੀ ਗਈ ਹੈ, ਉਸ ਖਿਲਾਫ ਪੂਰੇ ਦੇਸ਼ ਅੰਦਰ ਬਿ੍ਰਜ ਭੂਸ਼ਣ ਦੇ ਪੁਤਲੇ ਫੂਕੇ ਜਾ ਰਹੇ ਹਨ। ਉਹਨਾਂ ਕਿਹਾ ਕਿ ਅੱਜ ਪੂਰਾ ਦੇਸ਼ ਇਨਸਾਫ ਦੀ ਇਸ ਜੰਗ ਵਿੱਚ ਆਪਣੀਆਂ ਬੇਟੀਆਂ ਨਾਲ ਖੜਾ ਹੈ। ਜਦੋਂ ਤੱਕ ਦੋਸ਼ੀ ਨੂੰ ਗਿ੍ਰਫਤਾਰ ਨਹੀਂ ਕੀਤਾ ਜਾਂਦਾ, ਓਨਾ ਚਿਰ ਤੱਕ ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਸੰਘਰਸ਼ ਦੇ ਹਰ ਤਰੀਕੇ ਨਾਲ ਸਾਥ ਦੇਣਗੀਆਂ। ਕਿਸਾਨ ਅਤੇ ਖੇਤ ਮਜ਼ਦੂਰ ਸਭਾ ਵੱਲੋਂ ਵੇਰਕਾ, ਵਰਪਾਲ, ਨਵਾਂ ਪਿੰਡ, ਖਜਾਲਾ, ਕੱਥੂਨੰਗਲ, ਚਵਿੰਡਾ ਦੇਵੀ, ਲਹਿਰਕਾ ਅਤੇ ਅਬਦਾਲ ਵਿਖੇ ਬਿ੍ਰਜ ਭੂਸ਼ਣ ਦੇ ਪੁਤਲੇ ਫੂਕੇ ਗਏ।
ਪੰਜਾਬ ਖੇਤ ਮਜ਼ਦੂਰ ਸਭਾ ਵੱਲੋਂ ਲਾਂਬੜਾ ਅਤੇ ਭੋਗਪੁਰ ਵਿਖ਼ੇ ਪ੍ਰਧਾਨ ਮੰਤਰੀ ਦੇ ਚਹੇਤੇ ਬਿ੍ਰਜ ਭੂਸ਼ਣ ਦਾ ਪੁਤਲਾ ਫੂਕਿਆ ਗਿਆ। ਸੀ ਪੀ ਆਈ ਜ਼ਿਲ੍ਹਾ ਜਲੰਧਰ ਦੇ ਸਕੱਤਰ ਰਸ਼ਪਾਲ ਕੈਲੇ, ਮਜ਼ਦੂਰ ਸਭਾ ਦੇ ਜ਼ਿਲ੍ਹਾ ਆਗੂ ਵੀਰ ਕੁਮਾਰ, ਸੁੱਖਾ ਪਵਾਰ ਤੇ ਲਹਿੰਬਰ ਸਿੰਘ ਸਰਪੰਚ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੇਟੀ ਬਚਾਓ, ਬੇਟੀ ਪੜ੍ਹਾਓ ਦੇ ਫੋਕੇ ਦਮਗਜ਼ੇ ਮਾਰਨ ਵਾਲੀ ਸਰਕਾਰ ਸ਼ਰੇਆਮ ਦੋਸ਼ੀ ਦੇ ਪੱਖ ਵਿਚ ਭੁਗਤ ਰਹੀ ਹੈ। ਗੁੰਡਿਆਂ ਨੂੰ ਜੇਲ੍ਹ ਵਿੱਚ ਸੁੱਟਣ ਦੀ ਬਜਾਏ ਪੀੜਤ ਖਿਡਾਰੀਆਂ ਖਿਲਾਫ਼ ਹੀ ਪਰਚੇ ਦਰਜ ਕਰਕੇ ਦੋਸ਼ੀਆਂ ਦੀ ਪੁਸ਼ਤਪਨਾਹੀ ਕਰ ਰਹੀ ਹੈ। ਉਪਰੋਕਤ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਬਿ੍ਰਜ ਭੂਸ਼ਣ ਨੂੰ ਗਿ੍ਰਫਤਾਰ ਕਰਕੇ ਜੇਲ੍ਹ ਵਿੱਚ ਨਾ ਸੁੱਟਿਆ ਤਾਂ 9 ਜੂਨ ਨੂੰ ਪੂਰੇ ਦੇਸ਼ ਵਿੱਚ ਜ਼ਬਰਦਸਤ ਐਕਸ਼ਨ ਕੀਤੇ ਜਾਣਗੇ।
ਇਸ ਮੌਕੇ ਕਿਸਾਨ ਸਭਾ ਦੇ ਆਗੂ ਹਰਜਿੰਦਰ ਮੌਜੀ, ਕੇਵਲ ਸਿੰਘ ਹਜ਼ਾਰਾ, ਬਿੰਦੂ ਚਾਂਦਪੁਰ, ਭਾਗ ਰਾਮ ਚਿੱਟੀ, ਭੋਲਾ ਕਾਲਾ ਬੱਕਰਾ, ਭੀਮ ਆਰਮੀ ਦੇ ਆਗੂ ਜਸ ਕਲਿਆਣ, ਪਰਮਜੀਤ, ਸੁਰਿੰਦਰ ਸਿੰਘ, ਸੋਨੀਆ, ਸਤਿਆ ਦੇਵੀ ਤੇ ਪਾਲੋ ਆਦਿ ਹਾਜ਼ਰ ਸਨ।
ਮਹਿਤਪੁਰ ਵਿਖੇ ਕੁੱਲ ਹਿੰਦ ਕਿਸਾਨ ਸਭਾ ਦੇ ਝੰਡੇ ਹੇਠ ਇਕੱਠੇ ਹੋਏ ਇਲਾਕੇ ਦੇ ਕਿਸਾਨਾਂ ਤੇ ਭਲਵਾਨਾਂ ਵੱਲੋਂ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ।





